ਸਾਲ 2020 ਦਾ 200 ਕਰੋੜੀ ਪੰਜਾਬੀ ਸਿਨਮਾ

ਸਪਨ ਮਨਚੰਦਾ
ਇਸ ਸਾਲ ਫ਼ਿਲਮਾਂ ਦੀ ਝੜੀ ਲੱਗਣ ਵਾਲੀ ਹੈ। ਦਰਸ਼ਕਾਂ ਨੂੰ ਇਸ ਸਾਲ ਲਗਭਗ 65 ਪੰਜਾਬੀ ਫ਼ਿਲਮਾਂ ਦੇਖਣ ਨੂੰ ਮਿਲਣਗੀਆਂ। ਲੰਘੇ ਸਾਲ 50 ਦੇ ਨੇੜੇ ਫ਼ਿਲਮਾਂ ਦੀ ਸ਼ੂਟਿੰਗ ਹੋਈ। ਦਰਜਨ ਤੋਂ ਵੱਧ ਫ਼ਿਲਮਾਂ ਦੀ ਸ਼ੂਟਿੰਗ ਚੱਲ ਰਹੀ ਹੈ ਅਤੇ ਏਨੀਆਂ ਹੀ ਸਟੂਡੀਓ ਵਿੱਚ ਪੋਸਟ ਪ੍ਰੋਡਕਸ਼ਨ ‘ਤੇ ਹਨ। ਡੇਢ ਦਰਜਨ ਦੇ ਨੇੜੇ ਅਜਿਹੀਆਂ ਫ਼ਿਲਮਾਂ ਹਨ ਜੋ ਕਾਫ਼ੀ ਸਮੇਂ ਤੋਂ ਬਣ ਕੇ ਤਿਆਰ ਹਨ ਪਰ ਰਿਲੀਜ਼ ਨਹੀਂ ਹੋਈਆਂ। ਮੋਟੇ ਅੰਦਾਜ਼ੇ ਮੁਤਾਬਿਕ, ਇਸ ਸਾਲ ਰਿਲੀਜ਼ ਹੋਣ ਵਾਲੀਆਂ ਇਨ੍ਹਾਂ ਫ਼ਿਲਮਾਂ ਨੂੰ ਬਣਾਉਣ ਦੀ ਲਾਗਤ 200 ਕਰੋੜ ਰੁਪਏ ਦੇ ਨੇੜੇ ਹੈ ਜਦੋਂਕਿ ਇਨ੍ਹਾਂ ਫ਼ਿਲਮਾਂ ਦੇ ਰਿਲੀਜ਼ ‘ਤੇ ਵੀ 60 ਤੋਂ 80 ਕਰੋੜ ਰੁਪਏ ਵੱਖਰੇ ਤੌਰ ‘ਤੇ ਖ਼ਰਚ ਹੋਣੇ ਹਨ। ਇੱਕ ਪੰਜਾਬੀ ਫ਼ਿਲਮ ਤਿਆਰ ਕਰਨ ਦੀ ਲਾਗਤ ਹੁਣ ਦੋ ਕਰੋੜ ਰੁਪਏ ਤੋਂ ਲੈ ਕੇ ਅੱਠ ਕਰੋੜ ਰੁਪਏ ਤਕ ਪਹੁੰਚ ਚੁੱਕੀ ਹੈ। ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਸਾਲ ਦੌਰਾਨ ਭਾਵੇਂ 5-7 ਫ਼ਿਲਮਾਂ ਹੀ ਅਜਿਹੀਆਂ ਹੁੰਦੀਆਂ ਹਨ ਜਿਹੜੀਆਂ ਦਰਸ਼ਕਾਂ ਦੀ ਪਸੰਦ ‘ਤੇ ਖਰੀਆਂ ਉਤਰਦੀਆਂ ਹਨ, ਭਾਵ ਮੋਟੀ ਕਮਾਈ ਕਰਦੀਆਂ ਹਨ। ਪੰਜਾਬੀ ਸਿਨਮਾ ਨਾਲ ਪੰਜਾਬ ਅਤੇ ਮੁੰਬਈ ਵਿੱਚ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ।
ਇਸ ਸਾਲ ਦੀ ਸ਼ੁਰੂਆਤ ਤਿੰਨ ਜਨਵਰੀ ਨੂੰ ਪੰਜਾਬੀ ਫ਼ਿਲਮ ਜਾਨ ਤੋਂ ਪਿਆਰਾ ਨਾਲ ਹੋ ਚੁੱਕੀ ਹੈ। ਹੁਣ ਲਗਭਗ ਹਰ ਹਫ਼ਤੇ ਅਤੇ ਕੁੱਝ ਹਫ਼ਤੇ ਦੋ ਦੋ ਪੰਜਾਬੀ ਫ਼ਿਲਮਾਂ ਵੀ ਰਿਲੀਜ਼ ਹੋਣਗੀਆਂ। ਇਨ੍ਹਾਂ ‘ਚੋਂ ਬਹੁਤੀਆਂ ਦੀ ਰਿਲੀਜ਼ ਮਿਤੀ ਦਾ ਐਲਾਨ ਕੀਤਾ ਜਾ ਚੁੱਕਾ ਹੈ ਅਤੇ ਕੁੱਝ ਅਜੇ ਢੁਕਵੀਂ ਮਿਤੀ ਦੀ ਇੰਤਜ਼ਾਰ ਵਿੱਚ ਹਨ।
ਜ਼ਖ਼ਮੀ (7 ਫ਼ਰਵਰੀ) ਪਿਛਲੇ ਸਾਲ ਤਿੰਨ ਪੰਜਾਬੀ ਫ਼ਿਲਮਾਂ ਵਿੱਚ ਨਜ਼ਰ ਆਏ ਦੇਵ ਖਰੌੜ ਦੀ ਇਹ ਇਸ ਸਾਲ ਦੀ ਪਹਿਲੀ ਫ਼ਿਲਮ ਹੈ। ਬਤੌਰ ਲੇਖਕ ਦੇਵ ਖਰੌੜ ਲਈ ਚਾਰ ਪੰਜਾਬੀ ਫ਼ਿਲਮਾਂ ਲਿਖ ਚੁੱਕੇ ਇੰਦਰਪਾਲ ਸਿੰਘ ਦੀ ਬਤੌਰ ਨਿਰਦੇਸ਼ਕ ਇਹ ਪਹਿਲੀ ਫ਼ਿਲਮ ਹੈ। ਫ਼ਿਲਮ ਦਾ ਟੀਜ਼ਰ ਦਰਸ਼ਕ ਦੇਖ ਚੁੱਕੇ ਹਨ। ਇਸ ਵਿੱਚ ਦੇਵ ਨਾਲ ਨਵਾਂ ਚਿਹਰਾ ਆਂਚਲ ਸਿੰਘ ਬਤੌਰ ਹੀਰੋਇਨ ਨਜ਼ਰ ਆਵੇਗਾ। ਇਹ ਪਰਿਵਾਰਕ ਅਤੇ ਐਕਸ਼ਨ ਡਰਾਮਾ ਫ਼ਿਲਮ ਹੈ ਜਿਸ ਵਿੱਚ ਨਾਇਕ ਆਪਣੇ ਪਰਿਵਾਰ ਲਈ ਗੁੰਡਿਆਂ ਨਾਲ ਭਿੜ ਜਾਂਦਾ ਹੈ।
ਸੁਫ਼ਨਾ (14 ਫ਼ਰਵਰੀ) ਵੈਲੇਨਟਾਈਨ ਡੇ ਮੌਕੇ ਰਿਲੀਜ਼ ਹੋ ਰਹੀ ਇਹ ਫ਼ਿਲਮ ਰਾਜਸਥਾਨ ਵਿੱਚ ਫ਼ਿਲਮਾਈ ਗਈ ਹੈ। ਇਸ ਦਾ ਨਿਰਦੇਸ਼ਕ ਅਤੇ ਲੇਖਕ ਜਗਦੀਪ ਸਿੰਘ ਸਿੱਧੂ ਅਤੇ ਹੀਰੋ ਐਮੀ ਵਿਰਕ ਹੈ। ਫ਼ਿਲਮ ਦੀ ਹੀਰੋਇਨ ਤਾਨੀਆ ਹੈ। ਸੰਨ ਔਫ਼ ਮਨਜੀਤ ਸਿੰਘ, ਕਿਸਮਤ, ਗੁੱਡੀਆਂ ਪਟੋਲੇ ਅਤੇ ਰੱਬ ਦਾ ਰੇਡੀਓ 2 ਵਿੱਚ ਕੰਮ ਕਰ ਚੁੱਕੀ ਤਾਨੀਆ ਦੀ ਬਤੌਰ ਮੁੱਖ ਨਾਇਕਾ ਇਹ ਪਹਿਲੀ ਫ਼ਿਲਮ ਹੈ। ਇਹ ਰੁਮਾਂਟਿਕ ਡਰਾਮਾ ਫ਼ਿਲਮ ਹੈ।
ਇੱਕ ਸੰਧੂ ਹੁੰਦਾ ਸੀ (28 ਫ਼ਰਵਰੀ) ਗਿੱਪੀ ਗਰੇਵਾਲ ਦੀ ਮੁੱਖ ਭੂਮਿਕਾ ਵਾਲੀ ਇਹ ਫ਼ਿਲਮ ਐਕਸ਼ਨ ਡਰਾਮਾ ਹੈ। ਰਾਕੇਸ਼ ਮਹਿਤਾ ਵਲੋਂ ਨਿਰਦੇਸ਼ਤ ਕੀਤੀ ਗਈ ਇਸ ਫ਼ਿਲਮ ਦੀ ਕਹਾਣੀ ਜੱਸ ਗਰੇਵਾਲ ਨੇ ਲਿਖੀ ਹੈ। ਇਸ ਵਿੱਚ ਬੌਲੀਵੁਡ ਅਦਾਕਾਰਾ ਅਤੇ ਮੌਡਲ ਨੇਹਾ ਸ਼ਰਮਾ ਬਤੌਰ ਹੀਰੋਇਨ ਨਜ਼ਰ ਆਵੇਗੀ। ਇਹ ਉਸ ਦੀ ਪਹਿਲੀ ਪੰਜਾਬੀ ਫ਼ਿਲਮ ਹੈ। ਇਹ ਫ਼ਿਲਮ ਇਸ ਸਾਲ ਦੀ ਪਹਿਲੀ ਐਕਸ਼ਨ ਫ਼ਿਲਮ ਹੋਵੇਗੀ।
ਜੋਰਾ ਦਾ ਨੈਕਸਟ ਚੈਪਟਰ (6 ਮਾਰਚ) ਅਮਰਦੀਪ ਸਿੰਘ ਗਿੱਲ ਦੀ ਲਿਖੀ ਅਤੇ ਨਿਰਦੇਸ਼ਤ ਇਹ ਫ਼ਿਲਮ ਉਸ ਦੀ ਪਲੇਠੀ ਫ਼ਿਲਮ ਜੋਰਾ ਦੀ ਅਗਲੀ ਕੜੀ ਹੈ। ਐਕਸ਼ਨ ਡਰਾਮਾ ਇਸ ਫ਼ਿਲਮ ਵਿੱਚ ਦੀਪ ਸਿੱਧੂ ਦੇ ਨਾਲ ਇਸ ਵਾਰ ਸਿੰਘਾ, ਮਾਹੀ ਗਿੱਲ, ਜਪਜੀ ਖਹਿਰਾ, ਸੋਨਪ੍ਰੀਤ ਜਵੰਦਾ, ਯਾਦ ਗਰੇਵਾਲ ਅਤੇ ਹੌਬੀ ਧਾਲੀਵਾਲ ਸਮੇਤ ਕਈ ਨਾਮੀਂ ਚਿਹਰੇ ਨਜ਼ਰ ਆਉਣਗੇ। ਇਸ ਫ਼ਿਲਮ ਦੇ ਟੀਜ਼ਰ ਨੇ ਦਰਸ਼ਕਾਂ ‘ਚ ਹੁਣੇ ਤੋਂ ਹੀ ਉਤਸੁਕਤਾ ਪੈਦਾ ਕਰ ਦਿੱਤੀ ਹੈ।
ਯਾਰ ਅਣਮੁੱਲੇ 2 (6 ਮਾਰਚ) ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਅਨੁਰਾਗ ਸਿੰਘ ਵਰਗੇ ਨਾਮੀ ਨਿਰਦੇਸ਼ਕ ਤੇ ਹਰੀਸ਼ ਵਰਗੇ ਦਿੱਗਜ ਅਦਾਕਾਰ ਦੇ ਪੈਰ ਜਮਾਉਣ ਵਾਲੀ ਫ਼ਿਲਮ ਯਾਰ ਅਣਮੁੱਲੇ ਦੀ ਅਗਲੀ ਸੀਰੀਜ਼ ਨੂੰ ਹੈਰੀ ਭੱਟੀ ਨੇ ਨਿਰਦੇਸ਼ਤ ਕੀਤਾ ਹੈ। ਇਸ ਵਿੱਚ ਹਰੀਸ਼ ਵਰਮਾ, ਯੁਵਰਾਜ ਹੰਸ ਅਤੇ ਪ੍ਰਭ ਗਿੱਲ ਨੇ ਮੁੱਖ ਭੂਮਿਕਾ ਨਿਭਾਈ ਹੈ। ਫ਼ਿਲਮ ਦੀਆਂ ਹੀਰੋਇਨਾਂ ਜੈਸਲੀਨ ਸਲੈਚ, ਨਿਕੀਤ ਕੌਰ ਢਿੱਲੋਂ ਅਤੇ ਨਵਪ੍ਰੀਤ ਬੰਗਾ ਹਨ।
ਇੱਕਮਿਕ (13 ਮਾਰਚ), ਦਾ ਬਲੈਕ ਪ੍ਰਿੰਸ ਤੋਂ ਬਾਅਦ ਗਾਇਕ ਡਾ. ਸਤਿੰਦਰ ਸਰਤਾਜ ਦੀ ਇਹ ਦੂਜੀ ਅਤੇ ਪਹਿਲੀ ਪੰਜਾਬੀ ਫ਼ਿਲਮ ਹੈ। ਇਸ ਫ਼ਿਲਮ ਨੂੰ ਵੀਡੀਓ ਨਿਰਦੇਸ਼ਕ ਤੋਂ ਫ਼ਿਲਮ ਨਿਰਦੇਸ਼ਕ ਬਣਨ ਜਾ ਰਹੇ ਪੰਕਜ ਵਰਮਾ ਨੇ ਨਿਰਦੇਸ਼ਤ ਕੀਤੀ ਹੈ। ਸਰਤਾਜ ਅਤੇ ਅਦਿੱਤੀ ਸ਼ਰਮਾ ਦੀ ਮੁੱਖ ਭੂਮਿਕਾ ਵਾਲੀ ਇਹ ਫ਼ਿਲਮ ਵੱਖਰੀ ਕਿਸਮ ਦੀ ਪ੍ਰੇਮ ਕਹਾਣੀ ਹੈ।
ਪੋਸਤੀ (20 ਮਾਰਚ) ਗਿੱਪੀ ਗਰੇਵਾਲ ਵਲੋਂ ਨਿਰਮਤ ਇਹ ਫ਼ਿਲਮ ਰਾਣਾ ਰਣਬੀਰ ਨੇ ਨਿਰਦੇਸ਼ਤ ਕੀਤੀ ਹੈ। ਉਸੇ ਵਲੋਂ ਹੀ ਲਿਖੀ ਗਈ ਇਹ ਫ਼ਿਲਮ ਰਾਣੇ ਦੀ ਬਤੌਰ ਨਿਰਦੇਸ਼ਕ ਦੂਜੀ ਪੰਜਾਬੀ ਫ਼ਿਲਮ ਹੈ। ਇਹ ਫ਼ਿਲਮ ਪੰਜਾਬ ਦੀ ਆਮ ਜ਼ਿੰਦਗੀ ਨਾਲ ਜੁੜੀ ਹੋਈ ਹੈ ਜੋ ਅਜੋਕੇ ਸਮਾਜ ਅਤੇ ਅਜੋਕੇ ਨੌਜਵਾਨਾਂ ਦੀ ਜ਼ਿੰਦਗੀ ਅਤੇ ਮਾਨਸਿਕਤਾ ਨਾਲ ਜੁੜੀ ਹੋਈ ਹੈ। ਇਸ ਵਿੱਚ ਪ੍ਰਿੰਸ ਕੰਵਲਜੀਤ ਸਿੰਘ, ਸੁਰੀਲੀ ਗੌਤਮ ਅਤੇ ਗਾਇਕ ਬੱਬਲ ਰਾਏ ਸਮੇਤ ਕਈ ਨਵੇਂ ਅਤੇ ਪੁਰਾਣੇ ਚਿਹਰੇ ਨਜ਼ਰ ਆਉਣਗੇ।
ਟੈਲੀਵਿਯਨ (10 ਅਪ੍ਰੈਲ) – ਕੁਲਵਿੰਦਰ ਬਿੱਲਾ ਅਤੇ ਮੈਂਡੀ ਤੱਖਰ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਨੂੰ ਤਾਜ ਨੇ ਨਿਰਦੇਸ਼ਤ ਕੀਤਾ ਹੈ। ਮਨਜਿੰਦਰ ਮਨੀ ਦੀ ਲਿਖੀ ਇਹ ਫ਼ਿਲਮ ਪਰਿਵਾਰਕ ਡਰਾਮਾ ਹੈ ਜਿਸ ਵਿੱਚ ਪੁਰਾਣੇ ਦੌਰ ਦੇ ਵੀ ਰੰਗ ਦੇਖਣ ਨੂੰ ਮਿਲਣਗੇ।
ਪੀ ਆਰ (1 ਮਈ) ਡੁੱਬਦੇ ਪੰਜਾਬੀ ਸਿਨਮਾ ਨੂੰ ਤਾਰਨ ਵਾਲੀਆਂ ਸ਼ਖ਼ਸੀਅਤਾਂ ‘ਚ ਸ਼ਾਮਿਲ ਹਰਭਜਨ ਮਾਨ ਦੀ ਇਹ ਫ਼ਿਲਮ ਪਰਵਾਸ ਦੀ ਸਮੱਸਿਆ ਨਾਲ ਹੀ ਜੁੜੀ ਇੱਕ ਖ਼ੂਬਸੂਰਤ ਕਹਾਣੀ ‘ਤੇ ਆਧਾਰਿਤ ਫ਼ਿਲਮ ਹੈ ਜਿਸ ਨੂੰ ਮਨਮੋਹਨ ਸਿੰਘ ਨੇ ਨਿਰਦੇਸ਼ਤ ਕੀਤਾ ਹੈ। ਹਰਭਜਨ ਮਾਨ ਅਤੇ ਮਨਮੋਹਨ ਸਿੰਘ ਦੀ ਜੋੜੀ ਇਸ ਫ਼ਿਲਮ ਜ਼ਰੀਏ ਕਰੀਬ 12 ਸਾਲਾਂ ਬਾਅਦ ਮੁੜ ਇੱਕਠੀ ਹੋਈ ਹੈ। ਇਸ ਫ਼ਿਲਮ ਦੀ ਹੀਰੋਇਨ ਦਿਲਬਰ ਆਰਿਆ ਹੈ।
ਮਾਂ (8 ਮਈ) ਰਾਣਾ ਰਣਬੀਰ ਦੀ ਲਿਖੀ ਅਤੇ ਬਲਜੀਤ ਸਿੰਘ ਦਿਓ ਵਲੋਂ ਨਿਰਦੇਸ਼ਤ ਕੀਤੀ ਜਾਣ ਵਾਲੀ ਇਸ ਫ਼ਿਲਮ ਦੇ ਵਿਸ਼ੇ ਦਾ ਪਤਾ ਫ਼ਿਲਮ ਦਾ ਸਿਰਲੇਖ ਤੋਂ ਹੀ ਲਗਾਇਆ ਜਾ ਸਕਦਾ ਹੈ। ਪਰਿਵਾਰ, ਸਮਾਜ ਅਤੇ ਮਾਂ ਦੀ ਅਹਿਮੀਅਤ ਨਾਲ ਜੁੜੀ ਇਸ ਫ਼ਿਲਮ ਜ਼ਰੀਏ ਨਾਮਵਰ ਅਦਾਕਾਰਾ ਦਿਵਿਆ ਦੱਤਾ ਕਰੀਬ ਇੱਕ ਦਹਾਕੇ ਬਾਅਦ ਕਿਸੇ ਪੰਜਾਬੀ ਫ਼ਿਲਮ ਵਿੱਚ ਦਿਖਾਈ ਦੇਵੇਗੀ।
ਡੈਡੀ ਕੂਲ ਮੁੰਡੇ ਫ਼ੂਲ 2 (15 ਮਈ) ਸਾਲ 2013 ਵਿੱਚ ਆਈ ਡੈਡੀ ਕੂਲ ਮੁੰਡੇ ਫ਼ੂਲ ਦੇ ਸੀਕੂਅਲ ਨੂੰ ਵੀ ਪਹਿਲੀ ਫ਼ਿਲਮ ਦੇ ਨਿਰਦੇਸ਼ਕ ਸਿਮਰਜੀਤ ਸਿੰਘ ਨੇ ਹੀ ਨਿਰਦੇਸ਼ਤ ਕੀਤਾ ਹੈ। ਇੰਗਲੈਂਡ ਵਿੱਚ ਫ਼ਿਲਮਾਈ ਗਈ ਇਸ ਫ਼ਿਲਮ ਵਿੱਚ ਇਸ ਵਾਰ ਰਣਜੀਤ ਬਾਵਾ, ਜੱਸੀ ਗਿੱਲ, ਜਸਵਿੰਦਰ ਭੱਲਾ, ਤਾਨੀਆ ਅਤੇ ਆਰੂਸ਼ੀ ਸ਼ਰਮਾ ਮੁੱਖ ਭੂਮਿਕਾ ਨਿਭਾ ਰਹੇ ਹਨ।
ਸਹੁਰਿਆਂ ਦਾ ਪਿੰਡ ਆ ਗਿਆ (29 ਮਈ) ਨਿਰਦੇਸ਼ਕ ਸ਼ਿਤਿਜ ਚੌਧਰੀ ਅਤੇ ਲੇਖਕ ਅੰਬਰਦੀਪ ਸਿੰਘ ਦੀ ਇਹ ਫ਼ਿਲਮ ਵੀ ਰੌਮੈਂਟਿਕ ਅਤੇ ਪਰਿਵਾਰਕ ਡਰਾਮਾ ਹੈ ਜਿਸ ਵਿੱਚ ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਮੁੱਖ ਭੂਮਿਕਾ ਨਿਭਾ ਰਹੇ ਹਨ। ਸੁਰਖੀ ਬਿੰਦੀ ਤੋਂ ਬਾਅਦ ਦੋਹਾਂ ਦੀ ਇੱਕਠਿਆਂ ਇਹ ਦੂਜੀ ਫ਼ਿਲਮ ਹੈ। ਇਸ ਫ਼ਿਲਮ ਵਿੱਚ ਪੇਂਡੂ ਸਭਿਆਚਾਰ ਨੂੰ ਪਿੱਠਭੂਮੀ ‘ਚ ਰੱਖਿਆ ਗਿਆ ਹੈ।
ਜੋੜੀ (26 ਜੂਨ) ਪੰਜਾਬੀ ਦੇ ਨਾਲ ਨਾਲ ਹਿੰਦੀ ਫ਼ਿਲਮ ਇੰਡਸਟਰੀ ਵਿੱਚ ਵੀ ਆਪਣੀ ਢੁਕਵੀਂ ਜਗ੍ਹਾ ਬਣਾ ਚੁੱਕੇ ਦਿਲਜੀਤ ਦੁਸਾਂਝ ਦੀ ਇਹ ਫ਼ਿਲਮ ਉਸ ਦੀ ਪਸੰਦੀਦਾ ਤਾਰੀਕ 26 ਜੂਨ ਨੂੰ ਰਿਲੀਜ਼ ਹੋ ਰਹੀ ਹੈ। ਸਾਲ ਵਿੱਚ ਇੱਕ ਪੰਜਾਬੀ ਫ਼ਿਲਮ ਕਰਨ ਵਾਲੇ ਦਿਲਜੀਤ ਦੀਆਂ ਲਗਭਗ ਸਾਰੀਆਂ ਫ਼ਿਲਮਾਂ ਹੀ ਇਸੇ ਤਰੀਕ ਅਤੇ ਇਸੇ ਮਹੀਨੇ ਰਿਲੀਜ਼ ਹੋਈਆਂ ਹਨ। ਨਿਰਮਾਤਾ ਕਾਰਜ ਗਿੱਲ ਦੀ ਇਸ ਫ਼ਿਲਮ ਦਾ ਲੇਖਕ ਅਤੇ ਨਿਰਦੇਸ਼ਕ ਅੰਬਰਦੀਪ ਸਿੰਘ ਹੈ। ਫ਼ਿਲਮ ਦੀ ਨਾਇਕਾ ਪੰਜਾਬੀ ਗਾਇਕਾ ਨਿਮਰਤ ਖਹਿਰਾ ਹੈ। ਇਹ ਫ਼ਿਲਮ ਗਾਇਕ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ ਅਤੇ ਇਸ ਦੌਰ ਦੀ ਗਾਇਕੀ ਅਤੇ ਸਮਾਜਕ ਮਾਹੌਲ ਦੇ ਦੁਆਲੇ ਘੁੰਮਦੀ ਦੱਸੀ ਜਾਂਦੀ ਹੈ।
ਮਰਜਾਣੇ (10 ਜੁਲਾਈ) ਗੀਤਕਾਰ, ਫ਼ਿਲਮ ਲੇਖਕ ਅਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੀ ਇਹ ਫ਼ਿਲਮ ਬਠਿੰਡਾ ਅਤੇ ਰਾਜਥਸਾਨ ਦੀਆਂ ਵੱਖ ਵੱਖ ਲੋਕੇਸ਼ਨਾਂ ‘ਤੇ ਫ਼ਿਲਮਾਈ ਜਾ ਰਹੀ ਹੈ। ਗਾਇਕ ਸਿੱਪੀ ਗਿੱਲ ਅਤੇ ਪ੍ਰੀਤ ਕਮਲ ਦੀ ਮੁੱਖ ਭੂਮਿਕਾ ਵਾਲੀ ਇਹ ਫ਼ਿਲਮ ਐਕਸ਼ਨ ਡਰਾਮਾ ਹੈ ਜਿਸ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਆਧਾਰ ਬਣਾਇਆ ਗਿਆ ਹੈ।
ਕਿਸਮਤ 2 (18 ਸਤੰਬਰ) ਨਿਰਦੇਸ਼ਕ ਅਤੇ ਲੇਖਕ ਜਗਦੀਪ ਸਿੰਘ ਸਿੱਧੂ ਵੀ ਆਪਣੀ ਸਫ਼ਲ ਫ਼ਿਲਮ ਕਿਸਮਤ ਦਾ ਇਸ ਸਾਲ ਸੀਕੂਅਲ ਕਿਸਮਤ 2 ਦੇ ਰੂਪ ‘ਚ ਲੈ ਕੇ ਆਉਣਗੇ। ਇਸ ਫ਼ਿਲਮ ਦੀ ਸ਼ੂਟਿੰਗ ਅਜੇ ਸ਼ੁਰੂ ਹੋਣੀ ਹੈ।
ਇਨ੍ਹਾਂ ਫ਼ਿਲਮਾਂ ਤੋਂ ਇਲਾਵਾ ਇਸ ਸਾਲ ਹੀ ਗਾਂਧੀ ਹੋਰੀਂ ਫ਼ੇਰ ਆਉਣਗੇ (31 ਜਨਵਰੀ), ਸਰਾਭਾ (21 ਫ਼ਰਵਰੀ), ਗਲਵੱਕੜੀ (3 ਅਪ੍ਰੈਲ), ਜੱਗਾ (10 ਅਪ੍ਰੈਲ), ਬਿਊਟੀਫ਼ੁੱਲ ਬਿੱਲੋ (24 ਅਪਰੈਲ), ਦਲੇਰ (22 ਮਈ), ਧਾਰਾ 320 (31 ਜੁਲਾਈ), ਵੈਲਕਮ ਭੂਆ ਜੀ (21 ਅਗਸਤ), ਡਾਕੂਆਂ ਦਾ ਮੁੰਡਾ 2 (22 ਮਈ) ਅਤੇ ਪ੍ਰਾਹੁਣਿਆਂ ਨੂੰ ਦਫ਼ਾ ਕਰੋ (27 ਸਤੰਬਰ) ਰਿਲੀਜ਼ ਹੋਣਗੀਆਂ। ਇਹੀ ਨਹੀਂ, ਇਸੇ ਸਾਲ ਪਿਛਲੇ ਸਾਲ ਦੀ ਅਮਰਿੰਦਰ ਗਿੱਲ ਅਤੇ ਲਹਿੰਦੇ ਚੜ੍ਹਦੇ ਪੰਜਾਬ ਦੇ ਸਾਂਝੇ ਕਲਾਕਾਰਾਂ ਦੀ ਬਹੁਚਰਚਿਤ ਫ਼ਿਲਮ ਚੱਲ ਮੇਰਾ ਪੁੱਤ ਦਾ ਸੀਕੂਅਲ ਚੱਲ ਚੱਲ ਮੇਰਾ ਪੁੱਤ ਵੀ ਇਸੇ ਸਾਲ ਦੇਖਣ ਨੂੰ ਮਿਲੇਗਾ। ਨਾਮਵਰ ਕਹਾਣੀਕਾਰ ਵਰਿਆਮ ਸੰਧੂ ਦੀ ਕਹਾਣੀ ਜਮਰੌਦ ‘ਤੇ ਬਣੀ ਫ਼ਿਲਮ ਜਮਰੌਦ, ਨਾਨਕ ਸਿੰਘ ਦੇ ਚਰਚਿਤ ਨਾਵਲ ਅੱਧ ਚਾਨਣੀ ਰਾਤ ‘ਤੇ ਇਸੇ ਨਾਂ ਹੇਠ ਬਣ ਰਹੀ ਫ਼ਿਲਮ ਤੋਂ ਇਲਾਵਾ ਪੰਜਾਬੀ ਫ਼ਿਲਮ ਪਰਿੰਦੇ, ਤੂੰ ਹੋਵੇ ਮੈਂ ਹੋਵਾਂ, ਤੇਰੀ ਮੇਰੀ ਗੱਲ ਬਣ ਗਈ, ਕੌਣ ਹੈ ਯਾਰ, ਕੌਰ ਸਿੰਘ, ਲੱਡੂ ਬਰਫ਼ੀ, ਮੁਸਾਫ਼ਿਰ, ਬੂ ਮੈਂ ਡਰ ਗਈ, ਛੱਲੇ ਮੁੰਦੀਆਂ, ਗੋਲਗੱਪੇ, ਜ਼ਿੰਦਗੀ ਜ਼ਿੰਦਾਬਾਦ, ਉੱਚਾ ਪਿੰਡ, ਨੀਂ ਮੈਂ ਸੱਸ ਕੁੱਟਣੀ, ਗ਼ੁਲਾਮ’, ਨਾਨਕ ਨਾਮ ਜਹਾਜ਼ ਹੈ, ਪਰਜਾਤ ਕੁੜੀਏ, ਹਰੀਕੇ, ਸਾਡੇ ਆਲੇ ਅਤੇ ਵਿਆਹ ਨਹੀਂ ਕਰਾਉਣਾ ਤੇਰੇ ਨਾਲ ਰਿਲੀਜ਼ ਲਈ ਕਾਤਾਰ ਵਿੱਚ ਹਨ। ਇਨ੍ਹਾਂ ਤੋਂ ਇਲਾਵਾ ਦਰਜਨ ਦੇ ਨੇੜੇ ਅਜਿਹੀਆਂ ਫ਼ਿਲਮਾਂ ਹਨ ਜਿਨ੍ਹਾਂ ਦੀ ਸ਼ੂਟਿੰਗ ਅਜੇ ਸ਼ੁਰੂ ਹੋਣੀ ਹੈ।
ਪੁਆੜਾ (5 ਜੂਨ) ਕਈ ਹਿੰਦੀ ਫ਼ਿਲਮਾਂ ਲਿਖ ਚੁੱਕੇ ਅਤੇ ਨਿਰਦੇਸ਼ਨ ਵਿੱਚ ਵੀ ਹੱਥ ਅਜ਼ਮਾ ਚੁੱਕੇ ਰੁਪਿੰਦਰ ਚਾਹਲ ਦੀ ਇਹ ਪਹਿਲੀ ਪੰਜਾਬੀ ਫ਼ਿਲਮ ਹੈ। ਪੰਜਾਬੀ ਸਿਨਮਾ ਦੀ ਹਿੱਟ ਜੋੜੀ ਐਮੀ ਵਿਰਕ ਅਤੇ ਸੋਨਮ ਬਾਜਵਾ ਇਸ ਫ਼ਿਲਮ ‘ਚ ਨਜ਼ਰ ਆਉਣਗੇ। ਇਸ ਫ਼ਿਲਮ ਦੀ ਸ਼ੂਟਿੰਗ ਕੁੱਝ ਦਿਨ ਪਹਿਲਾਂ ਹੀ ਸ਼ੁਰੂ ਹੋਈ ਹੈ। ਇਹ ਐਮੀ ਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਹੀ ਹਲਕੀ ਫ਼ੁਲਕੀ ਕੌਮੇਡੀ ਅਤੇ ਰੋਮੈਂਟਿਕ ਡਰਾਮਾ ਹੈ।
ਜਿੰਦੇ ਮੇਰੀਏ (24 ਜਨਵਰੀ) ਪੰਕਜ ਬੱਤਰਾ ਦੀ ਨਿਰਦੇਸ਼ਤ ਇਸ ਫ਼ਿਲਮ ਵਿੱਚ ਪਰਮੀਸ਼ ਵਰਮਾ ਅਤੇ ਸੋਨਮ ਬਾਜਵਾ ਦੀ ਜੋੜੀ ਹੈ ਜਿਸ ਦੀ ਇਹ ਦੂਜੀ ਫ਼ਿਲਮ ਹੈ। ਫ਼ਿਲਮ ਦਾ ਟ੍ਰੇਲਰ ਦੱਸਦਾ ਹੈ ਕਿ ਇਹ ਰੋਮੈਂਟਿਕ, ਐਕਸ਼ਨ ਅਤੇ ਡਰਾਮਾ ਫ਼ਿਲਮ ਹੈ। ਇੰਗਲੈਂਡ ਅਤੇ ਪੰਜਾਬ ਵਿੱਚ ਫ਼ਿਲਮਾਈ ਗਈ ਇਸ ਫ਼ਿਲਮ ਦਾ ਟ੍ਰੇਲਰ ਅਤੇ ਮਿਊਜ਼ਿਕ ਰਿਲੀਜ਼ ਹੋ ਚੁੱਕਿਆ ਹੈ। ਨਿਰਦੇਸ਼ਕ ਪੰਕਜ ਬੱਤਰਾ ਦੀ ਹੀ ਲਿਖੀ ਇਸ ਫ਼ਿਲਮ ਵਿੱਚ ਪਰਮੀਸ਼ ਅਤੇ ਸੋਨਮ ਤੋਂ ਇਲਾਵਾ ਨਵਨੀਤ ਕੌਰ ਢਿੱਲੋਂ, ਯੁਵਰਾਜ ਹੰਸ, ਹੌਬੀ ਧਾਲੀਵਾਲ, ਅਨੀਤਾ ਦੇਵਗਨ, ਹਰਦੀਪ ਗਿੱਲ, ਮਲਕੀਤ ਰੌਣੀ ਅਤੇ ਰਵਿੰਦਰ ਮੰਡ ਨੇ ਅਹਿਮ ਭੂਮਿਕਾ ਨਿਭਾਈ ਹੈ। ਇਹ ਫ਼ਿਲਮ ਇਸ ਸਾਲ ਦੀ ਪਹਿਲੀ ਵੱਡੀ ਫ਼ਿਲਮ ਮੰਨੀ ਜਾ ਰਹੀ ਹੈ।
ਗੁਰਮੁਖ (6 ਮਾਰਚ) ਨਾਮਵਰ ਨਾਟਕਕਾਰ ਅਤੇ ਫ਼ਿਲਮ ਲੇਖਕ ਪਾਲੀ ਭੁਪਿੰਦਰ ਸਿੰਘ ਦੀ ਬਤੌਰ ਨਿਰਦੇਸ਼ਕ ਇਹ ਦੂਜੀ ਪੰਜਾਬੀ ਫ਼ਿਲਮ ਹੈ। ਕੁਲਜਿੰਦਰ ਸਿੰਘ ਸਿੱਧੂ, ਸਾਰਾ ਗੁਰਪਾਲ, ਸਰਦਾਰ ਸੋਹੀ, ਅਕਾਂਕਸ਼ਾ ਸਰੀਨ, ਯਾਦ ਗਰੇਵਾਲ ਸਮੇਤ ਕਈ ਨਾਮੀਂ ਚਿਹਰਿਆਂ ਦੀ ਅਦਾਕਾਰੀ ਵਾਲੀ ਇਹ ਫ਼ਿਲਮ ਇੱਕ ਸਿੱਖ ਨੌਜਵਾਨ ਦੀ ਕਹਾਣੀ ਹੈ ਜੋ ਹਾਲਾਤ ਨਾਲ ਲੜਦਾ ਹੋਇਆ ਸਿੱਖ ਹੋਣ ਦਾ ਫ਼ਰਜ਼ ਨਿਭਾਉਂਦਾ ਹੈ। ਆਮ ਫ਼ਿਲਮਾਂ ਨਾਲੋਂ ਹਟਵੀਂ ਇਹ ਫ਼ਿਲਮ ਸਿੱਖ ਧਰਮ ਦੇ ਮਾਣ ‘ਚ ਵਾਧਾ ਕਰਦੀ ਹੈ।