ਦੁਨੀਆ ਦੀ ਸਰਵਸ੍ਰੇਸ਼ਠ ਕ੍ਰਿਕਟ ਟੀਮ ਤਿਆਰ ਕਰਨ ‘ਤੇ ਕਰ ਰਹੇ ਹਾਂ ਕੰਮ – ਇਮਰਾਨ

ਵਾਸ਼ਿੰਗਟਨ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪਾਕਿਸਤਾਨੀ ਅਮਰੀਕੀਆਂ ਨੂੰ ਵਾਅਦਾ ਕੀਤਾ ਹੈ ਕਿ ਬ੍ਰਿਟੇਨ ਵਿੱਚ ਹਾਲ ਹੀ ‘ਚ ਖ਼ਤਮ ਹੋਏ ਵਰਲਡ ਕੱਪ ਵਿੱਚ ਰਾਸ਼ਟਰੀ ਟੀਮ ਦੇ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਉਹ ਦੁਨੀਆਂ ਦੀ ਸਰਵਸ੍ਰੇਸ਼ਠ ਟੀਮ ਤਿਆਰ ਕਰਨ ਦੀ ਯੋਜਨਾ ਬਣਾ ਰਹੇ ਹਨ। ਕ੍ਰਿਕਟਰ ਤੋਂ ਰਾਜਨੇਤਾ ਬਣੇ ਇਮਰਾਨ ਵਾਸ਼ਿੰਗਟਨ DC ਦੇ ਕੈਪਿਟਲ ਵਨ ਐਰੀਨਾ ਵਿੱਚ ਇਕੱਠੇ ਹੋਏ ਪਾਕਿਸਤਾਨੀ ਮੂਲ ਦੇ ਅਮਰੀਕੀਆਂ ਨੂੰ ਸੰਬੋਧਿਤ ਕਰ ਰਹੇ ਸਨ। ਇਮਰਾਨ ਨੇ ਇਸ ਦੌਰਾਨ ਕਿਹਾ ਕਿ ਉਸ ਨੇ ਟੀਮ ਦੇ ਸਰਵਸ੍ਰੇਸ਼ਠ ਖਿਡਾਰੀਆਂ ਨੂੰ ਲਿਆ ਕੇ ਅਗਲੇ ਟੂਰਨਾਮੈਂਟ ਤਕ ਦੁਨੀਆ ਦੀ ਸਰਵਸ੍ਰੇਸ਼ਠ ਕ੍ਰਿਕਟ ਟੀਮ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਪਾਕਿਸਤਾਨ ਨੂੰ 1992 ਵਿੱਚ ਆਪਣੀ ਕਪਤਾਨੀ ਵਿੱਚ ਵਰਲਡ ਕੱਪ ਜਿਤਵਾਉਣ ਵਾਲੇ ਇਮਰਾਨ ਨੇ ਕਿਹਾ, ”ਮੇਰੇ ਇਹ ਸ਼ਬਦ ਯਾਦ ਰੱਖਣਾ।” ਇਮਰਾਨ ਨੇ ਹਾਲਾਂਕਿ ਆਪਣੀ ਯੋਜਨਾ ਬਾਰੇ ਵਿਸਤਾਰ ਨਾਲ ਕੋਈ ਜਾਣਕਾਰੀ ਨਹੀਂ ਦਿੱਤੀ। ਇਮਰਾਨ ਅਮਰੀਕਾ ਦੇ ਤਿੰਨ ਦਿਨਾਂ ਦੇ ਦੌਰੇ ‘ਤੇ ਆਏ ਹੋਏ ਸਨ, ਅਤੇ ਸੋਮਵਾਰ ਨੂੰ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟ੍ਰੰਪ ਨਾਲ ਵ੍ਹਾਈਟ ਹਾਊਸ ਵਿੱਚ ਮੁਲਾਕਾਤ ਵੀ ਕੀਤੀ। ਇਮਰਾਨ 16 ਜੂਨ ਨੂੰ ICC ਕ੍ਰਿਕਟ ਵਰਲਡ ਕੱਪ ਵਿੱਚ ਭਾਰਤ ਖ਼ਿਲਾਫ਼ ਮਹੱਤਵਪੂਰਨ ਮੁਕਾਬਲੇ ਲਈ ਹਾਰ ਦਾ ਡਰ ਭੁਲਾਉਣ ਦੀ ਰਾਸ਼ਟਰੀ ਟੀਮ ਨੂੰ ਸਲਾਹ ਦਿੱਤੀ ਸੀ ਅਤੇ ਕਿਹਾ ਸੀ ਕਿ ਹਾਰ ਦੇ ਡਰ ਕਾਰਨ ਨਾਪੱਖੀ ਅਤੇ ਡਿਫ਼ੈਂਸਿਵ ਰਣਨੀਤੀ ਬਣਦੀ ਹੈ। ਪਾਕਿਸਤਾਨ ਹਾਲਾਂਕਿ ਭਾਰਤ ਖ਼ਿਲਾਫ਼ ਮੈਚ ਹਾਰ ਗਿਆ ਸੀ ਅਤੇ ਸੈਮੀਫ਼ਾਈਨਲ ਲਈ ਵੀ ਕੁਆਲੀਫ਼ਾਈ ਨਹੀਂ ਕਰ ਸਕਿਆ ਸੀ। ਪਾਕਿਸਤਾਨ ਲੀਗ ਅੰਕ ਸੂਚੀ ਵਿੱਚ ਪੰਜਵੇਂ ਨੰਬਰ ‘ਤੇ ਰਿਹਾ ਸੀ। ਇੰਗਲੈਂਡ ਫ਼ਾਈਨਲ ਵਿੱਚ ਨਿਊ ਜ਼ੀਲੈਂਡ ਨੂੰ ਸੁਪਰ ਓਵਰ ਵਿੱਚ ਹਰਾ ਕੇ ਨੇ ਕ੍ਰਿਕਟ ਇਤਿਹਾਸ ਵਿੱਚ ਪਹਿਲੀ ਵਾਰ ਵਰਲਡ ਕੱਪ ਖ਼ਿਤਾਬ ‘ਤੇ ਕਬਜ਼ਾ ਕੀਤਾ ਸੀ।