ਨਵੀਂ ਦਿੱਲੀ – ਟੀਮ ਇੰਡੀਆ ਨੂੰ 2-2 ਵਾਰ ਵਰਲਡ ਚੈਂਪੀਅਨ ਬਣਾਉਣ ਵਾਲੇ ਮਹਿੰਦਰ ਸਿੰਘ ਧੋਨੀ ਦੇ 23 ਦਸੰਬਰ 2019 ਨੂੰ ਕੌਮਾਂਤਰੀ ਕ੍ਰਿਕਟ ‘ਚ 15 ਸਾਲ ਪੂਰੇ ਹੋ ਗਏ ਹਨ। ਇੰਨੇ ਲੰਬੇ ਸਫ਼ਰ ਦੌਰਾਨ ਉਸ ਨੇ ਭਾਰਤੀ ਟੀਮ ਨੂੰ ਨਵੀਆਂ ਉੱਚਾਈਆਂ ‘ਤੇ ਪਹੁੰਚਾਇਆ ਹੈ। ਉਸ ਨੇ ਡੈਬਿਊ ਦੇ ਤਿੰਨ ਸਾਲਾਂ ਬਾਅਦ ਹੀ ਟੀਮ ਇੰਡੀਆ ਨੂੰ ਵਰਲਡ ਚੈਂਪੀਅਨ ਬਣਾ ਦਿੱਤਾ ਸੀ। ਉਸ ਦੀ ਅਗਵਾਈ ‘ਚ ਟੀਮ ਇੰਡੀਆ ਨੇ ਪਹਿਲੀ ਵਾਰ ਟੈੱਸਟ ਰੈਂਕਿੰਗ ‘ਚ ਨੰਬਰ ਇੱਕ ਦਾ ਮੁਕਾਮ ਹਾਸਿਲ ਕੀਤਾ ਸੀ। ਧੋਨੀ ਨੇ 2014 ‘ਚ ਟੈੱਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਵਨ-ਡੇ ਅਤੇ T-20 ‘ਚ ਉਹ ਅਜੇ ਵੀ ਸਰਗਰਮ ਹੈ।
ਹਾਲਾਂਕਿ ਪਿਛਲੇ ਛੇ ਮਹੀਨਿਆਂ ਤੋਂ ਉਹ ਕੌਮਾਂਤਰੀ ਕ੍ਰਿਕਟ ਤੋਂ ਦੂਰ ਹੈ। ਇਸ ਦੌਰਾਨ ਉਸ ਦੇ ਸੰਨਿਆਸ ਲੈਣ ਦੀਆਂ ਅਫ਼ਵਾਹਾਂ ਵੀ ਉੱਡੀਆਂ, ਪਰ ਭਾਰਤੀ ਕ੍ਰਿਕਟ ਟੀਮ ਦੇ ਚੋਣ ਕਮੇਟੀ ਦੇ ਪ੍ਰਮੁੱਖ ਐੱਮ. ਐੱਸ. ਕੇ. ਪ੍ਰਸਾਦ ਨੇ ਇਨ੍ਹਾਂ ਅਫ਼ਵਾਹਾਂ ‘ਤੇ ਰੋਕ ਲਾ ਦਿੱਤੀ ਸੀ। ਧੋਨੀ ਨੇ ਖ਼ੁਦ ਹੀ ਕਿਹਾ ਸੀ ਕਿ ਜਨਵਰੀ ਤਕ ਇਸ ਸਬੰਧ ‘ਚ ਉਸ ਨਾਲ ਕੋਈ ਸਵਾਲ ਨਾ ਕੀਤਾ ਜਾਵੇ। ਹੁਣ ਉਸ ਦੀ ਕੌਮਾਂਤਰੀ ਕ੍ਰਿਕਟ ‘ਚ ਪਰਤਨ ਦੀ ਉਮੀਦ ਕੀਤੀ ਜਾ ਰਹੀ ਹੈ।
ਧੋਨੀ ਦੀ ਗਿਣਤੀ ਦੁਨੀਆ ਦੇ ਸਭ ਤੋਂ ਸਫ਼ਲ ਕਪਤਾਨਾਂ ‘ਚ ਕੀਤੀ ਜਾਂਦੀ ਹੈ। ਉਹ ਆਪਣੀ ਅਗਵਾਈ ‘ਚ ICC ਦੇ ਤਿੰਨਾਂ ਵੱਡੇ ਟੂਰਨਾਮੈਂਟਾਂ (ਵਨ-ਡੇ ਕੱਪ, T-20 ਵਰਲਡ ਕੱਪ ਅਤੇ ਚੈਂਪੀਅਨਜ਼ ਟਰੌਫ਼ੀ) ‘ਚ ਟੀਮ ਨੂੰ ਚੈਂਪੀਅਨ ਬਣਾਉਣ ਵਾਲੇ ਇੱਕਲੌਤਾ ਕਪਤਾਨ ਹੈ। ਹਾਲਾਂਕਿ ਕੌਮਾਂਤਰੀ ਕ੍ਰਿਕਟ ‘ਚ ਉਸ ਦਾ ਡੈਬਿਊ ਨਿਰਾਸ਼ਾਜਨਕ ਸੀ। ਧੋਨੀ ਨੇ 23 ਦਸੰਬਰ 2004 ਨੂੰ ਚਿਟਗਾਂਵ ‘ਚ ਬੰਗਲਾਦੇਸ਼ ਖ਼ਿਲਾਫ਼ ਵਨ-ਡੇ ਮੈਚ ‘ਚ ਕੌਮਾਂਤਰੀ ਕ੍ਰਿਕਟ ‘ਚ ਡੈਬਿਊ ਕੀਤਾ ਸੀ। ਉਸ ਮੈਚ ‘ਚ ਉਹ ਬਿਨਾ ਖਾਤਾ ਖੋਲੇ ਹੀ ਪਵੇਲੀਅਨ ਪਰਤ ਗਿਆ ਸੀ। ਇੰਨਾ ਹੀ ਨਹੀਂ, ਉਹ ਉਸ ਸੀਰੀਜ਼ ਦੀਆਂ ਤਿੰਨ ਪਾਰੀਆਂ ‘ਚ ਸਿਰਫ਼ 19 ਦੌੜਾਂ ਹੀ ਬਣਾ ਸੱਕਿਆ ਸੀ, ਪਰ ਟੀਮ ਇੰਡੀਆ ਦਾ ਉਸ ਸਮੇਂ ਦਾ ਕਪਤਾਨ ਸੌਰਵ ਗਾਂਗੁਲੀ ਉਸ ਦੇ ਹੁਨਰ ਨੂੰ ਪਛਾਣ ਚੁੱਕਾ ਸੀ। ਇਸੇ ਲਈ ਉਸ ਨੇ ਪਾਕਿਸਤਾਨ ਖ਼ਿਲਾਫ਼ ਅਗਲੀ ਸੀਰੀਜ਼ ਲਈ ਧੋਨੀ ਦੀ ਹੀ ਚੋਣ ਕੀਤੀ।
ਧੋਨੀ ਵੀ ਗਾਂਗੁਲੀ ਦੇ ਭਰੋਸੇ ‘ਤੇ ਖਰਾ ਉਤਰਿਆ। ਉਸ ਨੇ ਸੀਰੀਜ਼ ਦੇ ਦੂਜੇ ਵਨ-ਡੇ ਮੈਚ ‘ਚ ਹੀ 148 ਦੌੜਾਂ ਦੀ ਪਾਰੀ ਖੇਡੀ। ਉਸ ਤੋਂ ਬਾਅਦ ਤਾਂ ਧੋਨੀ ਕ੍ਰਿਕਟ ਦੀ ਦੁਨੀਆ ‘ਤੇ ਛਾ ਗਿਆ ਅਤੇ ਇਤਿਹਾਸ ਰਚਦਾ ਗਿਆ। ਸਤੰਬਰ 2007 ‘ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ T-20 ਵਰਲਡ ਕੱਪ ਲਈ ਉਸ ਨੂੰ ਟੀਮ ਇੰਡੀਆ ਦੀ ਕਮਾਨ ਸੌਂਪੀ। ਉਸ ਸਮੇਂ ਕ੍ਰਿਕਟ ਦੇ ਮਾਹਿਰਾਂ ਨੇ ਧੋਨੀ ਦੇ ਹੁਨਰ ਨੂੰ ਘੱਟ ਸਮਝਿਆ ਸੀ, ਪਰ ਉਸ ਨੇ ਸਾਰੇ ਕਿਆਸ ਅਤੇ ਰਿਕਾਰਡਾਂ ਨੂੰ ਬੌਣਾ ਦਸਦੇ ਹੋਏ ਟੀਮ ਇੰਡੀਆ ਨੂੰ ਚੈਂਪੀਅਨ ਬਣਾ ਦਿੱਤਾ। ਇੰਨਾ ਹੀ ਨਹੀਂ, ਧੋਨੀ ਦੀ ਅਗਵਾਈ ‘ਚ ਹੀ ਟੀਮ ਇੰਡੀਆ ਨੇ 2011 ‘ਚ ਵਨ-ਡੇ ਵਰਲਡ ਕੱਪ ਜਿੱਤਿਆ। ਇਸ ਤੋਂ ਪਹਿਲਾਂ 1983 ‘ਚ ਕਪਿਲ ਦੇਵ ਦੀ ਅਗਵਾਈ ‘ਚ ਟੀਮ ਇੰਡੀਆ ਨੇ ਪਹਿਲੀ ਵਾਰ ਵਨ-ਡੇ ਵਰਲਡ ਕੱਪ ਜਿੱਤਿਆ ਸੀ।












