ਨਫ਼ਰਤ ਸੌਖੀ, ਦੋਸਤੀ ਔਖੀ!

Editorial1ਪਿੱਛਲੇ ਕੁਝ ਦਿਨਾਂ ਦੌਰਾਨ, ਅਮਰੀਕਾ ਦੀ ਚੋਣ ਮੁਹਿੰਮ ਨੇ ਇੱਕ ਖ਼ਤਰਨਾਕ ਮੋੜ ਕਟਦਿਆਂ ਸਿੱਧਾ ਸਿੱਧਾ ਹਿੰਸਕ ਰੁੱਖ਼ ਇਖ਼ਤਿਆਰ ਕਰ ਲਿਆ ਹੈ। ਇਸ ਚੋਣਾਵੀ ਹਿੰਸਾ ਨੇ ਸੰਯੁਕਤ ਰਾਜ ਅਮਰੀਕਾ ਦੇ ਅਕਸ ਨੂੰ ਅੰਦਰੂਨੀ ਅਤੇ ਬਹਿਰੂਨੀ ਤੌਰ ‘ਤੇ ਕਲੰਕਿਤ ਕੀਤਾ ਹੈ। ਬੇਸ਼ੱਕ, NBC ਦੀ ਪ੍ਰੈੱਸ ਮਿਲਣੀ ਵਿੱਚ ਡੌਨਲਡ ਟਰੰਪ ਨੇ ਇਹ ਐਲਾਨ ਕੀਤਾ ਹੈ ਕਿ ਉਹ ਆਪਣੀ ਚੋਣ ਰੈਲੀ ਦੌਰਾਨ ਹੋਈ ਹਿੰਸਾ ਲਈ ਬਿਲਕੁਲ ਵੀ ਜ਼ਿੰਮੇਵਾਰ ਨਹੀਂ ਅਤੇ ਨਾ ਹੀ ਉਹ ਕਿਸੇ ਕਿਸਮ ਦੀ ਹਿੰਸਾ ਬਰਦਾਸ਼ਤ ਕਰਦਾ ਹੈ, ਬੀਤੇ ਹਫ਼ਤੇ ਦੀ ਚੋਣ ਰੈਲੀ ਵਿੱਚ ਭੜਕੀ ਹਿੰਸਾ ਲਈ ਸਿਰਫ਼ ਇੱਕ ਹੀ ਬੰਦਾ ਜ਼ਿੰਮੇਵਾਰ ਹੈ ਤੇ ਉਹ ਹੈ ਖ਼ੁਦ ਟਰੰਪ। ਵੈਸੇ ਵੀ, ਟਰੰਪ ਦਾ ਆਪਣੇ ਹਮਾਇਤੀਆਂ ਨੂੰ ਭੜਕਾ ਕੇ ਵਿਰੋਧੀਆਂ ਖ਼ਿਲਾਫ਼ ਖੜ੍ਹਾ ਕਰਨ ਦਾ ਪੁਰਾਣਾ ਇਤਿਹਾਸ ਰਿਹੈ। ਬੀਤੇ ਹਫ਼ਤੇ ਡੌਨਲਡ ਟਰੰਪ ਦੀ ਸ਼ਿਕਾਗੋ ਚੋਣ ਰੈਲੀ ਦੌਰਾਨ ਵਾਪਰੀ ਹਿੰਸਾ ਨੇ ਅਮਰੀਕੀ ਸਿਆਸਤ ਵਿੱਚ ਇੱਕ ਅਜਿਹਾ ਨਵਾਂ ਸੁਰ ਸੈੱਟ ਕਰ ਦਿੱਤਾ ਹੈ ਜਿਸ ਦੀ ਆਧੁਨਿਕ ਅਮਰੀਕਨ ਇਤਿਹਾਸ ਵਿੱਚ ਕੋਈ ਮਿਸਾਲ ਹੀ ਨਹੀਂ ਮਿਲਦੀ। ਉਦਾਹਰਣ ਦੇ ਤੌਰ ‘ਤੇ, ਟਰੰਪ ਨੇ ਟਵਿਟਰ ‘ਤੇ ਸਪੱਸ਼ਟ ਧਮਕੀ ਦਿੱਤੀ ਕਿ ਉਹ ਆਪਣੇ ਹਮਾਇਤੀਆਂ ਤੋਂ ਰਾਸ਼ਟਰਪਤੀ ਅਹੁਦੇ ਦੇ ਡੈਮੋਕ੍ਰੇਟਿਕ ਉਮੀਦਵਾਰ ਬਰਨੀ ਸੈਂਡਰਜ਼, ਜਿਸ ਨੂੰ ਉਹ ਸ਼ਿਕਾਗੋ ਰੈਲੀ ਦੀ ਹਿੰਸਾ ਲਈ ਦੋਸ਼ੀ ਗਰਦਾਨਦਾ ਹੈ, ਦੇ ਹਮਾਇਤੀਆਂ ਦੀ ਛਿੱਲ ਲੁਹਾਊਗਾ। ”ਧਿਆਨ ਰੱਖੀਂ ਬਰਨੀ, ਕਿਤੇ ਮੇਰੇ ਹਮਾਇਤੀ ਤੇਰੇ ਵਾਲਿਆਂ ‘ਤੇ ਨਾ ਚੜ੍ਹ ਪੈਣ!” ਟਰੰਪ ਦੀ ਇੱਕ ਟਵੀਟ ਸੀ। ਹਾਲਾਂਕਿ ਟਰੰਪ ਦੇ ਕੱਟੜ ਹਮਾਇਤੀਆਂ ਨੂੰ ਤਾਂ ਇਸ ਨਾਲ ਬਹੁਤਾ ਫ਼ਰਕ ਨਹੀਂ ਪੈਂਦਾ, ਪਰ ਅਜਿਹੀਆਂ ਹਿੰਸਕ ਘਟਨਾਵਾਂ ਰੀਪਬਲੀਕਨ ਪਾਰਟੀ ਦੇ ਕਈ ਨਰਮ ਖ਼ਿਆਲੀਆਂ ਨੂੰ ਆਪਣੀ ਇਸ ਰਾਏ ਦਾ ਇਜ਼ਹਾਰ ਜਨਤਕ ਤੌਰ ‘ਤੇ ਕਰਨ ਲਈ ਮਜਬੂਰ ਕਰ ਰਹੀਆਂ ਹਨ ਕਿ ਜੇਕਰ ਉਨ੍ਹਾਂ ਕੋਲ ਅੰਤ ਵਿੱਚ ਡੌਨਲਡ ਟਰੰਪ ਅਤੇ ਉਸ ਦੇ ਡੈਮੋਕ੍ਰੈਟਿਕ ਵਿਰੋਧੀ ਦਰਮਿਆਨ ਹੀ ਚੋਣ ਬਾਕੀ ਰਹਿ ਜਾਂਦੀ ਹੈ ਤਾਂ ਫ਼ਿਰ ਉਹ ਉਸ ਦੀ ਹਮਾਇਤ ਨਹੀਂ ਕਰ ਸਕਣਗੇ।
ਉਦਾਹਰਣ ਦੇ ਤੌਰ ‘ਤੇ, ਰੀਪਬਲੀਕਨ ਉਮੀਦਵਾਰ ਜੌਹਨ ਕੈਸਿਚ ਦਾ ਕਹਿਣਾ ਸੀ, ”ਟਰੰਪ ਨੇ ਅਮਰੀਕਾ ਦੀ ਸਿਆਸਤ ਵਿੱਚ ਅਜਿਹਾ ਜ਼ਹਿਰ ਘੋਲਿਆ ਹੈ ਜਿਸ ਕਾਰਨ ਮੇਰਾ ਮੰਨ ਉਸ ਤੋਂ ਬਿਲਕੁਲ ਹੀ ਉਚਾਟ ਹੋ ਚੁੱਕਾ ਹੈ ਅਤੇ ਜੇਕਰ ਅਗਲੀਆਂ ਆਮ ਚੋਣਾਂ ਲਈ ਉਹ ਰੀਪਬਲੀਕਨ ਉਮੀਦਵਾਰ ਬਣਦਾ ਹੈ ਤਾਂ ਮੇਰੇ ਲਈ ਉਸ ਦੀ ਹਮਾਇਤ ਕਰਨੀ ਬਹੁਤ ਹੀ ਮੁਸ਼ਕਿਲ ਹੋ ਜਾਵੇਗੀ।” ਫ਼ਲੋਰੀਡਾ ਵਿੱਚ ਹੋਈ ਇੱਕ ਚੋਣ ਰੈਲੀ ਦੌਰਾਨ ਇੱਕ ਹੋਰ ਰੀਪਬਲੀਕਨ ਉਮੀਦਵਾਰ, ਮਾਰਕੋ ਰੂਬੀਓ, ਨੇ ਤਾਂ ਇੱਥੋਂ ਤਕ ਪੁੱਛ ਮਾਰਿਆ, ”ਕੀ ਅਸੀਂ ਸੱਚਮੁੱਚ ਇੱਕ ਅਜਿਹੇ ਮੁਲਕ ਵਿੱਚ ਰਹਿਣਾ ਚਾਹੁੰਦੇ ਹਾਂ ਜਿੱਥੇ ਅਮਰੀਕਨ ਇੱਕ ਦੂਜੇ ਨੂੰ ਹੀ ਨਫ਼ਰਤ ਕਰਦੇ ਹੋਣ?” ਰੂਬੀਓ ਬਿਲਕੁਲ ਸਹੀ ਕਹਿ ਰਿਹੈ। ਜੋ ਕੁਝ ਅਮਰੀਕੀ ਸਿਆਸਤ ਵਿੱਚ ਅੱਜ ਕੱਲ੍ਹ ਵਾਪਰ ਰਿਹੈ ਉਹ ਬਚਕਾਨੀਆਂ ਹਰਕਤਾਂ, ਗੁੰਡਾਗਰਦੀ ਜਾਂ ਕਿਸੇ ਸਰਕਸ ਵਰਗੇ ਮਾਹੌਲ ਤੋਂ ਕਿਤੇ ਵੱਧ ਹੈ, ਉਸ ਨਾਲ ਸਮੁੱਚੇ ਅਮਰੀਕਾ ਦੀ ਸਾਖ਼ ਨੂੰ ਧੱਬਾ ਲੱਗ ਰਿਹੈ। ਮੈਂ ਇੱਥੇ ‘ਹੰਫ਼ਿੰਗਟਨ ਪੋਸਟ’ ਦੀ ਸੀਨੀਅਰ ਸਿਆਸੀ ਰਿਪੋਰਟਰ, ਅਮੈਂਡਾ ਟਰਕਲ, ਦੇ ਇਸ ਹਫ਼ਤੇ ਦੇ ਲੇਖ ‘ਜਸਟਿਨ ਟਰੂਡੋ ਕੌਸ਼ਨਜ਼ ਪੋਲੀਟੀਕਲ ਲੀਡਰਜ਼ ਔਨ ਡੀਲਿੰਗ ਵਿਦ ਵੋਟਰ ਐਂਗਰ’ (ਜਸਟਿਨ ਟਰੂਡੋ ਦੀ ਸਿਆਸੀ ਲੀਡਰਾਂ ਨੂੰ ਵੋਟਰਾਂ ਦੇ ਗੁੱਸੇ ਨਾਲ ਨਜਿੱਠਣ ਬਾਰੇ ਚੇਤਾਵਨੀ) ਦਾ ਹਵਾਲਾ ਦੇਣਾ ਚਾਹਾਂਗਾ। ਅਮੈਂਡਾ ਦਾ ਇਹ ਲੇਖ ਲਗਭਗ ਉੱਥੋਂ ਹੀ ਸ਼ੁਰੂ ਹੁੰਦਾ ਹੈ ਜਿੱਥੇ ਮੈਂ ਆਪਣਾ ਪਿੱਛਲੇ ਹਫ਼ਤੇ ਦਾ ਇਹ ਕਾਲਮ ਛੱਡਿਆ ਸੀ।
ਅਮੈਂਡਾ ਆਪਣੇ ਲੇਖ ਵਿੱਚ ਕਹਿੰਦੀ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇੱਕ ਅਜਿਹਾ ਨੇਤਾ ਹੈ ਜਿਹੜਾ ਅੱਜਕੱਲ੍ਹ ਦੇ ਪ੍ਰਗਤੀਸ਼ੀਲ ਸੋਚ ਦੇ ਅਮਰੀਕਨਾਂ ਨੂੰ ਵੀ ਉੱਤਰ ਵੱਲ ਪਰਵਾਸ ਕਰਨ ਬਾਰੇ ਸੋਚਣ ‘ਤੇ ਮਜਬੂਰ ਕਰਦਾ ਹੈ। ਉਹ ਇੱਕ ਅਜਿਹਾ ਸਵੈ-ਘੋਸ਼ਿਤ ਮਹਿਲਾ ਅਧਿਕਾਰਵਾਦੀ (feminist) ਹੈ ਜਿਸ ਕੋਲ ਇੱਕ ਵਿਹਾਰਕ ਏਜੰਡਾ ਹੈ ਅਤੇ ਜਿਹੜਾ ਇਹ ਕਹਿੰਦਾ ਹੈ ਕਿ ਹਕੂਮਤਾਂ ਤਾਂ ਹੀ ਆਪਣੇ ਸ਼ਹਿਰੀਆਂ ਲਈ ਕੋਈ ਜ਼ਿਕਰਯੋਗ ਸਾਕਾਰਾਤਮਕ ਤਬਦੀਲੀ ਲਿਆ ਸਕਦੀਆਂ ਹਨ ਜੇਕਰ ਲੋਕ ਇਕੱਠਿਆਂ ਕੰਮ ਕਰਨ। ਦੂਸਰੇ ਲਫ਼ਜ਼ਾਂ ਵਿੱਚ, ਉਹ ਡੌਨਲਡ ਟਰੰਪ ਦਾ ਐਨ ਉਲਟ ਹੈ। ”ਕੋਈ ਵੀ ਅਗਾਂਹਵਧੂ ਲਹਿਰ ਓਦੋਂ ਤਕ ਕਾਮਯਾਬ ਨਹੀਂ ਹੋ ਸਕਦੀ ਜਦੋਂ ਤਕ ਉਹ ਇਸ ਬੁਨਿਆਦੀ ਸੱਚ ਨੂੰ ਸਵੀਕਾਰ ਨਹੀਂ ਕਰ ਲੈਂਦੀ ਕਿ ਭਿੰਨਤਾ ਵਿੱਚ ਹੀ ਤਾਕਤ ਹੈ। … ਜਿਹੜੀ ਸਕਾਰਾਤਮਕਤਾ ਅਤੇ ਰਹਿਮਦਿਲੀ ਅਸੀਂ ਸੀਮਾ ਦੇ ਦੋਹਾਂ ਪਾਸਿਆਂ ਦੇ ਆਪਣੇ ਭਾਈਚਾਰਿਆਂ ਵਿੱਚ ਦੇਖਦੇ ਹਾਂ, ਸਾਨੂੰ ਉਸੇ ‘ਤੇ ਆਪਣਾ ਧਿਆਨ ਕੇਂਦ੍ਰਿਤ ਕਰਨਾ ਪਵੇਗਾ। ਦੇਖੋ, ਡਰ ਜਾਂ ਸਹਿਮ ਪੈਦਾ ਕਰਨਾ ਬਹੁਤ ਸੌਖਾ ਹੁੰਦੈ। ਦੋਸਤੀ? ਦੋਸਤੀ ਲਈ ਕੋਸ਼ਿਸ਼ ਦਰਕਾਰ ਹੁੰਦੀ ਹੈ … ਢੇਰ ਸਾਰੀ ਕੋਸ਼ਿਸ਼,” ਟਰੂਡੋ ਨੇ ਸ਼ੁੱਕਰਵਾਰ ਨੂੰ ਕਿਹਾ।
ਸੰਯੁਕਤ ਰਾਜ ਅਮਰੀਕਾ ਹੀ ਇਕਲੌਤੀ ਅਜਿਹੀ ਜਗ੍ਹਾ ਨਹੀਂ ਜਿੱਥੇ ਮਾਯੂਸ ਵੋਟਰਾਂ ਨੇ ਤਬਦੀਲੀ ਦੀ ਇੱਛਾ ਦਰਸਾਈ ਹੈ। ਵਿਸ਼ਵ ਭਰ ਦੀਆਂ ਸਾਰੀਆਂ ਸੱਜੇ ਪੱਖੀ ਪਾਰਟੀਆਂ ਨੇ ਲੋਕਾਂ ਦੀਆਂ ਆਰਥਿਕ ਚਿੰਤਾਵਾਂ ਅਤੇ ਅਸੁਰੱਖਿਅਤਾਵਾਂ ਦਾ ਹੀ ਫ਼ਾਇਦਾ ਉਠਾਇਆ ਹੈ। ਅਤੇ ਕੈਨੇਡਾ ਵੀ ਇਨ੍ਹਾਂ ਰੁਝਾਨਾਂ ਤੋਂ ਅਭਿੱਜ ਕਿਵੇਂ ਰਹਿ ਸਕਦਾ ਸੀ? ਕੰਜ਼ਰਵਟਿਵ ਪਾਰਟੀ ਦੇ ਸਾਬਕਾ ਕੈਨੇਡੀਅਨ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਨੇ ਵੀ ਆਪਣੇ ਕਾਰਜਕਾਲ ਦੌਰਾਨ ਆਪਣੇ ਸਿਆਸੀ ਹਿੱਤਾਂ ਨੂੰ ਅੱਗੇ ਰੱਖਦਿਆਂ ਇਸਲਾਮੋਫ਼ੋਬੀਆ ਜਾਂ ਇਸਲਾਮ ਦਾ ਨਾਮ ‘ਤੇ ਵੋਟਰਾਂ ਦੇ ਮਨਾਂ ਵਿੱਚ ਭੈਅ ਉਤਪੰਨ ਕਰਨ ਦਾ ਯਤਨ ਕੀਤਾ ਸੀ। ਟਰੂਡੋ ਨੇ ਬੀਤੇ ਸ਼ੁੱਕਰਵਾਰ ਨੂੰ ਵਾਸ਼ਿੰਗਟਨ ਡਾਊਨਟਾਊਨ ਵਿੱਚ ਦਿੱਤੇ ਆਪਣੇ ਇੱਕ ਭਾਸ਼ਣ ਵਿੱਚ ਇਹੀ ਦਲੀਲ ਦੇਣ ਦੀ ਕੋਸ਼ਿਸ਼ ਕੀਤੀ ਕਿ ਅਜਿਹੇ ਹਥਕੰਡਿਆਂ ਦੇ ਬਾਵਜੂਦ ਜਨਤਾ ਦੀ ਸੇਵਾ ਕੀਤੀ ਜਾ ਸਕਦੀ ਹੈ। ਇਹੀ ਉਹ ਸੁਨੇਹਾ ਸੀ ਜਿਹੜਾ ਸੈਂਟਰ ਫ਼ੌਰ ਅਮੈਰੀਕਨ ਪ੍ਰੌਗਰੈਸ ਅਤੇ ਕੈਨੇਡਾ 2020 ਵਲੋਂ ਸਾਂਝੇ ਤੌਰ ‘ਤੇ ਆਯੋਜਿਤ ਕੀਤਾ ਗਿਆ ਪ੍ਰਗਤੀਵਾਦੀ ਅਮਰੀਕੀ ਹਜੂਮ ਸੁਣਨ ਲਈ ਉੱਥੇ ਆਇਆ ਹੋਇਆ ਸੀ ਅਤੇ ਨਿਰਸੰਦੇਹ ਜਸਟਿਨ ਟਰੂਡੋ ਦੇ ਮੁਖਾਰਬਿੰਦ ਤੋਂ ਇਹ ਗੱਲ ਸੁਣ ਕੇ ਸੰਤੁਸ਼ਟ ਵੀ ਹੋਇਆ ਹੋਵੇਗਾ।
