ਬਦਲਦੀ ਜੀਵਨ-ਸ਼ੈਲੀ ਕਾਰਨ ਕਾਰਡੀਓ ਵੈਸਕੁਲਰ ਡਿਜ਼ੀਜ਼ਿਜ਼ (ਦਿਲ ਦੇ ਰੋਗਾਂ) ‘ਚ ਵਾਧਾ ਹੋ ਰਿਹਾ ਹੈ। ਹਸਪਤਾਲਾਂ ‘ਚ ਰੋਜ਼ਾਨਾ ਹਾਰਟ ਅਟੈਕ ਦੇ 10 ਤੋਂ 12 ਮਾਮਲੇ ਆ ਰਹੇ ਹਨ। ਮਾਹਿਰਾਂ ਅਨੁਸਾਰ, ਸਰਦੀਆਂ ਦਾ ਸੀਜ਼ਨ ਆਉਣ ਨਾਲ ਇਨ੍ਹਾਂ ਮਾਮਲਿਆਂ ‘ਚ ਹੋਰ ਵਾਧਾ ਹੋ ਜਾਵੇਗਾ। ਠੰਡ ਨਾਲ ਸ਼ਰੀਰਕ ਸਰਗਰਮੀਆਂ ਘੱਟ ਹੋਣ ਨਾਲ ਖ਼ੂਨ ‘ਚ ਕੰਪੋਨੈਂਟ ਆਪਸ ‘ਚ ਜੁੜ ਕੇ ਸਿੱਧੇ ਦਿਲ ‘ਤੇ ਹਮਲਾ ਕਰਦੇ ਹਨ ਜਿਸ ਨਾਲ ਖ਼ੂਨ ਦੀ ਸਪਲਾਈ ਪ੍ਰਭਾਵਿਤ ਹੁੰਦੀ ਹੈ ਅਤੇ ਹਾਰਟ ਅਟੈਕ ਹੁੰਦਾ ਹੈ। ਮੋਟਾਪਾ, ਤਨਾਅ, ਸ਼ੂਗਰ ਅਤੇ ਬਲੱਡ ਪ੍ਰੈਸ਼ਰ ਹਾਰਟ ਅਟੈਕ ਲਈ ਸਭ ਤੋਂ ਵੱਧ ਜ਼ਿੰਮੇਵਾਰ ਹਨ।
ਔਰਤਾਂ ਨੂੰ ਘੱਟ ਹੁੰਦੈ ਹਾਰਟ ਅਟੈਕ
ਆਮ ਤੌਰ ‘ਤੇ 40 ਦੀ ਉਮਰ ‘ਚ ਹੋਣ ਵਾਲਾ ਹਾਰਟ ਅਟੈਕ ਹੁਣ 20-25 ਸਾਲ ਦੇ ਨੌਜਵਾਨਾਂ ਨੂੰ ਵੀ ਹੋ ਰਿਹਾ ਹੈ ਜਿਨ੍ਹਾਂ ‘ਚ ਜ਼ਿਆਦਾਤਰ ਮਰਦ ਹੁੰਦੇ ਹਨ। ਨੌਜਵਾਨਾਂ ‘ਚ ਹਾਰਟ ਅਟੈਕ ਦਾ ਕਾਰਨ ਸਿਗਰਟਨੋਸ਼ੀ ਅਤੇ ਹਾਈਪਰਟੈਨਸ਼ਨ ਹੁੰਦਾ ਹੈ। ਔਰਤਾਂ ਨੂੰ ਹਾਰਟ ਅਟੈਕ ਦਾ ਖ਼ਤਰਾ ਘੱਟ ਹੁੰਦਾ ਹੈ ਅਤੇ ਇਸ ਦਾ ਕਾਰਨ ਉਨ੍ਹਾਂ ਨੂੰ ਨਿਯਮਤ ਤੌਰ ‘ਤੇ ਮਾਹਵਾਰੀ ਦਾ ਆਉਣਾ ਹੈ। ਹਾਲਾਂਕਿ ਮਾਹਵਾਰੀ ਰੁਕਣ ‘ਤੇ ਔਰਤ ‘ਚ ਵੀ ਮੋਟਾਪਾ ਵਧਣ ਲੱਗਦਾ ਹੈ ਜੋ ਹਾਰਟ ਅਟੈਕ ਦਾ ਕਾਰਨ ਬਣਦਾ ਹੈ।
ਹਾਰਟ ਅਟੈਕ ਦੇ ਲੱਛਣ
1. ਅਚਾਨਕ ਘਬਰਾਹਟ ਹੋਣਾ। 2. ਸਿਰ ‘ਚ ਤੇਜ਼ ਦਰਦ, ਨਬਜ਼ ਕਮਜ਼ੋਰ ਹੋਣਾ। 3. ਅਚਾਨਕ ਸਾਹ ਫ਼ੁੱਲਣ ਲੱਗਣਾ। 4. ਤਨਾਅ ਨਾਲ ਖ਼ੂਨ ਦੀ ਸਪਲਾਈ ‘ਚ ਪ੍ਰੈਸ਼ਰ ਵਧਣਾ।
ਸਰਦੀਆਂ ‘ਚ ਇੰਝ ਕਰੋ ਬਚਾਅ
1. ਲੋੜ ਅਨੁਸਾਰ ਕੱਪੜੇ ਪਾ ਕੇ ਬਾਹਰ ਨਿਕਲੋ। 2. ਨਹਾਉਣ ਤੋਂ ਪਹਿਲਾਂ ਆਪਣੇ ਪੈਰਾਂ ‘ਤੇ ਪਾਣੀ ਪਾਓ ਅਤੇ ਬਾਅਦ ‘ਚ ਸ਼ਰੀਰ ਦੇ ਬਾਕੀ ਹਿੱਸਿਆਂ ‘ਤੇ, ਇਸ ਨਾਲ ਸ਼ਰੀਰ ਦੇ ਤਾਪਮਾਨ ‘ਚ ਸੰਤੁਲਨ ਬਣਿਆ ਰਹੇਗਾ। 3. ਠੰਡਾ ਪਾਣੀ ਨਾ ਪੀਓ, ਕੋਸਾ ਪਾਣੀ ਪੀਓ। 4. ਸ਼ੂਗਰ ਦੇ ਮਰੀਜ਼ ਖ਼ਾਲੀ ਪੇਟ ਨਾ ਰਹਿਣ, ਸਵੇਰੇ ਨਾਸ਼ਤੇ ‘ਚ ਫ਼ਲ ਖਾਓ।
ਕੰਬੋਜ










