ਸਿੱਧੂ ਦੇ ਅਸਤੀਫ਼ੇ ਦੀ ਖ਼ਬਰ ਸੁਣ ਕੇ ਡਰ ਗਈ ਸੀ ਅਰਚਨਾ, ਹੋਣ ਲੱਗੀ ਸੀ ਧੱਕ-ਧੱਕ

ਨਵਜੋਤ ਸਿੰਘ ਸਿੱਧੂ ਦੇ ਬੀਤੇ ਦਿਨੀਂ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਚਰਚਾ ਹੈ ