50 ਰੇਲਵੇ ਸਟੇਸ਼ਨਾਂ ਤੇ 150 ਟਰੇਨਾਂ ਨੂੰ ਨਿੱਜੀ ਹੱਥਾਂ ’ਚ ਸੌਂਪਣ ਦੀ ਤਿਆਰੀ, ਸਰਕਾਰ ਨੇ ਬਣਾਈ ਕਮੇਟੀ

ਨਵੀਂ ਦਿੱਲੀ — ਦੇਸ਼ ਦੇ 50 ਰੇਲਵੇ ਸਟੇਸ਼ਨਾਂ ਨੂੰ ਵਿਸ਼ਵ ਪੱਧਰੀ ਬਣਾਉਣ ਤੇ ਮੌਜੂਦਾ ਨੈੱਟਵਰਕ ’ਤੇ ਵਿਸ਼ਵ ਪੱਧਰੀ ਤਕਨੀਕ ਨਾਲ ਲੈਸ 150 ਟਰੇਨਾਂ ਨੂੰ ਨਿੱਜੀ ਆਪ੍ਰੇਟਰਾਂ ਦੇ ਹੱਥਾਂ ਵਿਚ ਸੌਂਪਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਲਈ ਰੇਲਵੇ ਮੰਤਰਾਲਾ ਨੇ ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮਿਤਾਭ ਕਾਂਤ ਦੀ ਅਗਵਾਈ ਵਿਚ ਇਕ ਕਮੇਟੀ ਦਾ ਗਠਨ ਕੀਤਾ ਹੈ।
ਰੇਲ ਮੰਤਰਾਲਾ ਅਨੁਸਾਰ ਕਾਂਤ ਦੀ ਪ੍ਰਧਾਨਗੀ ਵਾਲੀ ਇਸ ਕਮੇਟੀ ਵਿਚ ਰੇਲਵੇ ਬੋਰਡ ਦੇ ਪ੍ਰਧਾਨ, ਵਿੱਤ ਮੰਤਰਾਲਾ ਵਿਚ ਆਰਥਿਕ ਮਾਮਲਿਆਂ ਦੇ ਸਕੱਤਰ, ਸ਼ਹਿਰੀ ਵਿਕਾਸ ਤੇ ਰਿਹਾਇਸ਼ੀ ਸਕੱਤਰ ਤੇ ਰੇਲਵੇ ਬੋਰਡ ਦੇ ਵਿੱਤ ਕਮਿਸ਼ਨਰ ਸ਼ਾਮਲ ਹਨ। ਹੁਕਮ ਅਨੁਸਾਰ ਇਹ ਉਚ ਅਧਿਕਾਰ ਪ੍ਰਾਪਤ ਕਮੇਟੀ ਬੋਲੀ ਦਸਤਾਵੇਜ਼ਾਂ ਦੇ ਸਰੂਪ ਤੇ ਪ੍ਰਕਿਰਿਆ ਤੇ ਲਾਭ ਜਾਂ ਮਾਲੀਏ ਦੀ ਹਿੱਸੇਦਾਰੀ ਦੇ ਫਾਰਮੂਲੇ ਨੂੰ ਤੈਅ ਕਰੇਗੀ ਤੇ ਬੋਲੀ ਪ੍ਰਕਿਰਿਆ ਦੀ ਨਿਗਰਾਨੀ ਕਰੇਗੀ ਤੇ ਫੈਸਲਾ ਲਵੇਗੀ ਤਾਂ ਜੋ ਯੋਜਨਾ ਨੂੰ ਸਮਾਂਬੱਧ ਢੰਗ ਨਾਲ ਅਮਲ ਵਿਚ ਲਿਆਂਦਾ ਜਾ ਸਕੇ।
ਸੂਤਰਾਂ ਅਨੁਸਾਰ ਨਿੱਜੀ ਟਰੇਨ ਚਲਾਉਣ ਦੇ ਪ੍ਰਯੋਗ ਦੇ ਤੌਰ ’ਤੇ ਪ੍ਰੀਖਣ ਜਾਂ ਪਾਇਲਟ ਪ੍ਰਾਜੈਕਟ ਦੇ ਤਹਿਤ ਦਿੱਲੀ ਤੋਂ ਲਖਨਊ ਤੇ ਮੁੰਬਈ ਤੇ ਅਹਿਮਦਾਬਾਦ ਦਰਮਿਆਨ ਤੇਜਸ ਐਕਸਪ੍ਰੈੱਸ ਚਲਾਉਣ ਦਾ ਫੈਸਲਾ ਲਿਆ ਗਿਆ ਹੈ ਤੇ ਉਨ੍ਹਾਂ ਵਿਚ ਲੋਕੋ ਪਾਇਲਟ, ਗਾਰਡ ਨੂੰ ਛੱਡ ਕੇ ਗੱਡੀ ਦੇ ਅੰਦਰ ਪੂਰਾ ਪ੍ਰਬੰਧ, ਟਿਕਟ ਬੁਕਿੰਗ ਤੋਂ ਲੈ ਕੇ ਖਾਣ-ਪੀਣ, ਚਾਦਰ-ਤੌਲੀਆ, ਸਾਫ-ਸਫਾਈ, ਇਸ਼ਤਿਹਾਰ, ਮਨੋਰੰਜਨ ਆਦਿ ਦੀ ਜ਼ਿੰਮੇਵਾਰੀ ਚਲਾਉਣ ਵਾਲੀ ਕੰਪਨੀ ਦੀ ਹੋਵੇਗੀ। ਇਨ੍ਹਾਂ ਦੋਵਾਂ ਗੱਡੀਆਂ ਨੂੰ ਆਪ੍ਰੇਟ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਮੇਟੀ ਕਰੇਗੀ। ਦਿੱਲੀ-ਲਖਨਊ ਤੇਜਸ ਐਕਸਪ੍ਰੈੱਸ ਚਲਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਜਦੋਂਕਿ ਮੁੰਬਈ-ਅਹਿਮਦਾਬਾਦ ਤੇਜਸ ਐਕਸਪ੍ਰੈੱਸ ਚਲਾਉਣ ਦਾ ਕੰਮ ਅਗਲੇ ਮਹੀਨੇ ਆਰੰਭ ਹੋ ਜਾਵੇਗਾ।