”ਪਹਿਲਾਂ ਤਾਂ, ਤੁਹਾਨੂੰ ਇਹ ਸਮਝਣਾ ਚਾਹੀਦੈ, ਜੇਕਰ ਅਜਿਹੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹੈ ਜਿਹੜੇ ਹਕੂਮਤਾਂ ਤੋਂ ਨਾਰਾਜ਼ ਹਨ ਅਤੇ ਆਪਣੇ ਮਸਲਿਆਂ ਲਈ ਦੂਸਰਿਆਂ ਨੂੰ ਦੋਸ਼ ਦੇ ਰਹੇ ਹਨ ਤਾਂ ਤੁਸੀਂ ਉਨ੍ਹਾਂ ਸਾਰਿਆਂ ਨੂੰ ਇਹ ਨਹੀਂ ਕਹਿ ਸਕਦੇ ਕਿ ਉਹ ਗ਼ਲਤ ਹਨ,” ਟਰੂਡੋ ਨੇ ਕਿਹਾ। ”ਤੁਹਾਨੂੰ ਇਹ ਜਾਣਨ ਦੀ ਕੋਸ਼ਿਸ਼ ਕਰਨੀ ਪਵੇਗੀ ਕਿ ਲੋਕਾਂ ਦੇ ਮਨਾਂ ਵਿੱਚ ਇਹ ਚਿੰਤਾ ਜਾਂ ਨਿਰਾਸ਼ਾ ਕਿਉਂ ਹੈ?” ਟਰੂਡੋ ਦਾ ਤਰਕ ਸੀ ਕਿ ਲੋਕ ਸੋਚਦੇ ਹਨ ਕਿ ਉਨ੍ਹਾਂ ਨੇ ਪਿੱਛਲੀਆਂ ਕੁਝ ਸਦੀਆਂ ਦੀਆਂ ਸਰਕਾਰਾਂ ਨਾਲ ਕੋਈ ਡੀਲ ਬਣਾਈ ਹੋਈ ਹੈ ਜਿਸ ਦਾ ਮਤਲਬ ਸ਼ਾਇਦ ਲੋਕ ਇੰਝ ਕੱਢਦੇ ਹਨ: ਅਸੀਂ ਤੁਹਾਡੀਆਂ ਪ੍ਰਗਤੀਸ਼ੀਲ ਆਰਥਿਕ ਨੀਤੀਆਂ ਵਿੱਚ ਤੁਹਾਡੀ ਹਮਾਇਤ ਕਰਾਂਗੇ, ਅਤੇ ਉਨ੍ਹਾਂ ਤੋਂ ਮਿਲਣ ਵਾਲੇ ਫ਼ਾਇਦਿਆਂ ‘ਚੋਂ ਨਾ ਸਿਰਫ਼ ਸਾਡੇ ਸਮਾਜ ਨੂੰ ਸਗੋਂ ਸਾਡੇ ਵਰਗੇ ਆਮ ਸ਼ਹਿਰੀਆਂ ਨੂੰ ਵੀ ਹਿੱਸਾ ਮਿਲੇਗਾ। ”ਅਤੇ ਅਫ਼ਸੋਸ ਨਾਲ, ਅਸੀਂ ਪ੍ਰਗਤੀ ਤਾਂ ਹਾਸਿਲ ਕਰ ਲਈ, ਪਰ ਹੁਣ ਲੋਕਾਂ ਨੂੰ ਇਹ ਚਿੰਤਾ ਸਤਾ ਰਹੀ ਹੈ ਕਿ ‘ਅਸੀਂ ਤਾਂ ਤੁਹਾਡੇ ਉਨ੍ਹਾਂ ਏਜੰਡਿਆਂ ਦੀ ਖ਼ੂਬ ਹਮਾਇਤ ਕੀਤੀ, ਪਰ ਉਨ੍ਹਾਂ ਦੇ ਫ਼ੱਲ ਤਾਂ ਸਾਨੂੰ ਚਖਣ ਨੂੰ ਮਿਲੇ ਹੀ ਨਹੀਂ! ਅਜਿਹਾ ਕਿਵੇਂ ਕਿ ਜਿਸ ਵਾਧੇ ਜਾਂ ਤਰੱਕੀ ਨੇ ਅਮੀਰਾਂ ਨੂੰ ਲਾਮਿਸਾਲ ਮੌਕੇ ਬਖ਼ਸ਼ੇ, ਉਸ ਨੇ ਮਿਡਲ ਕਲਾਸ ਲਈ ਕੁਝ ਵੀ ਨਹੀਂ ਕੀਤਾ?’ ਅਤੇ ਜੇਕਰ ਅਸੀਂ ਉਨ੍ਹਾਂ ਲੋਕਾਂ ਨੂੰ ਉਸ ਵਾਧੇ ਕਾਰਨ ਹੋਣ ਵਾਲੀ ਪ੍ਰਗਤੀ ਵਿੱਚੋਂ ਉਨ੍ਹਾਂ ਦਾ ਬਣਦਾ ਹਿੱਸਾ ਨਾ ਦਿੱਤਾ ਤਾਂ ਇਸ ਗੱਲ ਦਾ ਖ਼ਤਰਾ ਵੀ ਬਣਿਆ ਰਹੇਗਾ ਕਿ ਲੋਕ ਉਨ੍ਹਾਂ ਨੀਤੀਆਂ ਤੋਂ ਆਪਣੀ ਹਮਾਇਤ ਵਾਪਿਸ ਖਿੱਚ ਲੈਣਗੇ ਜਿਹੜੀਆਂ ਵਾਧੇ ਨੂੰ ਪ੍ਰੋਤਸਾਹਿਤ ਕਰਦੀਆਂ ਹਨ,” ਟਰੂਡੋ ਨੇ ਅੱਗੇ ਕਿਹਾ।
ਪ੍ਰਧਾਨ ਮੰਤਰੀ ਟਰੂਡੋ ਨੇ ਇਹ ਵੀ ਦੱਸਿਆ ਕਿ 2015 ਦੀਆਂ ਕੈਨੇਡੀਅਨ ਚੋਣਾਂ ਦੌਰਾਨ ਕੰਜ਼ਰਵਟਿਵ ਪਾਰਟੀ ਨੇ ਵੋਟਰਾਂ ਦੇ ਇਸੇ ਗੁੱਸੇ ਨੂੰ ਆਪਣੇ ਨਹਿਸ਼ੀ, ਪਰ ਪ੍ਰਭਾਵਸ਼ਾਲੀ, ਚੋਣ ਪ੍ਰਚਾਰ ਰਾਹੀਂ ਭੁਨਾਉਣ ਦਾ ਯਤਨ ਕੀਤਾ ਸੀ, ਅਤੇ ਇਸ ਨੂੰ ਉਸ ਨੇ ”ਰੋਵੀਅਨ ਸਿਆਸਤ” ਦਾ ਨਾਮ ਦਿੱਤਾ। ਜਸਟਿਨ ਟਰੂਡੋ ਦਰਅਸਲ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੌਰਜ ਬੁੱਸ਼ ਦੇ ਸਾਬਕਾ ਏਡ ਕਾਰਲ ਰੋਵ ਵੱਲ ਇਸ਼ਾਰਾ ਕਰ ਰਿਹਾ ਸੀ ਜੋ ਕਿ ਆਪਣੀਆਂ ਚਾਣਕਿਆ ਨੀਤੀਆਂ ਲਈ ਬਹੁਤ ਮਸ਼ਹੂਰ ਸੀ। ਟਰੂਡੋ ਨੇ ਕਿਹਾ ਕਿ ਉਸ ਨੇ ਉਸ ਵਕਤ ਵੀ ਇਹ ਸੁਚੇਤ ਫ਼ੈਸਲਾ ਕੀਤਾ ਸੀ ਕਿ ਉਹ ਅਜਿਹੇ ਕਿਸੇ ਵੀ ਜ਼ਹਿਰੀਲੇ ਅਦਾਨ ਪ੍ਰਦਾਨ ਦਾ ਹਿੱਸਾ ਨਹੀਂ ਬਣੇਗਾ ਅਤੇ ਨਾ ਹੀ ਨਾਕਾਰਾਤਮਕ ਚੋਣ ਪ੍ਰਚਾਰ ਵਿੱਚ ਰੁੱਝੇਗਾ – ਇਹ ਇੱਕ ਅਜਿਹਾ ਕਦਮ ਸੀ ਜਿਸ ਨੇ ਕਈ ਪ੍ਰਗਤੀਸ਼ੀਲ ਕੈਨੇਡੀਅਨਾਂ ਦੇ ਮਨਾਂ ਵਿੱਚ ਵੀ ਇਹ ਖ਼ਦਸ਼ਾ ਪੈਦਾ ਕਰ ਦਿੱਤਾ ਕਿ ਕੰਜ਼ਰਵਟਿਵ ਪਾਰਟੀ ਦੀ ਮੁਹਿੰਮ ਦਾ ਜਵਾਬ ਦਿੱਤੇ ਬਗ਼ੈਰ ਲਿਬਰਲਾਂ ਦੀ ਜਿੱਤ ਸੰਭਵ ਨਹੀਂ। ”ਮੈਂ ਉਨ੍ਹਾਂ ਨੂੰ ਸਮਝਾਇਆ ਕਿ ਇਹ ਗੱਲ ਨਹੀਂ ਕਿ ਅਸੀਂ ਕਿਸੇ ਨੂੰ ਜਵਾਬ ਨਹੀਂ ਦੇਣਾ ਚਾਹੁੰਦੇ, ਪਰ ਅਸੀਂ ਉਨ੍ਹਾਂ ਨੂੰ ਬਿਲਕੁਲ ਸਹੀ ਢੰਗ ਨਾਲ ਜਵਾਬ ਦੇਣਾ ਚਾਹੁੰਦੇ ਹਾਂ। ਅਤੇ ਜੋ ਕੁਝ ਮੈਨੂੰ ਮੁਲਕ ਭਰ ਵਿੱਚ ਵਸਦੇ ਕੈਨੇਡੀਅਨਾਂ ਤੋਂ ਸੁਣਨ ਨੂੰ ਮਿਲਿਐ ਉਹ ਇਹ ਹੀ ਸੀ ਕਿ ਉਨ੍ਹਾਂ ਨੂੰ ਨਾਕਾਰਾਤਮਕ ਹਮਲੇ ਬਿਲਕੁਲ ਵੀ ਪਸੰਦ ਨਹੀਂ। … ਸਾਨੂੰ ਇਹ ਦੇਖਣ ਨੂੰ ਮਿਲਿਐ ਕਿ ਬੇਸ਼ੱਕ ਕੈਨੇਡੀਅਨ ਵੀ ਬਾਕੀ ਲੋਕਾਂ ਵਾਂਗ ਹੀ ਸਿਆਸਤ ਅਤੇ ਸਿਆਸਤਦਾਨਾਂ ਤੋਂ ਬਦਜ਼ਨ ਹੋ ਚੁੱਕੇ ਸਨ, ਪਰ ਉਹ ਉਨ੍ਹਾਂ ਤੋਂ ਬਦਜ਼ਨ ਹੋ ਹੋ ਕੇ ਵੀ ਹੁਣ ਥੱਕ ਚੁੱਕੇ ਸਨ। ਉਸ ਵੇਲੇ ਉਨ੍ਹਾਂ ਨਾਕਾਰਾਤਮਕ ਹਥਕੰਡਿਆਂ ਦੇ ਸਨਮੁੱਖ ਲੋਕਾਂ ਨੂੰ ਇੱਕ ਭੈਅ ਮੁਕਤ ਸਿਆਸੀ ਮਾਹੌਲ ਦੀ ਆਸ ਬਝਾਉਣੀ ਤੇ ਦਿਖਾਉਣੀ ਬਹੁਤ ਜ਼ਰੂਰੀ ਸੀ।”
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਿੱਛਲੇ ਹਫ਼ਤੇ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਇੱਕ ‘ਸਟੇਟ ਵਿਜ਼ਟ’ ‘ਤੇ ਵਾਸ਼ਿੰਗਟਨ ਪਹੁੰਚੇ ਹੋਏ ਸਨ।