ਉਮੇਸ਼ ਯਾਦਵ ਨੇ ਬਣਾਇਆ ਨਵਾਂ ਰਿਕਾਰਡ

ਰਾਂਚੀ – ਭਾਰਤ ਨੇ ਰਾਂਚੀ ‘ਚ ਖੇਡੇ ਗਏ ਤਿੰਨ ਮੈਚਾਂ ਦੀ ਟੈੱਸਟ ਸੀਰੀਜ਼ ਦੇ ਆਖ਼ਰੀ ਮੁਕਾਬਲੇ ‘ਚ ਦੱਖਣੀ ਅਫ਼ਰੀਕਾ ਨੂੰ ਪਾਰੀ ਅਤੇ 202 ਦੌੜਘਾਂ ਨਾਲ ਕਰਾਰੀ ਹਾਰ ਦਿੱਤੀ। ਇਸ ਜਿੱਤ ਦੇ ਨਾਲ ਟੀਮ ਇੰਡੀਆ ਨੇ ਸੀਰੀਜ਼ 3-0 ਨਾਲ ਕਲੀਨ ਸਵੀਪ ਕਰ ਲਈ। ਟੈੱਸਟ ਇਤਿਹਾਸ ‘ਚ ਇਹ ਪਹਿਲਾ ਮੌਕਾ ਹੈ ਜਦ ਭਾਰਤੀ ਟੀਮ ਨੇ ਦੱਖਣੀ ਅਫ਼ਰੀਕਾ ਦਾ ਪੂਰੀ ਸੀਰੀਜ਼ ਤੋਂ ਸਫ਼ਾਇਆ ਕੀਤਾ ਹੈ।
ਇਸ ਦੇ ਨਾਲ ਹੀ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਦੱਖਣੀ ਅਫ਼ਰੀਕਾ ਖ਼ਿਲਾਫ਼ ਟੈੱਸਟ ਸੀਰੀਜ਼ ‘ਚ ਆਪਣੇ ਦਮਦਾਰ ਪ੍ਰਦਰਸ਼ਨ ਨਾਲ ਸਭ ਦਾ ਦਿਲ ਜਿੱਤ ਲਿਆ। ਪਹਿਲੇ ਟੈੱਸਟ ‘ਚੋਂ ਬਾਹਰ ਬੈਠਣ ਵਾਲੇ ਉਮੇਸ਼ ਨੇ ਆਖ਼ਰੀ ਦੋ ਮੁਕਾਬਲਿਆਂ ‘ਚ ਟੀਮ ਇੰਡੀਆ ਦੀ ਜਿੱਤ ਦੀ ਕਹਾਣੀ ਲਿੱਖਣ ‘ਚ ਖ਼ਾਸ ਯੋਗਦਾਨ ਪਾਇਆ ਹੈ। ਉਮੇਸ਼ ਨੇ ਘਰੇਲੂ ਮੈਦਾਨ ‘ਤੇ ਖੇਡਦੇ ਹੋਏ ਇੱਕ ਖ਼ਾਸ ਰਿਕਾਰਡ ਆਪਣੇ ਨਾਂ ਦਰਜ ਕਰਵਾ ਲਿਆ। ਘਰੇਲੂ ਮੈਦਾਨ ‘ਚ ਲਗਾਤਾਰ ਪੰਜ ਪਾਰੀਆਂ ‘ਚ ਤਿੰਨ ਜਾਂ ਉਸ ਤੋਂ ਵੱਧ ਵਿਕਟਾਂ ਲੈਣ ਵਾਲਾ ਪਹਿਲਾ ਭਾਰਤੀ ਤੇਜ਼ ਗੇਂਦਬਾਜ਼ ਬਣ ਗਿਆ ਹੈ।
ਪਹਿਲਾ ਭਾਰਤੀ ਤੇਜ਼ ਗੇਂਦਬਾਜ਼
