ਰੋਹਿਤ ਨੂੰ ਪਛਾੜ ਵਿਰਾਟ ਬਣਿਆ ਬਾਦਸ਼ਾਹ, ਬਣਾਈਆਂ ਸਾਲ 2019 ‘ਚ ਸਭ ਤੋਂ ਜ਼ਿਆਦਾ ਦੌੜਾਂ

ਮੁੰਬਈ – ਭਾਰਤੀ ਕਪਤਾਨ ਵਿਰਾਟ ਕੋਹਲੀ ਲਈ ਸਾਲ 2019 ਜ਼ਬਰਦਸਤ ਰਿਹਾ। ਵਿਰਾਟ ਨੇ ਵੈੱਸਟ ਇੰਡੀਜ਼ ਖ਼ਿਲਾਫ਼ ਸਾਲ ਦੇ ਆਖ਼ਰੀ ਵਨ-ਡੇ ‘ਚ 85 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਸਾਲ 2019 ਦਾ ਸ਼ਾਨਦਾਰ ਅੰਤ ਕੀਤਾ। 85 ਦੌੜਾਂ ਦੇ ਨਾਲ ਹੀ ਵਿਰਾਟ ਨੇ ਕੌਮਾਂਤਰੀ ਕ੍ਰਿਕਟ ‘ਚ ਸਭ ਤੋਂ ਜ਼ਿਆਦਾ 2,455 ਦੌੜਾਂ ਬਣਾਈਆਂ ਹਨ। ਇਸ ਮਾਮਲੇ ‘ਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਹਿੱਟਮੈਨ ਰੋਹਿਤ ਨੂੰ ਪਿੱਛੇ ਛੱਡ ਦਿੱਤਾ। ਰੋਹਿਤ ਸ਼ਰਮਾ ਦੇ ਨਾਂ ਕੌਮਾਂਤਰੀ ਕ੍ਰਿਕਟ ‘ਚ 2, 442 ਦੌੜਾਂ ਦਰਜ ਹਨ। ਤੀਜੇ ਨੰਬਰ ‘ਤੇ ਪਾਕਿਸਤਾਨ ਦੇ ਸਟਾਰ ਬੱਲੇਬਾਜ਼ ਬਾਬਰ ਆਜ਼ਮ (2, 080 ਦੌੜਾਂ) ਹਨ।
ਦੂਜੇ ਪਾਸੇ ਜੇਕਰ 2019 ‘ਚ ਸਭ ਤੋਂ ਜ਼ਿਆਦਾ ਵਨ-ਡੇ ਕੌਮਾਂਤਰੀ ਕ੍ਰਿਕਟ ਦੌੜਾਂ ਦੀ ਗੱਲ ਕਰੀਏ ਤਾਂ ਇਸ ਮਾਮਲੇ ‘ਚ ਵੀ ਭਾਰਤੀ ਕਪਤਾਨ ਵਿਰਾਟ ਕੋਹਲੀ ਦੂਜੇ ਨੰਬਰ ‘ਤੇ ਹੈ। ਵਿਰਾਟ ਨੇ ਪੰਜ ਸੈਂਕੜੇ ਅਤੇ ਸੱਤ ਅਰਧ ਸੈਂਕੜਿਆਂ ਦੀ ਮਦਦ ਨਾਲ ਇਸ ਸਾਲ ਵਨ-ਡੇ ਕ੍ਰਿਕਟ ਦੀਆਂ 26 ਪਾਰੀਆਂ ‘ਚ 1, 377 ਦੌੜਾਂ ਬਣਾਈਆਂ। ਇਸ ਮਾਮਲੇ ‘ਚ ਹਿੱਟਮੈਨ ਰੋਹਿਤ ਸ਼ਰਮਾ ਪਹਿਲੇ ਸਥਾਨ ‘ਤੇ ਹੈ। ਰੋਹਿਤ ਨੇ ਇਸ ਸਾਲ ਵਨ-ਡੇ ਕੌਮਾਂਤਰੀ ਕ੍ਰਿਕਟ ਦੇ 28 ਮੈਚਾਂ ‘ਚ 1, 490 ਦੌੜਾਂ ਬਣਾਈਆਂ ਹਨ। ਇਸ ਦੌਰਾਨ ਰੋਹਿਤ ਨੇ ਸੱਤ ਸੈਂਕੜੇ ਅਤੇ ਛੇ ਅਰਧ ਸੈਂਕੜੇ ਜੜੇ ਹਨ।