ਸ਼ਾਹਬਲੂਤ ਦੇ ਵਿਸ਼ਾਲ ਦਰਖ਼ਤ ਵੀ ਛੋਟੇ ਛੋਟੇ ਬੀਜਾਂ ‘ਚੋਂ ਹੀ ਵਿਕਸਦੇ ਹਨ। ਸਾਰੇ ਬੀਜ, ਪਰ, ਦਰਖ਼ਤਾਂ ਵਿੱਚ ਵਿਕਸਿਤ ਨਹੀਂ ਹੁੰਦੇ। ਕੁਝ ਗਲਹਿਰੀਆਂ ਅਤੇ ਪੰਛੀਆਂ ਦੀ ਖ਼ੁਰਾਕ ਬਣ ਜਾਂਦੇ ਹਨ। ਅਤੇ ਕੁਝ ਨੂੰ ਆਪਣੀਆਂ ਜੜ੍ਹਾਂ ਪਸਾਰਣ ਲਈ ਲੋੜੀਂਦੀ ਜ਼ਮੀਨ ਹੀ ਨਸੀਬ ਨਹੀਂ ਹੁੰਦੀ। ਹੁਣ ਇਹ ਦੱਸੋ ਕਿ ਉਮੀਦ ਦੇ ਉਸ ਬੀਜ ਦਾ ਕੀ ਬਣੇਗਾ ਜਿਹੜਾ ਇਸ ਵਕਤ ਤੁਸੀਂ ਆਪਣੇ ਹੱਥ ਵਿੱਚ ਫ਼ੜੀ ਬੈਠੇ ਹੋ? ਤੁਹਾਨੂੰ ਪਤੈ ਕਿ ਉਸ ਵਿੱਚ ਕਿਸੇ ਸ਼ਾਨਦਾਰ ਚੀਜ਼ ਵਿੱਚ ਵਿਕਸਿਤ ਹੋਣ ਦੀ ਸੰਭਾਵਨਾ ਮੌਜੂਦ ਹੈ, ਪਰ ਤੁਹਾਨੂੰ ਇਹ ਵੀ ਪਤੈ ਕਿ ਹੋ ਸਕਦੈ ਉਹ ਕਦੇ ਵੀ ਓਨੀ ਦੂਰ ਤਕ ਨਾ ਪਹੁੰਚ ਸਕੇ। ਪਰ ਇੱਕ ਚੀਜ਼ ਪੱਕੀ ਐ, ਜੇਕਰ ਤੁਸੀਂ ਉਸ ਨੂੰ ਆਪਣੇ ਦਿਲ ਵਿੱਚ ਨਾ ਬੀਜਿਆ, ਉਸ ਵਿੱਚੋਂ ਕਦੇ ਵੀ ਕੁਝ ਨਹੀਂ ਨਿਕਲਣ ਵਾਲਾ! ਦ੍ਰਿੜ ਸੰਕਲਪ ਬਣੇ ਰਹੋ, ਲਚਕਦਾਰ ਵੀ … ਪਰ ਕੋਸ਼ਿਸ਼ ਕਰਨ ਲਈ ਹਮੇਸ਼ਾ ਤਿਆਰ ਰਹਿਓ।
ਘੱਟੋਘੱਟ ਆਉਣ ਵਾਲੇ ਕੁਝ ਚਿਰ ਲਈ ਹਾਲਾਤ ਕੇਵਲ ਸੌਖੇ ਹੀ ਹੋ ਸਕਦੇ ਹਨ। ਪਹਿਲਾਂ ਤੋਂ ਬੱਚੀਆਂ ਹੋਈਆਂ ਮੁਸ਼ਕਿਲਾਂ ਦਾ, ਪਰ, ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਦੁਸ਼ਮਣ ਉੱਪਰ ਜਿੱਤ ਲਗਭਗ ਪ੍ਰਾਪਤ ਹੋ ਚੱਕੀ ਹੈ, ਪਰ ਵਿਰੋਧੀਆਂ ਦੇ ਇੱਕਾ ਦੁੱਕਾ ਟੋਲੇ ਹਾਲੇ ਵੀ ਮੋਰਚਾ ਸੰਭਾਲੀ ਲੁੱਕ ਕੇ ਬੈਠੇ ਹੋ ਸਕਦੇ ਹਨ। ਇਹ ਜਿੱਤ ਦਾ ਜਸ਼ਨ ਮਨਾਉਣ ਦਾ ਵੇਲਾ ਨਹੀਂ, ਪਰ ਹਰ ਵਾਰ ਜਦੋਂ ਤੁਹਾਡਾ ਮੁਕਾਬਲਾ ਕਿਸੇ ਭੈੜੀ ਸਥਿਤੀ ਨਾਲ ਹੋ ਜਾਵੇ ਤਾਂ ਤੁਹਾਨੂੰ ਘਾਬਰ ਵੀ ਨਹੀਂ ਜਾਣਾ ਚਾਹੀਦਾ। ਤੁਸੀਂ ਪਹਿਲਾਂ ਨਾਲੋਂ ਕਾਫ਼ੀ ਬਿਹਤਰ ਸਥਿਤੀ ਵਿੱਚ ਹੋ। ਤੁਸੀਂ ਹਾਲਾਤ ਨੂੰ ਮੋੜਾ ਦੇ ਚੁੱਕੇ ਹੋ, ਅਤੇ ਕਿਸੇ ਵੱਡੀ ਰੁਕਾਵਟ ਨੂੰ ਵੀ ਸਰ ਚੁੱਕੇ ਹੋ। ਜਦੋਂ ਕਿ ਤੁਸੀਂ ਆਪਣੇ ਇਨਾਮ ਦਾ ਇੰਤਜ਼ਾਰ ਕਰ ਰਹੇ ਹੋ, ਉਸ ਨੂੰ ਹਾਸਿਲ ਕਰਨ ਵਿੱਚ ਕੁਝ ਦੇਰੀ ਹੋ ਸਕਦੀ ਹੈ, ਪਰ ਇਸ ਬਾਰੇ ਨਿਸ਼ਚਿਤ ਰਹਿਓ ਕਿ ਤੁਹਾਡੇ ਤਕ ਅੱਪੜਨ ਲਈ ਉਹ ਆਪਣੇ ਰਾਹ ‘ਤੇ ਅੱਗੇ ਵੱਧ ਰਿਹੈ। ਹੁਣ ਪੁਰਾਣੇ ਭੈੜੇ ਦਿਨਾਂ ਨੂੰ ਚੇਤੇ ਕਰਨ ਦਾ ਕੋਈ ਮਕਸਦ ਨਹੀਂ। ਚੌਕਸ ਆਸ਼ਾਵਾਦ ਨਾਲ ਅੱਗੇ ਵਧਦਿਆਂ ਆਪਣੇ ਸ਼ੰਕਿਆਂ ਅਤੇ ਆਪਣੀਆਂ ਚਿੰਤਾਵਾਂ ਨੂੰ ਇੱਕ ਪਾਸੇ ਰੱਖ ਦਿਓ। ਜਿੱਥੋਂ ਤਕ ਪਹਿਲਾਂ ਤੋਂ ਹੋ ਚੱਕੇ ਨੁਕਸਾਨ ਦਾ ਸਵਾਲ ਹੈ … ਇਸ ਦੀ ਛੇਤੀ ਹੀ ਭਰਪਾਈ ਹੋਣੀ ਸ਼ੁਰੂ ਹੋ ਜਾਵੇਗੀ।
ਕੁਝ ਲੋਕ ਰਾਈ ਦਾ ਪਹਾੜ ਬਣਾ ਦਿੰਦੇ ਹਨ। ਬਹਤਾ ਕਰ ਕੇ, ਤੁਸੀਂ ਇਸ ਦੇ ਉਲਟ ਚੱਲਦੇ ਹੋ। ਜਦੋਂ ਤੁਸੀਂ ਆਪਣਾ ਦਿਮਾਗ਼ ਲੜਾਣਾ ਸ਼ੁਰੂ ਕਰਦੇ ਹੋ ਤਾਂ ਵੱਡੇ, ਮੁਸ਼ਕਿਲ, ਅਤੇ ਜ਼ਿਆਦਾ ਮਿਹਨਤ ਮੰਗਣ ਵਾਲੇ ਮਸਲੇ ਵੀ ਸੁੰਗੜਨਾ ਸ਼ੁਰੂ ਕਰ ਦਿੰਦੇ ਹਨ। ਤੁਸੀਂ ਆਪਣੇ ਰਾਹ ਦੀਆਂ ਅਣਚਨਾਂ ਨੂੰ ਪੱਕੀਆਂ ਰੁਕਾਵਟਾਂ ਕਦੇ ਵੀ ਨਹੀਂ ਬਣਨ ਦਿੰਦੇ, ਅਤੇ ਉਨ੍ਹਾਂ ਮਸਲਿਆਂ ਨਾਲ ਵੀ ਆਸਾਨੀ ਨਾਲ ਨਜਿੱਠ ਲੈਂਦੇ ਹੋ ਜਿਨ੍ਹਾਂ ਤੋਂ ਬਹੁਤੇ ਲੋਕ ਕਤਰਾਉਂਦੇ ਹਨ। ਤੁਸੀਂ ਆਮ ਤੌਰ ‘ਤੇ ਪੇਚੀਦਾ ਮਸਲਿਆਂ ਦੇ ਸਰਲ ਹੱਲ ਦੇਖ ਲੈਂਦੇ ਹੋ। ਫ਼ਿਰ ਵੀ ਕਈ ਵਾਰ ਤੁਸੀਂ ਫ਼ਸੇ ਹੋਏ ਜਾਂ ਕਿਸੇ ਚੱਕਰਵਿਊ ਵਿੱਚ ਘਿਰੇ ਹੋਏ ਕਿਉਂ ਮਹਿਸੂਸ ਕਰਦੇ ਹੋ? ਕਿਉਂਕਿ ਤੁਸੀਂ ਅਕਸਰ ਹੀ ਨਿਗੂਣੇ ਵਿਸਤਾਰ ਵਿੱਚ ਅਟਕ ਜਾਂਦੇ ਹੋ। ਮੌਜੂਦਾ ਮਾਮੂਲੀ ਜਿਹੇ ਤਕਲੀਫ਼ਦੇਹ ਮਾਮਲੇ ਨਾਲ ਨਜਿੱਠੋ। ਜਿਵੇਂ ਹੀ ਉਹ ਹੱਲ ਹੋ ਜਾਵੇਗਾ, ਬਾਕੀ ਸਭ ਕੁਝ ਆਪਣੇ ਆਪ ਠੀਕ ਹੋ ਜਾਵੇਗਾ।
ਕਲਪਨਾ ਕਰੋ ਦੋ ਲੋਕ ਇੱਕ ਗੁਫ਼ਾ ਵਿੱਚ ਫ਼ਸੇ ਹੋਏ ਹਨ … ਦੋਹੇਂ ਸਦੀਆਂ ਤੋਂ ਉਸ ਵਿੱਚ ਭਟਕ ਰਹੇ ਹਨ, ਪਰ ਉਨ੍ਹਾਂ ਨੂੰ ਬਾਹਰ ਨਿਕਲਣ ਦਾ ਰਸਤਾ ਹੀ ਨਹੀਂ ਮਿਲਦਾ। ਹੁਣ, ਜੇਕਰ ਉਨ੍ਹਾਂ ਵਿੱਚੋਂ ਇੱਕ ਬੰਦਾ ਦੂਸਰੇ ਦੇ ਮੋਢਿਆਂ ‘ਤੇ ਚੜ੍ਹ ਕੇ ਖੜ੍ਹਾ ਹੋ ਜਾਵੇ ਤਾਂ ਉਹ ਉਸ ਗੁਫ਼ਾ ਦੀਆਂ ਦੀਵਾਰਾਂ ਦੇ ਉੱਪਰੋਂ ਦੀ ਝਾਕ ਕੇ ਦੇਖ ਸਕਣਗੇ ਅਤੇ ਇਸ ਤਰ੍ਹਾਂ ਉਹ ਜਲਦੀ ਹੀ ਉੱਥੋਂ ਨਿਕਲਣ ਦਾ ਰਾਹ ਲੱਭ ਲੈਣਗੇ। ਦ੍ਰਿਸ਼ਟੀਕੋਣ ਬੇਸ਼ਕੀਮਤੀ ਸ਼ੈਅ ਹੈ। ਸਾਨੂੰ ਹਮੇਸ਼ਾ ਕੁਝ ਵੀ ਹੋਰ ਪ੍ਰਾਪਤ ਕਰਨ ਤੋਂ ਪਹਿਲਾਂ ਇਸ ਨੂੰ ਹਾਸਿਲ ਕਰਨਾ ਚਾਹੀਦੈ ਕਿਉਂਕਿ ਜੇਕਰ ਸਾਡੇ ਕੋਲ ਇਹ ਨਹੀਂ ਤਾਂ ਫ਼ਿਰ ਸਾਡੇ ਕੋਲ ਕੁਝ ਵੀ ਨਹੀਂ। ਜਿਹੜੀ ਸਪੱਸ਼ਟਤਾ ਤੁਹਾਨੂੰ ਦਰਕਾਰ ਹੈ, ਉਸ ਨੂੰ ਹਾਸਿਲ ਕਰਨ ਲਈ ਤੁਹਾਨੂੰ ਕਿਸੇ ਦੀ ਮਦਦ ਦੀ ਲੋੜ ਪੈ ਸਕਦੀ ਹੈ। ਪਰ ਜੇਕਰ ਤੁਸੀਂ ਸਹਿਯੋਗ ਨੂੰ ਸੱਦਾ ਦਿਓਗੇ, ਜੇਕਰ ਤੁਸੀਂ ਇੱਜ਼ਤ ਕਰੋਗੇ, ਜੇਕਰ ਤੁਸੀਂ ਕਿਸੇ ਦੇ ਖ਼ਿਲਾਫ਼ ਚੱਲਣ ਦੀ ਬਜਾਏ ਉਨ੍ਹਾਂ ਦੇ ਨਾਲ ਮਿਲ ਕੇ ਕੰਮ ਕਰੋਗੇ, ਤੁਹਾਨੂੰ ਹਰ ਲੋੜੀਂਦੀ ਮਦਦ ਮਿਲੇਗੀ।
ਅਸੀਂ ਸਾਰੇ ਸਲਾਮਤੀ, ਸੁਰੱਖਿਆ ਅਤੇ ਸਮਰੱਥਾ ਚਾਹੁੰਦੇ ਹਾਂ। ਪਰ ਅਸੀਂ ਸਾਰੇ ਇਹ ਵੀ ਜਾਣਦੇ ਹਾਂ ਕਿ ਅਜਿਹੇ ਤਜਰਬੇ ਜੀਵਨ ਦੀਆਂ ਸਭ ਤੋਂ ਸੌਖੀਆਂ ਚੋਣਾਂ ਦੀ ਚੋਣ ਕਰਨ ਨਾਲ ਬਹੁਤ ਹੀ ਘੱਟ ਹਾਸਿਲ ਹੁੰਦੇ ਹਨ। ਜਦੋਂ ਅਸੀਂ ਬਹੁਤ ਹੀ ਆਸਾਨੀ ਨਾਲ ਹਾਰ ਮੰਨ ਲੈਂਦੇ ਹਾਂ ਤਾਂ ਸਾਨੂੰ ਕੁਝ ਚਿਰ ਲਈ ਦਬਾਅ ਤੋਂ ਰਾਹਤ ਤਾਂ ਮਿਲ ਸਕਦੀ ਹੈ, ਪਰ, ਅੰਤ ਵਿੱਚ, ਜੇਕਰ ਅਸੀਂ ਬਹੁਤ ਜਲਦੀ ਸਮਝੌਤਾ ਕਰ ਲਈਏ ਤਾਂ ਅਸੀਂ ਕੇਵਲ ਖ਼ੁਦ ਨੂੰ ਹੀ ਕਮਜ਼ੋਰ ਸਾਬਿਤ ਕਰਦੇ ਹਾਂ। ਕਿਸੇ ਤਾਕਤਵਰ ਬੰਦੇ ਨੂੰ ਇਸ ਉਮੀਦ ਵਿੱਚ ਸ਼ਾਂਤ ਕਰਨ ਵਿੱਚ ਕਿ ਤੁਸੀਂ ਆਪਣੀ ਜ਼ਿੰਦਗੀ ਸ਼ਾਂਤੀ ਨਾਲ ਗੁਜ਼ਾਰ ਸਕੋ ਅਤੇ ਕਿਸੇ ਬੰਦੇ ਵਿੱਚ ਓਦੋਂ ਵੀ ਭਰੋਸਾ ਜਤਾਈ ਜਾਣ ਵਿੱਚ ਜਦੋਂ ਉਹ ਪ੍ਰਤੱਖ ਰੂਪ ਵਿੱਚ ਤੁਹਾਡੀ ਦਿਆਨਤਦਾਰੀ ‘ਤੇ ਹੀ ਸ਼ੱਕ ਕਰ ਰਿਹਾ ਹੋਵੇ, ਦੋਹਾਂ ਦਰਮਿਆਨ ਬਹੁਤ ਵੱਡਾ ਫ਼ਰਕ ਹੈ। ਪਰ ਰਹਿਮਦਿਲ ਬਣੇ ਰਹਿ ਕੇ ਤੁਸੀਂ ਕੁਝ ਵੀ ਨਹੀਂ ਗੁਆ ਸਕਦੇ।














