ਸੁਰੱਖਿਆ ਦੇ ਮਾਮਲੇ ‘ਚ ਭਾਰਤ ‘ਚ ਪਾਕਿਸਤਾਨ ਨਾਲੋਂ ਵੱਧ ਖ਼ਤਰਾ – PCB

ਕਰਾਚੀ – ਪਾਕਿਸਤਾਨ ਕ੍ਰਿਕਟ ਬੋਰਡ ਦੇ ਪ੍ਰਧਾਨ ਅਹਿਸਾਨ ਮਨੀ ਨੇ ਸ਼੍ਰੀ ਲੰਕਾ ਖ਼ਿਲਾਫ਼ ਘਰੇਲੂ ਟੈੱਸਟ ਸੀਰੀਜ਼ ਦੇ ਖ਼ਤਮ ਹੋਣ ਤੋਂ ਬਾਅਦ ਕਿਹਾ ਕਿ ਭਾਰਤ ਵਿੱਚ ਉਨ੍ਹਾਂ ਦੇ ਦੇਸ਼ ਨਾਲੋਂ ਵੱਧ ਸੁਰੱਖਿਆ ਦਾ ਖ਼ਤਰਾ ਹੈ। ਸ਼੍ਰੀ ਲੰਕਾ ਦੀ ਕ੍ਰਿਕਟ ਟੀਮ ‘ਤੇ 2009 ਵਿੱਚ ਹੋਏ ਅਤਿਵਾਦੀ ਹਮਲੇ ਦੇ 10 ਸਾਲ ਤੋਂ ਬਾਅਦ ਪਾਕਿਸਤਾਨ ਨੇ ਘਰੇਲੂ ਧਰਤੀ ‘ਤੇ ਟੈੱਸਟ ਸੀਰੀਜ਼ ਦਾ ਆਯੋਜਨ ਕੀਤਾ ਸੀ। ਇਨ੍ਹਾਂ 10 ਸਾਲਾਂ ਦੌਰਾਨ ਕਿਸੇ ਵੀ ਵੱਡੀ ਟੀਮ ਨੇ ਪਾਕਿਸਤਾਨ ਦਾ ਦੌਰਾ ਨਹੀਂ ਕੀਤਾ ਹੈ।
ਅਹਿਸਾਨ ਮਨੀ ਨੇ ਪਾਕਿਸਾਤਨੀ ਮੀਡੀਆ ਨੂੰ ਦਿੱਤੀ ਇੱਕ ਇੰਟਰਵਿਊ ‘ਚ ਕਿਹਾ, ”ਅਸੀਂ ਇਹ ਸਾਬਿਤ ਕੀਤਾ ਹੈ ਕਿ ਪਾਕਿਸਤਾਨ ਸੁਰੱਖਿਅਤ ਹੈ। ਜੇਕਰ ਕੋਈ ਟੀਮ ਇੱਥੇ ਨਹੀਂ ਆ ਰਹੀ ਤਾਂ ਉਨ੍ਹਾਂ ਨੂੰ ਸਾਬਿਤ ਕਰਨਾ ਹੋਵੇਗਾ ਕਿ ਪਾਕਿਸਤਾਨ ਅਸੁਰੱਖਿਅਤ ਹੈ। ਅੱਜ ਦੇ ਸਮੇਂ ਵਿੱਚ ਪਾਕਿਸਤਾਨ ਦੀ ਤੁਲਨਾ ਵਿੱਚ ਭਾਰਤ ਵਿੱਚ ਸੁਰੱਖਿਆ ਦਾ ਜ਼ਿਆਦਾ ਖ਼ਤਰਾ ਹੈ।” ICC ਦੇ ਇਸ ਸਾਬਕਾ ਪ੍ਰਧਾਨ ਨੇ ਸ਼੍ਰੀ ਲੰਕਾ ਦੇ ਪਾਕਿਸਤਾਨ ਦੌਰੇ ਨੂੰ ਮਹੱਤਵਪੂਰਨ ਮੋੜ ਕਰਾਰ ਦਿੱਤਾ। ”ਸ਼੍ਰੀ ਲੰਕਾ ਖ਼ਿਲਾਫ਼ ਟੈਸਟ ਸੀਰੀਜ਼ ਦੇ ਸਫ਼ਲ ਆਯੋਜਨ ਤੋਂ ਬਾਅਦ ਹੁਣ ਕਿਸੇ ਨੂੰ ਵੀ ਪਾਕਿਸਤਾਨ ਵਿੱਚ ਸੁਰੱਖਿਆ ਇੰਤਜ਼ਾਮ ‘ਤੇ ਸ਼ੱਕ ਨਹੀਂ ਕਰਨਾ ਚਾਹੀਦਾ। ਇਹ ਪਾਕਿਸਤਾਨ ਵਿੱਚ ਟੈੱਸਟ ਕ੍ਰਿਕਟ ਦੀ ਸ਼ੁਰੂਆਤ ਲਈ ਮਹੱਤਵਪੂਰਨ ਮੋੜਾ ਹੈ।” ਪਾਕਿਸਤਾਨ ਨੂੰ ਹੁਣ ਤਿੰਨ T-20 ਕੌਮਾਂਤਰੀ ਅਤੇ ਦੋ ਟੈੱਸਟ ਮੈਚਾਂ ਲਈ ਜਨਵਰੀ ਵਿੱਚ ਬੰਗਲਾਦੇਸ਼ ਦੀ ਮੇਜ਼ਬਾਨੀ ਕਰਨੀ ਹੈ। ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਅਧਿਕਾਰੀਆਂ ਨੇ ਹਾਲਾਂਕਿ ਕਿਹਾ ਕਿ ਉਹ ਸੁਰੱਖਿਆ ਕਾਰਨਾਂ ਤੋਂ 5 ਵਨ-ਡੇ ਮੈਚ ਨਹੀਂ ਖੇਡਣਗੇ।