ਮੁਕੇਰੀਆਂ,: ਵਿਧਾਇਕਾਂ ਤੇ ਸੰਸਦ ਮੈਂਬਰਾਂ ਵੱਲੋਂ ਸੰਵਿਧਾਨ ਦੇ ਭੇਤ ਗੁਪਤ ਰੱਖਣ ਲਈ ਚੁੱਕੀ ਜਾਣ ਵਾਲੀ ਸਹੁੰ ਦੀ ਥਾਂ ‘ਤੇ ਸਰਕਾਰ ਦੇ ਭੇਤ ਜਨਤਕ ਕਰਨ ਦੀ ਸਹੁੰ ਚੁੱਕਣੀ ਚਾਹੀਦੀ ਹੈ ਤਾਂ ਕਿ ਦੇਸ਼ ਦੇ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਸਰਕਾਰ ਦੀ ਸਹੀ ਸਥਿਤੀ ਕੀ ਹੈ ਤੇ ਕਿੰਨੇ ਫੰਡ ਕਦੋਂ ਤੇ ਕਿਸ ਨੂੰ ਜਾਰੀ ਹੁੰਦੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸੰਸਦ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਪਿੰਡ ਟਾਂਡਾ ‘ਚ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕੀਤਾ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਅੱਜ ਵੀ ਪੰਜਾਬ ਦੇ ਨੌਜਵਾਨ ਨਸ਼ੇ ਦੇ ਚੁੰਗਲ ‘ਚ ਧੱਸਦੇ ਜਾ ਰਹੇ ਹਨ। ਸਰਕਾਰ ਨਸ਼ੇ ਦੇ ਸੌਦਾਗਰਾਂ ਤਕ ਪਹੁੰਚਣ ਦੀ ਬਜਾਏ ਨਸ਼ੇ ਦੇ ਸੇਵਨ ਨਾਲ ਮਰੀਜ਼ ਬਣ ਚੁੱਕੇ ਲੋਕਾਂ ਨੂੰ ਫੜ ਕੇ ਖਾਨਾਪੂਰਤੀ ਕਰ ਰਹੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਹੱਥ ਵਿਚ ਗੁਟਕਾ ਸਾਹਿਬ ਫੜ ਕੇ ਨਸ਼ਾ ਬੰਦ ਕਰਨ ਵਾਲੇ ਕੈਪਟਨ ਅਮਰਿੰਦਰ ਨੂੰ ਇਹ ਵੀ ਯਾਦ ਨਹੀਂ ਕਿ ਉਨ੍ਹਾਂ ਨੇ ਸਹੁੰ ਕਿੱਥੇ ਚੁੱਕੀ ਸੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਅਮਨ-ਕਾਨੂੰਨ ਦੀ ਸਥਿਤੀ ਬਦਤਰ ਹੁੰਦੀ ਜਾ ਰਹੀ ਹੈ। ਗੰਨੇ ਦੀ ਅਦਾਇਗੀ ਦੀ ਮੰਗ ਕਰਨ ਵਾਲੇ ਕਿਸਾਨਾਂ ‘ਤੇ ਧਰਨੇ ਦੇਣ ਉਤੇ ਕੇਸ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ 2017 ‘ਚ ਹੋਈਆਂ ਚੋਣਾਂ ‘ਚ ਪੰਜਾਬ ਵਿਚ ਪਗੜੀਆਂ ਦੇ ਰੰਗ ਜ਼ਰੂਰ ਤਬਦੀਲ ਹੋਏ ਪਰ ਸਰਕਾਰ ਦੀ ਮਨੋਬਿਰਤੀ ਨਹੀਂ।















