ਫ਼ੀਚਰ ਲਿਖੋ ਅਤੇ ਪੱਤਰਕਾਰ ਬਣੋ

walia-bigਜੇ ਤੁਸੀਂ ਪੱਤਰਕਾਰੀ ਵਿੱਚ ਨਾਮ ਬਣਾਉਣ ਦਾ ਸੁਪਨਾ ਲੈ ਲਿਆ ਹੈ, ਜੇ ਤੁਸੀਂ ਫ਼ਰੀਲਾਂਸ ਪੱਤਰਕਾਰੀ ਕਰਨ ਦਾ ਫ਼ੈਸਲਾ ਕਰ ਲਿਆ ਹੈ। ਜੇ ਤੁਸੀਂ ਦੁਨੀਾਂ ਨਾਲ ਸ਼ਬਦਾਂ ਦੀ ਸਾਝ ਪਾਉਣਾ ਚਾਹੁੰਦੇ ਹੋ। ਜੇ ਤੁਸੀਂ ਪੱਤਰਕਾਰੀ ਨੂੰ ਪੇਸ਼ੇ ਵਜੋਂ ਅਪਣਾਉਣਾ ਚਾਹੁੰਦੇ ਹੋ। ਜੇ ਤੁਸੀਂ ਪੱਤਰਕਾਰੀ ਨੂੰ ਸ਼ੁਗਲ ਵਜੋਂ ਲੈਣਾ ਚਾਹੁੰਦੇ ਹੋ। ਜੇ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਆਪਣੀ ਜ਼ਿੰਦਗੀ ਦੀ ਦੂਜੀ ਪਾਰੀ ਕਲਮ ਨਾਲ ਖੇਡਣਾ ਚਾਹੁੰਦੇ ਹੋ ਜੇ ਤੁਹਾਡੇ ਅੰਦਰ ਕੁਝ ਵਿੱਚਾਰ ਕਰਵਟ ਲੈ ਰਹੇ ਹਨ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਜ਼ਿਹਨ ਦੇ ਵਿੱਚ ਕੁਝ ਅਜਿਹਾ ਹੈ ਜੋ ਦੁਨੀਆਂ ਬਦਲ ਸਕਦਾ ਹੈ। ਜੇ ਤੁਸੀਂ ਦੁਨੀਆਂ ਨੂੰ ਕੁਝ ਨਵਾਂ ਦੇਣਾ ਚਾਹੁੰਦੇ ਹੋ। ਜੇ ਤੁਸੀਂ ਮਾਰਗ ਦਰਸ਼ਕ ਬਣਨਾ ਚਾਹੁੰਦੇ ਹੋ। ਜੇ ਤੁਸੀਂ ਦੂਨੀਆਂ ਦਾ ਮਨੋਰੰਜਨ ਕਰਨ ਦੀ ਰੀਝ ਰੱਖਦੇ ਹੋ ਤਾਂ ਫ਼ੀਚਰ ਲੇਖਨ ਵਿੱਚ ਮੁਹਾਰਤ ਹਾਸਲ ਕਰੋ।
ਫ਼ੀਚਰ ਪੱਤਰਕਾਰੀ ਦੀ ਇਕ ਅਜਿਹੀ ਵਿਧਾ ਹੈ, ਅਜਿਹੀ ਕਿਸਮ ਹੈ, ਜਿਸ ਨਾਲ ਤੁਸੀਂ ਪੱਤਰਕਾਰੀ ਦੇ ਖੇਤਰ ਵਿੱਚ ਦਾਖਲਾ ਵੀ ਲੈ ਸਕਦ ਹੋ ਅਤੇ ਨਾਮ ਵੀ ਬਣਾ ਸਕਦੇ ਹੋ। ਇਹ ਵਿਧਾ ਪੱਤਰਕਾਰੀ ਦੇ ਖੇਤਰ ਵਿੱਚ ਦਾਖਲਾ ਲੈਣ ਦੇ ਚਾਹਵਾਨ ਸਿਖਾਂਦਰੂਆਂ ਲਈ ਅਤੇ ਵਰ੍ਹਿਆਂ ਤੋਂ ਕਾਰਜ਼ਸ਼ੀਲ ਤਜਰਬੇਕਾਰ ਪੱਤਰਕਾਰਾਂ ਲਈ ਇਕੋ ਜਿਹੀ ਮਹੱਤਤਾ ਰੱਖਦੀ ਹੈ।
ਫ਼ੀਚਰ ਕੀ ਹੈ
ਫ਼ੀਚਰ ਆਧੁਨਿਕ ਲੇਖਣ ਵਿਧਾ ਹੈ, ਜੋ ਪੱਤਰਕਾਰੀ ਦੇ ਖੇਤਰ ਵਿੱਚ ਵਿਕਸਤ, ਪ੍ਰਫ਼ੁੱਲਿਤ ਅਤੇ ਪ੍ਰਵਾਨ ਚੜ੍ਹੀ। ਅਖਬਾਰਾਂ ਵਿੱਚ ਖਬਰਾਂ, ਸੰਪਾਦਕੀ ਲ ੇਖ, ਆਰਟੀਕਲ ਅਤੇ ਫ਼ੀਚਰ ਛਪਦੇ ਹਨ। ਪੱਤਰਕਾਰੀ ਵਿੱਚ ਫ਼ੀਚਰ ਆਪਣੇ ਵੱਖਰੇ ਅਰਥ ਰੱਖਦਾ ਹੈ। ਸ਼ਬਦਕੋਸ਼ ਵਿੱਚ ਫ਼ੀਚਰ ਦਾ ਅਰਥ ਲੇਖ ਜਾਂ ਆਰਟੀਕਲ ਹੈ ਪਰ ਪੱਤਰਕਾਰੀ ਵਿੱਚ ਫ਼ੀਚਰ ਆਰਟੀਕਲ ਨਾਲੋਂ ਅਲੱਗ ਅਰਥਾਂ ਦਾ ਮਾਲਕ ਹੈ। ਜੇ ਤੁਸੀਂ ਅੰਗਰੇਜ਼ੀ-ਪੰਜਾਬੀ ਅਰਥਕੋਸ਼ ਜਾਂ ਡਿਕਸ਼ਨਰੀ ਨੂੰ ਵੇਖੋਗੇ ਤਾਂ ਪਹਿਲੀ ਨਜ਼ਰੇ ਫ਼ੀਚਰ ਜਾਂ ਆਰਟੀਕਲ ਵਿੱਚ ਕੋਈ ਫ਼ਰਕ ਨਜ਼ਰ ਨਹੀਂ ਆਵੇਗਾ। ਇੱਥੇ ਫ਼ੀਚਰ ਨੂੰ ਇਕ ਲੇਖ ਜਾਂ ਨਿਬੰਧ ਮੰਨਿਆ ਗਿਆ ਹੈ। ਪੱਤਰਕਾਰਿਤਾ ਲਿਖਤਾਂ ਵਿੱਚ ਫ਼ੀਚਰ ਇਕ ਲੇਖ ਤਾਂ ਹੈ ਪਰ ਇਕ ਹਲਕਾ ਫ਼ੁਲਕ ਲੇਖ, ਇਕ ਛੋਟਾ ਲੇਖ ਅਤੇ ਇਕ ਲਿਖਤੀ ਟੁਕੜਾ ਹੈ। ਸੋ ਗੱਲ  ਸਪਸ਼ਟ ਹੋ ਜਾਂਦੀ ਹੈ ਕਿ ਪੱਤਰਕਾਰੀ ਵਿੱਚ ਛੋਟੇ ਲੇਖ, ਹਲਕੇ-ਫ਼ੁਲਕੇ ਲੇਖ ਅਤੇ ਛੋਟੇ ਲਿਖਤੀ ਟੁਕੜੇ ਨੂੰ ਫ਼ੀਚਰ ਕਿਹਾ ਜਾਂਦਾ ਹੈ। ਉਂਝ ਫ਼ੀਚਰ ਸ਼ਬਦ ਲਾਤਿਨੀ ਭਾਸ਼ਾ ਦੇ ਸ਼ਬਦ Factura ਤੋਂ ਬਣਿਆ ਹੈ। ਹਿੰਦੀ ਦੇ ਕੁਝ ਵਿਦਵਾਨ ਫ਼ੀਚਰ ਨੂੰ ਰੂਪਕ ਵੀ ਕਹਿੰਦੇ ਹਨ। ਪੰਜਾਬੀ ਵਿੱਚ ਵੀ ਰੇਡੀਓ ਪੱਤਰਕਾਰੀ ਵਿੱਚ ਫ਼ੀਰ ਦੀ ਥਾਂ ‘ਤੇ ਸ਼ਬਦ ਰੂਪਕ ਪ੍ਰਚੱਲਿਤ ਹੈ। ਫ਼ੀਚਰ ਜਾਂ ਰੂਪਕ ਵੱਖ ਵੱਖ ਸੰਦਰਭਾਂ ਵਿੱਚ ਆਪਣਾ ਵੱਖਰਾ ਅਤੇ ਵਿਸ਼ਿਸ਼ਟ ਅਰਥ ਪ੍ਰਦਾਨ ਕਰਦੇ ਹਨ। ਪੱਤਰਕਾਰੀ ਵਿੱਚ ਫ਼ੀਚਰ ਦਾ ਮਤਲਬ ਅਖਬਾਰਾਂ ਵਿੱਚ ਪ੍ਰਕਾਸ਼ਿਤ ਉਹਨਾਂ ਵਿਸ਼ੇਸ਼ ਲੇਖਾਂ ਤੋਂ ਹੁੰਦਾ ਹੈ ਜੋ ਗੰਭੀਰ ਜਾਂ ਹਲਕੇ ਫ਼ੁਲਕੇ ਕਿਸੇ ਵੀ ਵਿਸ਼ੇ ਉਤੇ ਪ੍ਰਕਾਸ਼ਿਤ ਹੁੰਦੇ ਹਨ ਅਤੇ ਇਹ ਲੇਖ ਆਪਣੇ ਪਾਠਕਾਂ ਨੂੰ ਆਨੰਦ ਅਤੇ ਪ੍ਰਫ਼ੁੱਲਤਾ ਪ੍ਰਦਾਨ ਕਰਨ ਦੀ ਸਮਰੱਥਾ ਰੱਖਦੇ ਹੁੰਦੇ ਹਨ।
ਫ਼ੀਚਰ ਸ਼ੈਲੀ, ਭਾਸ਼ਾ, ਲੰਬਾਈ, ਸੁਝਾਅ ਅਤੇ ਵਿਸ਼ੇ ਦੇ ਆਧਾਰ ‘ਤੇ ਖਬਰ ਅਤੇ ਆਰਟੀਕਲ ਨਾਲੋਂ ਪੂਰੀ ਤਰ੍ਹਾਂ ਵੱਖਰਾ ਹੁੰਦਾ ਹੈ। ਫ਼ੀਚਰ ਕਾਲਪਨਿਕਤਾ ਨੂੰ ਅਪਣਾਉਂਦੇ ਹੋਏ ਭਾਵਾਂ ਨੂੰ ਅਭਿਵਿਅਕਤ ਕਰਨ ਦੇ ਸਮਰੱਥ ਹੁੰਦਾ ਹੈ। ਇਹ ਤੱਥਮੁਖੀ ਹੁੰਦਾ ਹੋਇਆ ਵੀ ਕਹਾਣੀ ਅਤੇ ਰੇਖਾ ਚਿੱਤਰ ਵਰਗੀਆਂ ਸਾਹਿਤਕ ਵਿਧਾਵਾਂ ਵਾਂਗ ਪਾਠਕਾਂ ਦਾ ਮਨੋਰੰਜਨ ਕਰਨ ਯੋਗ ਹੁੰਦਾ ਹੈ। ਬਹੁਤੀਆਂ ਅਖਬਾਰਾਂ ਰੋਜ਼ਾਨਾ ਇਕ ਮਿਡਲ ਛਾਪਦੀਆਂ ਹਨ। ਜਿਵੇਂ ਨਾਮ ਤੋਂ ਹੀ ਸਪਸ਼ਟ ਹੈ ਇਹ ਫ਼ੀਚਰ ਸੰਪਾਦਕੀ ਪੰਨੇ ‘ਤੇ ਮੁੱਖ ਲੇਖ ਅਤੇ ਸੰਪਾਦਕ ਦੇ ਨਾਮ ਚਿੱਠੀਆਂ ਦੇ ਦਰਮਿਆਨ ਛਾਪਿਆ ਜਾਂਦਾ ਹੈ। ਮਿਡਲ ਲੇਖ ਨਾਟਕੀ ਕਿਸਮ ਦੀ ਸ਼ੈਲੀ ਵਿੱਚ ਲਿਖੇ ਜਾਂਦੇ ਹਨ ਅਤੇ ਆਮ ਤੌਰ ਤੇ ਲੇਖਕ ਦੇ ਨਿੱਜੀ ਅਨੁਭਵ ਨੂੰ ਪ੍ਰਗਟ ਕਰਦੇ ਹਨ।
ਫ਼ੀਚਰ ਨੂੰ ਸਮਝਣ ਲਈ ਕੁਝ ਹੋਰ ਨੁਕਤੇ
ਫ਼ੀਚਰ ਦੇ ਜਜ਼ਬੇ ਜਾਂ ਆਵੇਗ ਨੂੰ ਪ੍ਰਗਟ ਕਰਨ ਦਾ ਕੰਮ ਕਰਦਾ ਹੈ। ਇਕ ਫ਼ੀਚਰ ਪਾਠਕ ਨੂੰ ਕੁਝ ਨਾ ਕੁਝ ਜ਼ਰੂਰ ਦਿੰਦਾ ਹੈ। ਪ੍ਰੇਰਿਤ ਕਰ ਸਕਦਾ ਹੈ, ਹਸਾ ਸਕਦਾ ਹੈ, ਰੁਆ ਸਕਦਾ ਹੈ, ਮਿੱਤਰਤਾ ਦੇ ਭਾਵ ਪੈਦਾ ਕਰ ਸਕਦਾ ਹੈ। ਨਿੱਘ ਪੈਦਾ ਕਰ ਸਕਦਾ ਹੈ, ਤਰਸ ਦਾ ਭਾਵ ਪੈਦਾ ਕਰਨ ਦੇ ਸਮਰੱਥ ਹੁੰਦਾ ਹੈ। ਉਪਹਾਸ ਅਤੇ ਤ੍ਰਿਸਕਾਰ ਦਾ ਜਜ਼ਬਾ ਪੈਦਾ ਕਰ ਸਕਦਾ ਹੈ। ਗੱਲ ਕੀ ਫ਼ੀਚਰ ਪਾਠਕਾਂ ਲਈ ਕੋਈ ਨਾ ਕੋਈ ਜਜ਼ਬਾ ਪੈਦਾ ਕਰਦਾ ਹੈ। ਫ਼ੀਚਰ ਸਿਰਫ਼ ਤੱਥਾਂ ਨੂੰ ਹੀ ਨਹੀਂ ਪੇਸ਼ ਕਰਦਾ ਸਗੋਂ ਤੱਥਾਂ ਦੀ ਵਿਆਖਿਆ ਕਰਦਾ ਹੈ, ਵਿਸ਼ਲੇਸ਼ਣ ਕਰਦਾ ਹੈ, ਪੜਚੋਲ ਕਰਦਾ ਹੈ ਅਤੇ ਟਿੱਪਣੀ ਕਰਦਾ ਹੈ। ਫ਼ੀਚਰ ਲੇਖਕ ਪਾਠਕਾਂ ਨੂੰ ਸੁਝਾਅ ਅਤੇ ਸਲਾਹ ਵੀ ਦਿੰਦਾ ਹੈ। ਮੌਸਮ ਅਤ ਜੀਵਨ ਮਾਰੂ ਬਿਮਾਰੀਆਂ ਬਾਰੇ ਜਾਗਰੂਕ ਵੀ ਕਰਦਾ ਹੈ। ਚੰਗੇ ਫ਼ੀਚਰ ਲੇਖਕ ਆਪਣੀਆਂ ਦਲੀਲਾਂ ਅਤੇ ਤਰਕ ਨਾਲ ਸਿਆਸੀ ਭਵਿੱਖਬਾਣੀਆਂ ਵੀ ਕਰਦੇ ਹਨ। ਸਿਆਸੀ ਪਾਰਟੀਆਂ ਦੀਆਂ ਚਾਲਾਂ ਬਾਰੇ ਪਾਠਕਾਂ ਨੂੰ ਚੇਤੰਨ ਕਰਨ ਦੇ ਨਾਲ ਨਾਲ ਸਹੀ ਨੇਤਾਵਾਂ ਦੀ ਚੋਣ ਕਰਨ ਦੀ ਸਲਾਹ ਵੀ ਦੇ ਜਾਂਦੇ ਹਨ।
ਆਮ ਤੌਰ ਤੇ ਫ਼ੀਚਰ ਸੁਭਾਅ ਵਜੋਂ ਜ਼ਿਆਦਾ ਗੰਭੀਰ ਨਹੀਂ ਹੁੰਦਾ ਸਗੋਂ ਇਕ ਹਲਕਾ ਫ਼ੁਲਕਾ ਲੇਖ ਹੁੰਦਾ ਹੈ।
ਫ਼ੀਚਰ ਲਿਖਣ ਲਈ ਖਬਰ ਵਾਂਗ ਕੋਈ ਖਾਸ ਸ਼ੈਲੀ ਅਪਣਾਉਣ ਦੀ ਬਜਾੲ ਫ਼ੀਚਰ ਲੇਖਕ ਆਪਣੀ ਮਰਜ਼ੀ, ਆਪਣੇ ਸੁਭਾਅ ਅਤੇ ਆਪਣੇ ਅੰਦਾਜ਼ ਵਿੱਚ ਫ਼ੀਚਰ ਲਿਖ ਸਕਦਾ ਹੈ। ਖਬਰ ਲਿਖਣ ਦਾ ਇਕ ਵੱਖਰਾ ਤਰੀਕਾ ਹੈ, ਜਿਸ ਵਿੱਚ ਹੈਡਲਾਈਨ, ਡੇਟਲਾਈਨ, ਲੀਡ ਅਤੇ ਟੇਲ ਆਦਿ ਹੁੰਦੇ ਹਨ। ਖਬਰ ਉਤਮ ਪੁਰਖ (ਜਗਤਵ ਸ਼ਕਗਤਰਅ) ਵਿੱਚ ਨਹੀਂ ਲਿਖੀ ਜਾਂਦੀ ਪਰ ਫ਼ੀਚਰ ਲੇਖਕ ਨੂੰ ਇਸ ਕਿਸਮ ਦੀ ਕੋਈ ਬੰਦਿਸ਼ ਨਹੀਂ ਹੁੰਦੀ। ਇਸ ਤਰ੍ਹਾਂ ਖਬਰ ਤੱਥਮੁਖੀ ਹੁੰਦੀ ਹੈ ਪਰ ਫ਼ੀਚਰ ਵਿੱਚ ਲੇਖਕ ਆਪਣੀ ਕਲਪਨਾ ਦੀ ਵਰਤੋਂ ਕਰ ਸਕਦਾ ਹੈ।ਫ਼ੀਚਰ ਆਰਟੀਕਲ ਵਾਂਗ ਲੰਮਾ ਅਤੇ ਤੱਥ ਭਰਪੂਰ ਨਹੀਂ ਹੁੰਦਾ ਸਗੋਂ ਛੋਟਾ ਅਤੇ ਕਈ ਵਾਰ ਕਾਲਪਨਿਕ ਜਾਂ ਕਲਪਨਾ ਅਤੇ ਤੱਥਾਂ ਦੇ ਰਲਾਅ ਵਿੱਚੋਂ ਨਿਕਲਦਾ ਹੈ।
ਮਿਡਲ ਫ਼ੀਚਰ ਦੀ ਇਕ ਅਜਿਹੀ ਕਿਸਮ ਹੈ ਜੋ ਲੇਖਕ ਦੇ ਨਿੱਜੀ ਤਜਰਬੇ ਨੂੰ ਬਿਆਨ ਕਰਦੀ ਹੈ।
ਫ਼ੀਚਰ ਦੀ ਭਾਸ਼ਾ ਵੀ ਜ਼ਰੂਰੀ ਨਹੀਂ ਖਬਰ ਵਾਂਗ ਸਧਾਨ ਅਤੇ ਆਮ ਬੋਲ-ਚਾਲ ਵਾਲੀ ਹੋਵੇ ਸਗੋਂ ਬਹੁਤੀ ਵਾਰ ਫ਼ੀਚਰ ਸਾਹਿਤਕ ਅਤੇ ਲੱਛੇਦਾਰ ਭਾਸ਼ਾ ਵਿੱਚ ਲਿਖੇ ਜਾਂਦੇ ਹਨ।
ਰੋਚਕ ਵਿਸ਼ੇ ਦਾ  ਆਕਰਸ਼ਿਕ, ਵਿਆਪਕ ਅਤੇ ਦਿਲਚਸਪ ਪ੍ਰਸਤੁਤੀਕਰਨ ਹੀ ਫ਼ੀਚਰ ਹੈ। ਇਸ ਦਾ ਮੰਤਵ ਮਨੋਰੰਜਨ ਕਰਨਾ, ਸੂਚਨਾ ਦੇਣਾ ਅਤੇ ਲੋਕਾਂ ਦਾ ਮਾਰਗ ਦਰਸ਼ਨ ਕਰਨਾ ਹੁੰਦਾ ਹੈ।
ਫ਼ੀਚਰ ਜ਼ਿੰਦਗੀ ਦੇ ਪ੍ਰਤੀ ਇਕ ਨਵੇਂ ਦ੍ਰਿਸ਼ਟੀਕੋਣ, ਰੋਜ਼ਾਨਾ ਜੀਵਨ ਦੀ ਵਿਯੋਗਮਈ ਸਥਿਤੀ, ਉਦਾਸੀ, ਖੁਸ਼ੀ ਅਤੇ ਦੁੱਖ ਆਦਿ ਨੂੰ ਮੂਲ ਰੂਪ ਵਿੱਚ ਗ੍ਰਹਿਣ ਕਰਕੇ ਉਸਨੂੰ ਚਿਤਰਨ ਦੀ ਇਕ ਵਿਧੀ ਹੈ। ਇਕ ਵਿਦਵਾਨ ਨੇ ਫ਼ੀਚਰ ਦੀ ਤੁਲਨਾ ਇਕ ਇਕ ਸੈਂਡਵਿੱਚ ਨਾਲ ਕੀਤੀ ਹੈ। ਫ਼ੀਚਰ ਇਕ ਅਜਿਹੇ ਸੈਂਡਵਿੱਚ ਵਰਗਾ ਹੈ, ਜਿਸਦੇ ਦੋਵੇਂ ਪਾਸੇ ਸ਼ੱਕਰ ਦੀ ਪਰਤ ਨਾਲ ਢਕੇ ਹੋਏ ਕੇਕ ਦੇ ਟੁਕੜੇ ਹਨ ਅਤੇ ਵਿੱਚਕਾਰ ਮਸਾਲੇਦਾਰ ਮਾਸ ਅਤੇ ਆਲੂ ਹੁੰਦੇ ਹਨ।
ਸਾਰੇ ਅਖਬਾਰ ਲੱਗਭੱਗ ਇਕੋ ਜਿਹੀਆਂ ਖਬਰਾਂ ਛਾਪਦੇ ਹਨ ਅਤੇ ਬਹੁਤੀ ਵਾਰ ਆਰਟੀਕਲ ਵੀ  ਸਮਕਾਲੀਨ ਮਹੱਤਤਾ ਵਾਲੇ ਵਿਸ਼ਿਆਂ ਨਾਲ ਸਬੰਧਤ ਹੁੰਦੇ ਹਨ। ਸਿਰਫ਼ ਫ਼ੀਚਰ ਹੀ ਹਨ ਜੋ ਕਿਸੇ ਅਖਬਾਰ ਨੂੰ ਦੂਸਰੇ ਅਖਬਾਰ ਤੋਂ ਵਖਰਾਉਂਦੇ ਹਨ। ਇਉਂ ਫ਼ੀਚਰ ਅਖਬਾਰ ਨੂੰ ਨਿੱਜਤਾ ਪ੍ਰਦਾਨ ਕਰਦੇ ਹਨ।
ਅਖਬਾਰਾਂ ਅਤੇ ਪੱਤਰਕਾਰਾਂ ਵਿੱਚ ਛਪਦੇ ਫ਼ੀਚਰ ਜਿੱਥੇ ਪਾਠਕਾਂ ਦਾ ਮਨੋਰੰਜਨ ਕਰਦੇ ਹਨ, ਉਹਨਾਂ ਦੇ ਗਿਆਨ ਵਿੱਚ ਵਾਧਾ ਕਰਦੇ ਹਨ। ਪਾਠਕਾਂ ਨੂੰ ਸਿੱਖਿਆ ਦੇਣ ਦੀ ਸਮਰੱਥਾ ਰੱਖਦੇ ਹਨ, ਉਥੇ ਉਹ ਪਾਠਕ ਵਰਗ ਵਿੱਚ ਅਖਬਾਰ ਦੀ ਮਕਬੂਲੀਅਤ ਵਧਾਉਣ ਦੇ ਨਾਲ ਨਾਲ ਫ਼ੀਚਰ ਲੇਖਕ ਨੂੰ ਲੇਖਕ ਅਤੇ ਪੰਤਰਕਾਰ ਦੇ ਤੌਰ ‘ਤੇ ਸਥਾਪਤ ਕਰਨ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਹਨ।
ਮੈਨੂੰ ਪੂਰਾ ਯਕੀਨ ਹੈ ਕਿ ਹੁਣ ਤੁਸੀਂ ਫ਼ੀਚਰ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ ਅਤੇ ਇਹ ਵੀ ਸਮਝ ਲਿਆ ਹੋਵੇਗਾ ਕਿ ਇਹ ਖਬਰ ਅਤੇ ਆਰਟੀਕਲ ਨਾਲੋਂ ਵੱਖਰੀ ਵਿਧਾ ਹੈ। ਹੁਣ ਤੁਹਾਨੂੰ ਅਖਬਾਰਾਂ ਦੀ ਦੁਨੀਆਂ ਵਿੱਚ ਇਸ ਦੀ ਮਹੱਤਤਾ ਦਾ ਅਹਿਸਾਸ ਵੀ ਹੋ ਗਿਆ ਹੋਵੇਗਾ। ਹੁਣ ਤੁਹਾਡਾ ਅਗਲਾ ਕਦਮ ਫ਼ੀਚਰ ਲਿਖਣ ਦੀ ਤਕਨੀਕ ਸਿੱਖਣ ਦਾ ਹੈ, ਜਿਸ ਤਰ੍ਹਾਂ ਪਹਿਲਾਂ ਹੀ ਦੱਸਿਆ ਜਾ ਚੁੱਕਾ ਹੈ ਕਿ ਫ਼ੀਚਰ ਲਿਖਣ ਦੇ ਲਈ ਖਬਰ ਵਾਂਗ ਕਿਸੇ ਖਾਸ ਵਿਧੀ ਜਾਂ ਤਕਨੀਕ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ। ਫ਼ੀਚਰ ਤਾਂ ਫ਼ੀਚਰ ਲੇਖਕ ਦੇ ਅੰਦਾਜ਼-ਏ-ਬਿਆਂ ਦਾ ਪ੍ਰਦਰਸ਼ਨ ਹੁੰਦਾ ਹੈ। ਫ਼ੀਚ ਲੇਖਕ ਫ਼ੀਚਰ ਨੂੰ ਆਪਣੀ ਸ਼ੈਲੀ ਮੁਤਾਬਕ ਹੀ ਲਿਖਦਾ ਹੈ ਪਰ ਫ਼ਿਰ ਵੀ ਫ਼ੀਚਰ ਲਿਖਣ ਦੀਆਂ ਕੁਝ ਵਿਧੀਆਂ ਅਤੇ ਤਕਨੀਕਾਂ ਦੇ ਕੁਝ ਨੁਕਤੇ ਹੇਠ ਲਿਖੇ ਹਨ।
