ਅੱਤਵਾਦੀ ਸੰਗਠਨ ‘ਹਿਜ਼ਬੁਲ ਮੁਜਾਹਿਦੀਨ’ ਨੇ ਚਿੱਠੀ ਜ਼ਰੀਏ ਜੰਮੂ ਦੇ ਨੇਤਾਵਾਂ ਨੂੰ ਦਿੱਤੀ ਧਮਕੀ

Image Courtesy :jagbani(punjabkesar)

ਜੰਮੂ —ਪੁਲਸ ਨੇ ਕਾਂਗਰਸ ਦੇ ਇਕ ਸੀਨੀਅਰ ਨੇਤਾ ਨੂੰ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਤੋਂ ਧਮਕੀ ਭਰੀ ਚਿੱਠੀ ਮਿਲਣ ਤੋਂ ਬਾਅਦ ਐੱਫ. ਆਈ. ਆਰ. ਦਰਜ ਕੀਤੀ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਉਰਦੂ ‘ਚ ਲਿਖੀ ਦੋ ਪੰਨਿਆਂ ਦੀ ਚਿੱਠੀ ‘ਚ ਧਮਕੀ ਦਿੱਤੀ ਗਈ ਹੈ ਕਿ ਜੇਕਰ ਜੰਮੂ ਖੇਤਰ ਦੇ ਮੁੱਖ ਧਾਰਾ ਦੇ ਨੇਤਾ ਸਿਆਸਤ ਨਹੀਂ ਛੱਡਣਗੇ, ਤਾਂ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਇਸ ਵਿਚ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੂੰ ਵੀ ਨਿਸ਼ਾਨਾ ਬਣਾਉਣ ਦੀ ਗੱਲ ਆਖੀ ਗਈ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਚਿੱਠੀ ਅੱਤਵਾਦੀ ਸੰਗਠਨ ਦੇ ‘ਲੈਟਰ ਪੈਡ’ ‘ਤੇ ਲਿਖੀ ਗਈ ਹੈ। ਇਹ ਚਿੱਠੀ ਜੰਮੂ-ਕਸ਼ਮੀਰ ਕਾਂਗਰਸ ਦੇ ਸੀਨੀਅਰ ਉੱਪ ਪ੍ਰਧਾਨ ਅਤੇ ਸਾਬਕਾ ਮੰਤਰੀ ਰਮਨ ਭੱਲਾ ਨੂੰ ਉਨ੍ਹਾਂ ਦੇ ਹੈੱਡਕੁਆਰਟਰ ਵਿਚ ਡਾਕ ਜ਼ਰੀਏ ਭੇਜੀ ਗਈ।
ਓਧਰ ਜੰਮੂ ਦੇ ਸੀਨੀਅਰ ਪੁਲਸ ਅਧਿਕਾਰੀ ਸ਼੍ਰੀਧਰ ਪਾਟਿਲ ਨੇ ਕਿਹਾ ਕਿ ਅਸੀਂ ਸੰਬੰਧਤ ਧਾਰਾਵਾਂ ਤਹਿਤ ਇਕ ਮਾਮਲਾ ਦਰਜ ਕੀਤਾ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਭੱਲਾ ਨੇ ਕਿਹਾ ਕਿ ਚਿੱਠੀ ਮਿਲਣ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਪੁਲਸ ਨਾਲ ਸੰਪਰਕ ਕੀਤਾ, ਕਿਉਂਕਿ ਇਸ ਦੀ ਪੂਰੀ ਜਾਂਚ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਸੀਂ ਰਾਸ਼ਟਰ ਵਿਰੋਧੀ ਤੱਤਾਂ ਦੀਆਂ ਅਜਿਹੀਆਂ ਹਰਕਤਾਂ ਤੋਂ ਡਰਨ ਵਾਲੇ ਨਹੀਂ ਹਾਂ। ਪਿਛਲੇ 3 ਦਹਾਕੇ ਤੋਂ ਪਾਕਿਸਤਾਨ ਦੇ ਇਸ਼ਾਰੇ ‘ਤੇ ਜੰਮੂ-ਕਸ਼ਮੀਰ ਵਿਚ ਫੈਲਾਏ ਗਏ ਅੱਤਵਾਦ ਖ਼ਿਲਾਫ਼ ਅਸੀਂ ਖੜ੍ਹੇ ਹਾਂ ਅਤੇ ਜੰਮੂ-ਕਸ਼ਮੀਰ ਨੂੰ ਅੱਤਵਾਦ ਮੁਕਤ, ਸ਼ਾਂਤੀਪੂਰਨ ਅਤੇ ਖੁਸ਼ਹਾਲ ਬਣਾਉਣ ਲਈ ਆਪਣੀਆਂ ਜ਼ਿੰਮੇਵਾਰੀਆਂ ਦਾ ਪਾਲਣ ਕਰਦੇ ਰਹਾਂਗੇ।
ਚਿੱਠੀ ਵਿਚ ਹਿਜ਼ਬੁਲ ਮੁਜਾਹਿਦੀਨ ਦੇ ਇਕ ਕਮਾਂਡਰ ਦੇ ਦਸਤਖਤ ਹਨ। ਚਿੱਠੀ ਵਿਚ ਕੇਂਦਰੀ ਮੰਤਰੀ ਸਿੰਘ, ਭੱਲਾ, ਜੰਮੂ-ਕਸ਼ਮੀਰ ਭਾਜਪਾ ਪ੍ਰਧਾਨ ਰਵਿੰਦਰ ਰੈਨਾ, ਸਾਬਕਾ ਉੱਪ ਮੁੱਖ ਮੰਤਰੀ ਨਿਰਮਲ ਸਿੰਘ, ਨੈਸ਼ਨਲ ਕਾਨਫਰੰਸ (ਨੇਕਾਂ) ਦੇ ਸੂਬਾਈ ਪ੍ਰਧਾਨ ਦਵਿੰਦਰ ਰਾਣਾ ਡੋਗਰਾ, ਸਵਾਭਿਮਾਨ ਸੰਗਠਨ ਦੇ ਨੇਤਾ ਚੌਧਰੀ ਲਾਲ ਸਿੰਘ ਅਤੇ ਨੈਸ਼ਨਲ ਪੈਥਰਸ ਪਾਰਟੀ ਦੇ ਪ੍ਰਧਾਨ ਹਰਸ਼ ਦੇਵ ਤੋਂ ਇਲਾਵਾ ਕਈ ਹੋਰ ਸਾਬਕਾ ਮੰਤਰੀਆਂ, ਵਿਧਾਇਕਾਂ, ਖੇਤਰੀ ਦਲਾਂ ਦੇ 17 ਨੇਤਾਵਾਂ ਦੇ ਨਾਂ ਹਨ। ਚਿੱਠੀ ਵਿਚ ਕਿਹਾ ਕਿ ਅਸੀਂ ਤੁਹਾਨੂੰ ਚਿਤਾਵਨੀ ਦਿੰਦੇ ਹਾਂ ਕਿ ਰਾਜਨੀਤੀ ਛੱਡ ਦਿਓ ਅਤੇ ਆਜ਼ਾਦੀ ਲਈ ਸਾਡੀ ਲੜਾਈ ‘ਚ ਸਾਡਾ ਸਾਥ ਦਿਓ, ਨਹੀਂ ਤਾਂ ਤੁਹਾਡੇ ਖ਼ਿਲਾਫ਼ ਮੌਤ ਦਾ ਵਾਰੰਟ ਜਾਰੀ ਹੋ ਚੁੱਕਾ ਹੈ।
News Credit :jagbani(punjabkesar)