ਉਮੇਸ਼ ਯਾਦਵ ਨੇ ਘਰੇਲੂ ਮੈਦਾਨ ‘ਚ ਖੇਡ ਗਏ ਟੈੱਸਟ ਮੈਚਾਂ ਦੀ ਪਿੱਛਲੀਆਂ ਪੰਜ ਪਾਰੀਆਂ ‘ਚ ਲਗਾਤਾਰ ਸ਼ਾਨਦਾਰ ਗੇਂਦਬਾਜ਼ੀ ਕੀਤੀ ਹੈ। ਪਿੱਛਲੀਆਂ ਪੰਜ ਪਾਰੀਆਂ ‘ਚ ਲਗਾਤਾਰ ਤਿੰਨ ਜਾਂ ਉਸ ਤੋਂ ਵੱਧ ਵਿਕਟਾਂ ਲੈਣ ਵਾਲਾ ਉਹ ਪਹਿਲਾ ਭਾਰਤੀ ਤੇਜ਼ ਗੇਂਦਬਾਜ਼ ਬਣ ਗਿਆ ਹੈ। ਉਸ ਨੇ ਦੱਖਣੀ ਅਫ਼ਰੀਕਾ ਅਤੇ ਵੈੱਸਟ ਇੰਡੀਜ਼ ਉੱਪਰ ਭਾਰਤ ਦੀਆਂ ਪਾਰੀ ਦੀਆਂ ਜਿੱਤਾਂ ‘ਚ ਅਹਿਮ ਭੂਮਿਕਾ ਨਿਭਾਈ। ਵੈੱਸਟ ਇੰਡੀਜ਼ ਖ਼ਿਲਾਫ਼ ਹੈਦਰਾਬਾਦ ‘ਚ ਉਮੇਸ਼ ਨੇ ਪਹਿਲੀ ਪਾਰੀ ‘ਚ 88 ਦੌੜਾਂ ਦੇ ਕੇ ਛੇ ਵਿਕਟਾਂ ਅਤੇ ਦੂਜੀ ਪਾਰੀ ‘ਚ 45 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਿਲ ਕੀਤੀਆਂ ਸਨ।
ਦੱਖਣੀ ਅਫ਼ਰੀਕਾ ਖ਼ਿਲਾਫ਼ ਵੀ ਸ਼ਾਨਦਾਰ ਪ੍ਰਦਰਸ਼ਨ
ਉਮੇਸ਼ ਨੇ ਦੱਖਣੀ ਅਫ਼ਰੀਕਾ ਖ਼ਿਲਾਫ਼ ਦੂਜੇ ਟੈੱਸਟ ‘ਚ ਪਹਿਲੀ ਪਾਰੀ ‘ਚ 37 ਦੌੜਾਂ ਦੇ ਕੇ ਤਿੰਨ ਅਤੇ ਦੂਜੀ ਪਾਰੀ ‘ਚ 22 ਦੌੜਾਂ ਖ਼ਰਚ ਕਰ ਕੇ ਤਿੰਨ ਵਿਕਟਾਂ ਹਾਸਿਲ ਕੀਤੀਆਂ। ਹੁਣ ਤੀਜੇ ਟੈੱਸਟ ਦੱਖਣੀ ਅਫ਼ਰੀਕਾ ਰਾਂਚੀ ‘ਚ ਉਸ ਨੇ ਪਹਿਲੀ ਪਾਰੀ ‘ਚ 40 ਦੌੜਾਂ ਦੇ ਕੇ ਤਿੰਨ ਵਿਕਟਾਂ ਲੈਣ ਦਾ ਕਮਾਲ ਕੀਤਾ। ਹੁਣ ਤਕ ਪਿਛਲੇ ਪੰਜ ਮੈਚਾਂ ‘ਚ ਉਮੇਸ਼ ਦਾ ਪ੍ਰਦਰਸ਼ਨ 3/40,3/22, 3/37, 4/45 ਅਤੇ 6/88 ਰਿਹਾ ਹੈ।