ਔਰਤਾਂ ਨੂੰ ਸੰਘਰਸ਼ ’ਚ ਮਿਲੀ ਜਿੱਤ, ਹੁਣ ਤ੍ਰਿਯੰਬਕੇਸ਼ਵਰ ਮੰਦਰ ’ਚ ਕੀਤਾ ਪ੍ਰਵੇਸ਼

4ਨਾਸਿਕ- ਮਹਾਰਾਸ਼ਟਰ ’ਚ ਨਾਸਿਕ ਦੇ ਤ੍ਰਿਯੰਬਕੇਸ਼ਵਰ ਮੰਦਰ ’ਚ ਪ੍ਰਵੇਸ਼ ਕਰਨ ਦੇ ਸੰਘਰਸ਼ ’ਚ ਆਖਿਰਕਾਰ ਔਰਤਾਂ ਨੂੰ ਸਫਲਤਾ ਮਿਲ ਹੀ ਗਈ ਹੈ। ਮੰਦਰ ਪ੍ਰਸ਼ਾਸਨ ਨੇ ਔਰਤਾਂ ਨੂੰ ਇਸ ਸ਼ਰਤ ਦੇ ਨਾਲ ਮੰਦਰ ’ਚ ਪ੍ਰਵੇਸ਼ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਕਿ ਉਹ ਪਵਿੱਤਰ ਇਸ਼ਨਾਨ ਅਤੇ ਗਿੱਲੇ ਕੱਪੜਿਆਂ ’ਚ ਮੰਦਰ ਦੇ ਅੰਦਰ ਜਾ ਸਕਦੀਆਂ ਹਨ। ਸਵਰਾਜ ਮਹਿਲਾ ਸੰਗਠਨ ਦੀ ਮੁਖੀ ਵਨਿਤਾ ਗੱਟੇ ਨੇ ਕਿਹਾ ਕਿ ਉਨ੍ਹਾਂ ਨੇ ਆਪਣੀਆਂ ਸਹਿਯੋਗੀਆਂ ਨਾਲ ਸਵੇਰੇ ਲਗਭਗ 6.05 ਵਜੇ ਦਰਸ਼ਨ ਕੀਤੇ। ਉਨ੍ਹਾਂ ਨੇ ਕਿਹਾ ਕਿ ਦਰਸ਼ਨ ਕਰਕੇ ਸਾਨੂੰ ਬਹੁਤ ਖੁਸ਼ੀ ਹੋਈ ਪਰ ਸਾਨੂੰ ਸਖਤ ਮੁਕਾਬਲਾ ਕਰਨਾ ਪਿਆ। ਬੀਤੇ ਦਿਨ ਸਾਡੇ ’ਤੇ ਹਮਲਾ ਕੀਤਾ ਗਿਆ ਪਰ ਇਹ ਔਰਤ ਸ਼ਕਤੀ ਦੀ ਜਿੱਤ ਹੈ।
ਵਨਿਤਾ ਨੇ ਕਿਹਾ ਕੰਪਲੈਕਸ ’ਚ ਸਹਾਇਕ ਪੁਲਸ ਮੁਪਰਡੈਂਟ ਪ੍ਰਵੀਣ ਮੁੰਡੇ ਅਤੇ ਹੋਰਾਂ ਦੀ ਅਗਵਾਈ ’ਚ ਪੁਲਸ ਦਾ ਸਖਤ ਬੰਦੋਬਸਤ ਸੀ। ਮੰਦਰ ’ਚ ਭੀੜ ਘੱਟ ਸੀ ਅਤੇ ਛੋਟੀ ਲਾਈਨ ਲੱਗੀ ਸੀ ਪਰ ਸਾਨੂੰ ਗਰਭ ਗ੍ਰਹਿ ’ਚ ਪ੍ਰਵੇਸ਼ ਅਤੇ ਦਰਸ਼ਨ ਕਰਨ ਦਿੱਤੇ ਗਏ। ਮੰਦਰ ਦੇ ਗਰਭ ਗ੍ਰਹਿ ’ਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰਨ ’ਤੇ ਵਨਿਤਾ ਅਤੇ ਲਗਭਗ 14 ਔਰਤਾਂ ਦੀ ਕਈ ਪੁਜਾਰੀ, ਨਗਰ-ਨਿਗਮ ਦੇ ਪ੍ਰਧਾਨ ਅਤੇ ਪਿੰਡ ਵਾਸੀਆਂ ਨੇ ਕੁੱਟਮਾਰ ਕੀਤੀ। ਬਾਅਦ ’ਚ ਉਨ੍ਹਾਂ ਨੇ ਭਾਰਤੀ ਸਜ਼ਾ ਜ਼ਾਬਤਾ ਅਤੇ ਮਹਾਰਾਸ਼ਟਰ ਹਿੰਦੂ ਜਨਤਕ ਪੂਜਾ ਸਥਾਨ ਐਕਟ ਦੀਆਂ ਵੱਖ-ਵੱਖ ਧਰਾਵਾਂ ਦੇ ਤਹਿਤ ਰਿਪੋਰਟ ਦਰਜ ਕਰਵਾਈ। ਡਾ. ਮੁੰਡੇ ਨੇ ਦੱਸਿਆ ਕਿ ਇਸ ਘਟਨਾ ਦੇ ਸਿਲਸਿਲੇ ’ਚ ਧਾਰਾ 354 ਸਮੇਤ ਕਈ ਹੋਰ ਮਾਮਲੇ ਵੀ ਦਰਜ ਕੀਤੇ ਗਏ ਹਨ ਅਤੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮੁੱਦੇ ’ਤੇ ਆਪਣਾ ਵਿਰੋਧ ਜਤਾਉਂਦੇ ਹੋਏ ਸਥਾਨਕ ਲੋਕਾਂ ਨੇ ਬੰਦ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਦੋ ਹਫਤੇ ਪਹਿਲਾਂ ਔਰਤਾਂ ਨੇ ਸੂਬੇ ਦੇ ਸ਼ਨੀ  ਸ਼ਿੰਗਣਾਪੁਰ ਮੰਦਰ ’ਚ ਪ੍ਰਵੇਸ਼ ਕੀਤਾ ਸੀ।