
ਨਵੀਂ ਦਿੱਲੀ— ਕਾਂਗਰਸ ਨੇ ਸ਼ਨੀਵਾਰ ਯਾਨੀ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਅਪੀਲ ਕੀਤੀ ਕਿ ਚੀਨ ਨਾਲ ਚੱਲ ਰਹੇ ਤਣਾਅ ਨੂੰ ਲੈ ਕੇ ਦੇਸ਼ ਨੂੰ ਭਰੋਸੇ ’ਚ ਲੈਣ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਸਵਾਲ ਕੀਤਾ ਕਿ ਚੀਨ ਨਾਲ ਵੱਖ-ਵੱਖ ਪੱਧਰਾਂ ’ਤੇ ਹੋਈ ਗੱਲਬਾਤ ਦਾ ਨਤੀਜਾ ਕੀ ਨਿਕਲਿਆ? ਉਨ੍ਹਾਂ ਨੇ ਇਕ ਵੀਡੀਓ ਜਾਰੀ ਕਰ ਕੇ ਕਿਹਾ ਕਿ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਚੀਨ ਦੇ ਰੱਖਿਆ ਮੰਤਰੀ ਨਾਲ ਗੱਲਬਾਤ ਕੀਤੀ। ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਨੇ ਆਪਣੇ ਚੀਨੀ ਹਮ ਰੁਤਬਾ ਨਾਲ ਗੱਲ ਕੀਤੀ। ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਆਪਣੇ ਚੀਨੀ ਹਮ ਰੁਤਬਾ ਨਾਲ ਗੱਲਬਾਤ ਕੀਤੀ। ਰਾਜਦੂਤ ਪੱਧਰ ’ਤੇ ਕਈ ਵਾਰ ਗੱਲਬਾਤ ਹੋਈ। ਇਨ੍ਹਾਂ ਗੱਲਬਾਤਾਂ ਦਾ ਨਤੀਜਾ ਕੀ ਨਿਕਲਿਆ?
ਸੁਰਜੇਵਾਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਅਤੇ ਰੱਖਿਆ ਮੰਤਰੀ ਜੀ, ਦੇਸ਼ ਨੂੰ ਭਰੋਸੇ ’ਚ ਲਓ। ਇਹ ਦੱਸੋ ਕਿ ਚੀਨ ਸਾਡੀ ਸਰਜਮੀਂ ਤੋਂ ਕਬਜ਼ਾ ਕਦੋਂ ਛੱਡੇਗਾ? ਚੀਨ ਨਾਲ ਕਦੋਂ ਅੱਖਾਂ ਵਿਚ ਅੱਖਾਂ ਪਾ ਕੇ ਗੱਲ ਹੋਵੇਗੀ? ਕਾਂਗਰਸ ਦੇ ਸੀਨੀਅਰ ਨੇਤਾ ਰਾਜੀਵ ਸ਼ੁਕਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਸਰਕਾਰ ਪੂਰੀ ਸਥਿਤੀ ਤੋਂ ਦੇਸ਼ ਨੂੰ ਜਾਣੂ ਕਰਵਾਏਗੀ। ਸਰਕਾਰ ਦੇ ਅੰਦਰ ਹੀ ਕਈ ਵਾਰ ਵਿਰੋਧੀ ਬਿਆਨ ਆਉਂਦੇ ਹਨ, ਜਿਸ ਨਾਲ ਚਿੰਤਾ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਉਮੀਦ ਕਰਦੀ ਹੈ ਕਿ ਸਰਕਾਰ ਇਸ ਮਾਮਲੇ ਦਾ ਗੱਲਬਾਤ ਰਾਹÄ ਹੱਲ ਕੱਢੇਗੀ ਅਤੇ ਦੇਸ਼ ਦੀ ਪ੍ਰਭੂਸੱਤਾ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ।
ਜ਼ਿਕਰਯੋਗ ਹੈ ਕਿ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਮਾਸਕੋ ਵਿਚ ਆਪਣੇ ਚੀਨੀ ਹਮ ਰੁਤਬਾ ਵੇਈ ਫੇਂਗਹੀ ਨਾਲ ਮੁਲਾਕਾਤ ਕੀਤੀ। ਅਧਿਕਾਰੀਆਂ ਮੁਤਾਬਕ ਰਾਜਨਾਥ ਸਿੰਘ ਨੇ ਆਪਣੇ ਵੇਈ ਫੇਂਗਹੀ ਨੂੰ ਦੋ ਟੁੱਕ ਕਿਹਾ ਕਿ ਚੀਨ ਨੇ ਲੱਦਾਖ ਵਿਚ ਸਥਿਤੀ ਬਦਲਣ ਦੀ ਕੋਸ਼ਿਸ਼ ਕੀਤੀ, ਜੋ ਦੋ-ਪੱਖੀ ਸਮਝੌਤਿਆਂ ਦਾ ਉਲੰਘਣ ਹੈ।
News Credit :jagbani(punjabkesar)















