ਦੇਹਰਾਦੂਨ— ਮੋਹਾਲੀ ਵਿਚ ਉਸ ਸਮੇ ਮਾਤਮ ਛਾ ਗਿਆ ਜਦੋਂ 6 ਵਿਅਕਤੀਆਂ ਦੀ ਮੌਤ ਦੀ ਖ਼ਬਰ ਮੋਹਾਲੀ ਪਹੁੰਚੀ। ਪ੍ਰਾਪਤ ਜਾਣਕਾਰੀ ਅਨੁਸਾਰ ਮੁਹਾਲੀ ਤੋਂ ਸ੍ਰੀ ਹੇਮਕੁੰਟ ਸਾਹਿਬ ਜਾ ਰਹੇ 10 ਯਾਤਰੀਆਂ ਦੇ ਗੱਡੀ ਉੱਤੇ ਰਿਸ਼ੀਕੇਸ਼ ਨੇੜੇ ਪਹਾੜੀ ਇਲਾਕੇ ਵਿਚ ਇਕ ਵੱਡਾ ਪੱਥਰ ਟੁੱਟ ਕੇ ਡਿੱਗਿਆ, ਜਿਸ ਕਾਰਨ ਚਾਲਕ ਸਮੇਤ ਛੇ ਜਣਿਆਂ ਦੀ ਮੌਤ ਹੋ ਗਈ । ਚਾਰ ਗੰਭੀਰ ਜਖ਼ਮੀ ਹੋ ਗਏ । ਮ੍ਰਿਤਕਾਂ ਵਿਚ ਤੇਜਿੰਦਰ ਸਿੰਘ ਚੀਮਾ ਸੈਕਟਰ-70 ਦਾ ਰਹਿਣ ਵਾਲਾ ਹੈ, ਜੋ ਕਿ ਮੁਹਾਲੀ ਤੋਂ ਐੱਸ. ਜੀ. ਪੀ. ਸੀ. ਦੇ ਮੈਂਬਰ ਭਾਈ ਹਰਦੀਪ ਸਿੰਘ ਦਾ ਨਜ਼ਦੀਕੀ ਰਿਸ਼ਤੇਦਾਰ ਹੈ। ਭਲਕੇ ਐਤਵਾਰ ਨੂੰ ਪੋਸਟਮਾਰਟਮ ਹੋਵੇਗਾ।
ਇਹ ਹਾਦਸਾ ਤੀਨ ਧਾਰਾ ਦੇਵਪ੍ਰਯਾਗ ਦੇ ਟਿਹਰੀ ਗੜਵਾਲ ਉਤਰਾਖੰਡ ਵਿਚ ਵਾਪਰਿਆ ਹੈ। ਲਗਭਗ ਸਾਰੇ ਹੀ ਯਾਤਰੀ 30 ਸਾਲ ਦੇ ਵਿਚ ਉਮਰ ਦੇ ਸਨ ।10 ਵਿਚੋਂ 6 ਦੀ ਮੌਤ ਹੋ ਚੁਕੀ ਹੈ ਅਤੇ ਬਾਕੀ 4 ਗੰਭੀਰ ਫੱਟੜ ਵਿਅਕਤੀਆਂ ਨੂੰ ਰਿਸ਼ੀਕੇਸ਼ ਦੇ ਏਮਜ਼ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ । ਸੂਚਨਾ ਮਿਲਦੇ ਹੀ ਐਸ. ਡੀ. ਆਰ. ਐੱਫ. ਨੇ ਮੌਕੇ ‘ਤੇ ਪਹੁੰਚ ਕੇ ਬਚਾਉ ਕੰਮ ਆਪਣੇ ਹੱਥਾਂ ਵਿਚ ਲਿਆ । ਪ੍ਰਾਪਤ ਜਾਣਕਾਰੀ ਮੁਤਾਬਿਕ 5 ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਇਕ ਜ਼ਖਮੀ ਦੀ ਹਸਪਤਾਲ ਲਿਜਾਂਦੇ ਹੋਏ ਜ਼ਖਮਾਂ ਦੀ ਤਾਬ ਨਾ ਝਲਦੇ ਹੋਏ ਮੌਤ ਹੋ ਗਈ।















