ਦਿੱਲੀ ‘ਚ ਕੋਰੋਨਾ ਦੀ ਦਰ ਰਾਸ਼ਟਰੀ ਪੱਧਰ ਤੋਂ ਦੁੱਗਣੀ, 6 ਦਿਨਾਂ ‘ਚ 2000 ਤੋਂ ਜ਼ਿਆਦਾ ਮਰੀਜ਼

ਨਵੀਂ ਦਿੱਲੀ-ਦੇਸ਼ ਦੀ ਰਾਜਧਾਨੀ ਦਿੱਲੀ ‘ਚ ਕੋਰੋਨਾਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਹਾਲ ਇਹ ਹੈ ਕਿ ਦਿੱਲੀ ‘ਚ ਕੋਰੋਨਾ ਪੀੜਤਾਂ ਦੀ ਦਰ ਰਾਸ਼ਟਰੀ ਪੱਧਰ ਦੀ ਔਸਤ ਤੋਂ ਦੁੱਗਣੀ ਹੋ ਚੁੱਕੀ ਹੈ। ਜਦੋਂ ਦੇਸ਼ ‘ਚ ਕੋਰੋਨਾ ਫੈਲਣ ਲੱਗਾ ਤਾਂ ਦਿੱਲੀ ‘ਚ ਸ਼ੁਰੂਆਤੀ 60 ਦਿਨਾਂ ਦੌਰਾਨ 3515 ਮਰੀਜ਼ ਮਿਲੇ ਪਰ ਉਸ ਤੋਂ ਬਾਅਦ ਸਥਿਤੀ ਗੰਭੀਰ ਹੁੰਦੀ ਚਲੀ ਗਈ। ਇੱਥੇ ਸਿਰਫ 6 ਦਿਨਾਂ ‘ਚ 2000 ਤੋਂ ਜ਼ਿਆਦਾ ਕੋਰੋਨਾ ਇਨਫੈਕਟਡ ਮਰੀਜ਼ ਮਿਲੇ ਹਨ।
ਦਿੱਲੀ ‘ਚ ਮਈ ਮਹੀਨੇ ਦੀ ਸ਼ੁਰੂਆਤ ਤੋਂ ਹੀ ਪ੍ਰਤੀਦਿਨ 200 ਤੋਂ ਜ਼ਿਆਦਾ ਕੋਰੋਨਾ ਇਨਫੈਕਟਡ ਮਾਮਲੇ ਸਾਹਮਣੇ ਆ ਰਹੇ ਹਨ। 1 ਮਈ ਤੋਂ 6 ਮਈ ਤੱਕ ਦਿੱਲੀ ‘ਚ ਕੋਰੋਨਾ ਦੇ 2017 ਮਾਮਲੇ ਸਾਹਮਣੇ ਆ ਚੁੱਕੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਇਸ ਸਮੇਂ ਦਿੱਲੀ ‘ਚ ਕੋਰੋਨਾ ਦੀ ਜਾਂਚ ਚੰਗੀ ਤਰ੍ਹਾਂ ਹੋ ਰਹੀ ਹੈ। ਇੱਥੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਹੁਣ ਹੋਰ ਗਤੀ ਦੇਣੀ ਹੋਵੇਗੀ। ਇਕ ਇਹ ਕਾਰਨ ਹੈ ਕਿ ਦਿੱਲੀ ‘ਚ ਕੋਰੋਨਾ ਦੇ ਮਾਮਲਿਆਂ ‘ਚ ਤੇਜ਼ੀ ਆਈ ਹੈ।
8 ਫੀਸਦੀ ਹੋਏ ਦਿੱਲੀ ‘ਚ ਇਨਫੈਕਸ਼ਨ ਦੀ ਦਰ-
ਦਿੱਲੀ ਦੇ ਸਿਹਤ ਵਿਭਾਗ ਦਾ ਕਹਿਣਾ ਹੈ ਕਿ 2 ਮਾਰਚ ਨੂੰ ਦਿੱਲੀ ‘ਚ ਕੋਰੋਨਾ ਦਾ ਪਹਿਲਾ ਮਰੀਜ਼ ਮਿਲਿਆ ਹੈ। ਉਸ ਤੋਂ ਬਾਅਦ ਇੱਥੇ 30 ਅਪ੍ਰੈਲ ਤੱਕ ਮਰੀਜ਼ਾਂ ਦੀ ਗਿਣਤੀ 3515 ਸੀ ਪਰ ਮਈ ਦਾ ਮਹੀਨਾ ਸ਼ੁਰੂ ਹੁੰਦੇ ਹੀ ਮਰੀਜ਼ਾਂ ਦੀ ਗਿਣਤੀ ‘ਚ ਅੰਨ੍ਹੇਵਾਹ ਵਾਧਾ ਹੋਇਆ ਹੈ। ਅਜਿਹੇ ‘ਚ ਦਿੱਲੀ ‘ਚ ਇਨਫੈਕਸ਼ਨ ਦਰ 8 ਫੀਸਦੀ ਹੋ ਗਈ ਹੈ, ਜੋ ਰਾਸ਼ਟਰੀ ਪੱਧਰ ‘ਤੇ ਦੁੱਗਣੀ ਹੈ। ਇਸ ਦਾ ਮਤਲਬ ਦਿੱਲੀ ‘ਚ ਰਾਸ਼ਟਰੀ ਪੱਧਰ ਤੋਂ ਦੁੱਗਣੀ ਤੇਜ਼ੀ ਨਾਲ ਇਨਫੈਕਸ਼ਨ ਫੈਲ ਰਹੀ ਹੈ।
ਇਹ ਚਿੰਤਾਜਨਕ ਹੈ ਕਿ ਦੇਸ਼ ‘ਚ ਤੀਜਾ ਲਾਕਡਾਊਨ ਚੱਲ ਰਿਹਾ ਹੈ ਅਤੇ ਦਿੱਲੀ ‘ਚ ਮਈ ਦੇ ਮਹੀਨੇ ‘ਚ ਇੰਨੀ ਤੇਜ਼ੀ ਨਾਲ ਕੋਰੋਨਾ ਇਨਫੈਕਸ਼ਨ ਦਾ ਪ੍ਰਸਾਰ ਹੋਇਆ ਹੈ। ਅਜਿਹੇ ‘ਚ ਦਿੱਲੀ ਨੂੰ 17 ਮਈ ਤੋਂ ਬਾਅਦ ਵੀ ਖੋਲਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਹਾਲਾਂਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਪੱਸ਼ਟ ਕੀਤਾ ਹੈ ਕਿ ਇਹ ਇੰਨੀ ਜਲਦੀ ਠੀਕ ਹੋਣ ਵਾਲਾ ਨਹੀਂ ਹੈ, ਸਾਨੂੰ ਇਸ ਦੇ ਨਾਲ ਹੀ ਜੀਣਾ ਸਿੱਖਣਾ ਹੋਵੇਗਾ।
ਦੱਸਣਯੋਗ ਹੈ ਕਿ ਦਿੱਲੀ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 5980 ਤੱਕ ਪਹੁੰਚ ਗਈ ਹੈ। ਬੁੱਧਵਾਰ ਨੂੰ 448 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਕ ਵਿਅਕਤੀ ਦੀ ਮੌਤ ਹੋ ਗਈ। ਹੁਣ ਤੱਕ ਮ੍ਰਿਤਕਾਂ ਦੀ ਗਿਣਤੀ 66 ਤੱਕ ਪਹੁੰਚ ਗਈ ਹੈ।