ਵਿਸ਼ੇ ਦੀ ਚੋਣ
ਸਮੱਗਰੀ ਇਕੱਤਰਤਾ
ਇਕੱਤਰ ਕੀਤੇ ਤੱਥਾਂ ਨੂੰ ਤਰਤੀਬ ਦੇਣਾ
ਇਹਨਾਂ ਤਿੰਨ ਨੁਕਤਿਆਂ ਤੋਂ ਇਲਾਵਾ ਸਭ ਤੋਂ ਜ਼ਰੂਰੀ ਹੈ ਲੱਛੇਦਾਰ ਅਤੇ ਸਾਹਿਤਕ ਭਾਸ਼ਾ ਦਾ ਇਸਤਮਾਲ। ਚੰਗੀ ਸਾਹਿਤਕ ਭਾਸ਼ਾ ਉਹੀ ਲੇਖਕ ਵਰਤ ਸਕੇਗਾ ਜਿਸ ਕੋਲ ਸ਼ਬਦਾਂ ਦਾ ਵਿਸ਼ਾਲ ਭੰਡਾਰ ਹੋਵੇ। ਸ਼ਬਦਾਂ ਦੇ ਭੰਡਾਰ ਨੂੰ ਭਰਨ ਲਈ ਚੰਗਾ ਸਾਹਿਤ ਪੜ੍ਹਨਾ ਅਤਿਅੰਤ ਜ਼ਰੂਰੀ ਹੁੰਦਾ ਹੈ। ਸਿਖਾਂਦਰੂ ਫ਼ੀਚਰ ਲੇਖਕਾਂ ਨੂੰ ਚਾਹੀਦਾ ਹੈ ਕਿ ਉਹ ਹਰ ਰੋਜ਼ ਢੇਰ ਸਾਰਾ ਸਾਹਿਤ ਪੜ੍ਹਨ ਅਤੇ ਸ਼ਬਦਾਂ ਦੇ ਨੋਟ ਕਰਨ ਲਈ ਹਰ ਵਕਤ ਇਕ ਡਾਇਰੀ ਕੋਲ ਰੱਖਣ। ਨਿੱਤ ਦਿਨ ਆਪਣੇ ਸ਼ਬਦ ਭੰਡਾਰ ਵਿੱਚ ਵਾਧਾ ਕਰਨ। ਇਸੇ ਤਰ੍ਹਾਂ ਆਪਣੀ ਇਕ ਸ਼ੈਲੀ ਵਿਕਸਤ ਕਰਨ ਲਈ ਵੀ     ਯਤਨ ਕਰਨਾ ਚਾਹੀਦਾ ਹੈ। ਹਰ ਵੱਡੇ ਫ਼ੀਚਰ ਲੇਖਕ ਦੀ ਲਿਖਣ ਸ਼ੈਲੀ ਨੂੰ ਚੰਗੀ ਤਰ੍ਹਾਂ ਵਾਚਣਾ ਚਾਹੀਦਾ ਹੈ। ਆਪਣੀ ਦਿਲਚਸਪੀ ਅਨੁਸਾਰ ਇਕ ਵੱਖਰੀ ਸ਼ੈਲੀ ਅਤੇ ਅੰਦਾਜ਼-ਏ-ਬਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ।
ਇਕ ਚੰਗਾ ਫ਼ੀਚਰ ਲੇਖਕ ਬਣਨ ਲਈ ਹੋਰ ਕੀ ਕੁਝ ਕਰਨ ਦੀ ਲੋੜ ਹੁੰਦੀ ਹੈ, ਇਹ ਜਾਨਣ ਲਈ ਅਜੀਤ ਵੀਕਲੀ ਦਾ ਅੰਗਲਾ ਅੰਕ ਵੇਖਣਾ ਪਵੇਗਾ।
(ਬਾਕੀ ਅਗਲੇ ਅੰਕ ਵਿੱਚ)