
ਦੁਬਈ – IPL ਦੇ ਦੂਜੇ ਦਿਨ ਵਿਵਾਦ ਪੈਦਾ ਹੋ ਗਿਆ ਸੀ। ਲੰਘੇ ਐਤਵਾਰ ਨੂੰ ਦਿੱਲੀ ਕੈਪੀਟਲਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਕਾਰ ਖੇਡੇ ਗਏ ਮੈਚ ਦਾ ਫ਼ੈਸਲਾ ਸੁਪਰ ਓਵਰ ਤੋਂ ਕੀਤਾ ਗਿਆ। ਟੀਚੇ ਦਾ ਪਿੱਛਾ ਕਰਦੇ ਹੋਏ ਪੰਜਾਬ ਦੇ ਬੱਲੇਬਾਜ਼ ਨਿਕੋਲਸ ਪੂਰਨ ਵਲੋਂ ਲਏ ਗਏ ਇੱਕ ਰਨ ਨੂੰ ਅੰਪਾਇਰ ਨਿਤਿਨ ਮੈਨਨ ਨੇ ਸ਼ੌਰਟ ਕਰਾਰ ਦਿੱਤਾ ਜਿਸ ਨੂੰ ਲੈ ਕੇ ਵਿਵਾਦ ਹੋ ਰਿਹਾ ਹੈ।
ਇਸ ਵਿਵਾਦ ‘ਤੇ ਪੰਜਾਬ ਟੀਮ ਦੀ ਮਾਲਿਕਾਨਾ ਹੱਕ ਰੱਖਣ ਵਾਲੀ ਪ੍ਰੀਟੀ ਜ਼ਿੰਟਾ ਨੇ ਟਵੀਟ ਕਰਦਿਆ ਲਿਖਿਆ, ”ਮਹਾਂਮਾਰੀ ਦੌਰਾਨ ਅਸੀਂ ਕਾਫ਼ੀ ਜੋਸ਼ ਨਾਲ ਯਾਤਰਾ ਕੀਤੀ ਅਤੇ ਛੇ ਦਿਨ ਕੁਐਰਨਟੀਨ ‘ਚ ਵੀ ਬਿਤਾਏ ਅਤੇ ਪੰਜ ਕੋਟਿਡ ਟੈੱਸਟ ‘ਚ ਹੱਸਦਿਆਂ-ਹੱਸਦਿਆਂ ਗੁਜ਼ਾਰ ਦਿੱਤੇ, ਪਰ ਇਸ ਇੱਕ ਸ਼ੌਰਟ ਰਨ ਨੇ ਮੈਨੂੰ ਹਿੱਲਾ ਕੇ ਰੱਖ ਦਿੱਤਾ। ਜੇਕਰ ਤਕਨੀਕ ਦਾ ਸਹੀ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਤਾਂ ਇਸ ਦੇ ਹੋਣ ਦਾ ਕੀ ਮਤਲਬ? ਇਹ ਸਮਾਂ ਹੈ BCCI ਨਵੇਂ ਰੂਲ ਬਣਾਏ, ਅਜਿਹਾ ਹਰ ਸਾਲ ਨਹੀਂ ਹੋਣਾ ਚਾਹੀਦਾ।”
ਫ਼ਿਰ ਉਸ ਨੇ ਟਵੀਟ ਕਰਦਿਆ ਲਿਖਿਆ, ”ਮੈਂ ਹਾਰ ਜਾਂ ਜਿੱਤ ਨੂੰ ਖੇਡ ਭਾਵਨਾ ਨਾਲ ਸਵੀਕਾਰ ਕਰਨ ‘ਚ ਵਿਸ਼ਵਾਸ ਰੱਖਦੀ ਹਾਂ ਪਰ ਨੀਤੀ ‘ਚ ਤਬਦੀਲੀ ਲਈ ਪੁੱਛਣਾ ਮਹੱਤਵਪੂਰਨ ਹੈ ਜੋ ਭਵਿੱਖ ‘ਚ ਸਾਰਿਆਂ ਲਈ ਸਹੀ ਹੋਵੇਗਾ। ਜੋ ਹੋਇਆ ਸੋ ਹੋਇਆ, ਹੁਣ ਅੱਗੇ ਵਧਣ ਦੀ ਵਾਰੀ ਹੈ। ਇਸ ਲਈ ਅੱਗੇ ਦੇਖ ਰਹੀ ਹਾਂ, ਹਮੇਸ਼ਾ ਸਕਾਰਤਮਕ ਹਾਂ।”












