ਵਸੀਮ ਅਕਰਮ ਦਾ ਹੋਇਆ ਮੈਨਚੈਸਟਰ ਏਅਰ ਪੋਰਟ ‘ਤੇ ਅਪਮਾਨ

ਮੈਨਚੈਸਟਰ – ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਵਸੀਮ ਅਕਰਮ ਨੂੰ ਮੈਨਚੈਸਟਰ ਏਅਰਪੋਰਟ ‘ਤੇ ਇਨਸੁਲਿਨ ਲੈ ਕੇ ਸਫ਼ਰ ਕਰਨ ਦੀ ਵਜ੍ਹਾ ਨਾਲ ਅਪਮਾਨਿਤ ਹੋਣਾ ਪਿਆ। ਇਸ ਗੱਲ ਨੂੰ ਲੈ ਕੇ ਅਕਰਮ ਨੇ ਟਵਿਟਰ ‘ਤੇ ਆਪਣਾ ਦਰਦ ਦੱਸਦੇ ਹੋਏ ਇੱਕ ਪੋਸਟ ਸ਼ੇਅਰ ਕੀਤੀ ਹੈ।
ਅਕਰਮ ਅਨੁਸਾਰ, ਮੈਨਚੈਸਟਰ ਹਵਾਈ ਅੱਡੇ ‘ਤੇ ਉਸ ਨੂੰ ਬਹੁਤ ਨਿਰਾਸ਼ਾ ਹੋਈ। ਅਕਰਮ ਨੇ ਕਿਹਾ ਕਿ ਉਹ ਆਪਣੀ ਇਨਸੁਲਿਨ ਨਾਲ ਦੁਨੀਆ ਭਰ ‘ਚ ਯਾਤਰਾ ਕਰਦਾ ਹੈ, ਪਰ ਕਦੇ ਵੀ ਇਸ ਤਰ੍ਹਾਂ ਨਾਲ ਸ਼ਰਮਿੰਦਾ ਨਹੀਂ ਹੋਣਾ ਪਿਆ। ਮੈਨੂੰ ਬਹੁਤ ਬੁਰਾ ਮਹਿਸੂਸ ਹੋਇਆ ਕਿਉਂਕਿ ਮੇਰੇ ਕੋਲੋਂ ਬਹੁਤ ਬੁਰੀ ਤਰ੍ਹਾਂ ਪੁੱਛਗਿੱਛ ਕੀਤੀ ਗਈ ਅਤੇ ਜਨਤਕ ਤੌਰ ‘ਤੇ ਆਪਣੀ ਇਨਸੁਲਿਨ ਨੂੰ ਬੈਗ ‘ਚੋਂ ਕੱਢ ਕੇ ਇੱਕ ਪਲਾਸਟਿਕ ਦੇ ਥੈਲੇ ‘ਚ ਸੁੱਟਣ ਨੂੰ ਕਿਹਾ ਗਿਆ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਸਫ਼ਲ ਕ੍ਰਿਕਟਰਾਂ ‘ਚ ਸ਼ਾਮਿਲ ਅਕਰਮ 53 ਸਾਲ ਦੇ ਹਨ ਅਤੇ ਕ੍ਰਿਕਟ ਵਿਸ਼ਵ ਕੱਪ 2019 ‘ਚ ਕੌਮੈਂਟਰੀ ਪੈਨਲ ਦਾ ਹਿੱਸਾ ਸਨ। 1992 ‘ਚ ਜਦੋਂ ਪਾਕਿਸਤਾਨ ਵਿਸ਼ਵ ਕੱਪ ਜਿੱਤਿਆ ਸੀ ਤਾਂ ਉਸ ਸਮੇਂ ਅਕਰਮ ਟੀਮ ਦਾ ਹਿੱਸਾ ਸਨ। ਆਪਣੇ ਅੰਤਰਰਾਸ਼ਟਰੀ ਕਰੀਅਰ ‘ਚ ਖੇਡਦੇ ਹੋਏ ਉਨ੍ਹਾਂ ਨੇ 900 ਤੋਂ ਜ਼ਿਆਦਾ ਵਿਕਟਾਂ ਹਾਸਿਲ ਕੀਤੀਆਂ ਹਨ ਜਦਕਿ ਛੇ ਹਜ਼ਾਰ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ।