ਜਲੰਧਰ – ਕ੍ਰਿਕਟ ਕਰੀਅਰ ਤੋਂ ਸੰਨਿਆਸ ਲੈ ਚੁੱਕੇ ਯੁਵਰਾਜ ਸਿੰਘ ਨੇ 25 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਗਲੋਬਲ T-20 ਕੈਨੇਡਾ ਲੀਗ ‘ਚ ਧਮਾਲ ਮਚਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਯੁਵਰਾਜ ਨੇ T-20 ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਟਵੀਟ ਕੀਤਾ ਹੈ। ਇਸ ‘ਚ ਉਸ ਨੇ ਲਿਖਿਆ ਹੈ- ”ਹੈਲੋ ਟੋਰੌਂਟੋ ਮੈਂ ਇੱਥੇ ਪਹੁੰਚ ਗਿਆ ਹਾਂ। CAA ਸੇਂਟਰ ‘ਚ ਤੁਹਾਡਾ ਇੰਤਜ਼ਾਰ ਕਰ ਰਿਹਾ ਹਾਂ। ਹੁਣ ਛੱਕੇ ਲਗਾਉਣ ਦਾ ਸਮਾਂ ਆ ਗਿਆ ਹੈ। ਕ੍ਰਿਸ ਗੇਲ ਤੁਹਾਡਾ ਕੀ ਕਹਿਣਾ ਹੈ?” ਯੁਵਰਾਜ ਦੇ ਪੁੱਛੇ ਸਵਾਲ ‘ਤੇ ਗੇਲ ਨੇ ਵੀ ਰਿਪਲਾਈ ਕਰਦੇ ਹੋਏ ਕਿਹਾ – ”ਮੈਂ ਵੀ ਤਿਆਰ ਹਾਂ।”
ਗੇਲ ਅਤੇ ਯੁਵਰਾਜ ਗਲੋਬਲ T-20 ਟੂਰਨਾਮੈਂਟ ਦਾ ਹਿੱਸਾ ਹਨ। ਯੁਵਰਾਜ ਟੋਰੌਂਟੋ ਨੈਸ਼ਨਲਜ਼ ਟੀਮ ਦਾ ਮਾਰਕੀ ਖਿਡਾਰੀ ਹੈ। ਇਸ ਟੀਮ ‘ਚ ਬ੍ਰੈਂਡਨ ਮੈਕੱਲਮ, ਪੋਲਾਰਡ ਅਤੇ ਟ੍ਰੈਂਟ ਬੋਲਟ ਵਰਗੇ ਖਿਡਾਰੀ ਵੀ ਹਨ। ਨਾਲ ਹੀ ਚੇਨਈ ਸੁਪਰਕਿੰਗਜ਼ ਲਈ IPL ‘ਚ ਖੇਡਣ ਵਾਲਾ ਮਨਪ੍ਰੀਤ ਗੋਨੀ ਵੀ ਟੋਰੌਂਟੋ ਨੈਸ਼ਨਲਜ਼ ਦਾ ਹਿੱਸਾ ਹੈ।
ਗਲੋਬਲ ਟੀ-20 ਟੂਰਨਾਮੈਂਟ ਨੇ ਵਿਨਿਪੈੱਗ ਹੌਕਸ, ਐਡਮੰਟਨ ਰੌਇਲਸ, ਟੋਰੰਟੋ ਨੈਸ਼ਨਲਜ਼, ਬ੍ਰੈਂਪਟਨ ਵੂਲਵਜ਼, ਵੈਂਕੂਵਰ ਨਾਈਟਸ, ਅਤੇ ਮੌਂਟਰੀਆਲ ਟਾਇਗਰਜ਼ ਵਰਗੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਲੀਗ ਦੀ ਸ਼ੁਰੂਆਤ 25 ਜੁਲਾਈ ਤੋਂ ਹੋਵੇਗੀ। ਪਹਿਲੇ ਮੈਚ ‘ਚ ਯੁਵਰਾਜ ਅਤੇ ਗੇਲ ਇੱਕ-ਦੂਜੇ ਵਿਰੁੱਧ ਖੇਡਣਗੇ। ਲੀਗ ‘ਚ ਕੁੱਲ 22 ਮੈਚ ਹੋਣੇ ਹਨ। 11 ਅਗਸਤ ਨੂੰ ਫ਼ਾਈਨਲ ਮੈਚ ਖੇਡਿਆ ਜਾਵੇਗਾ।












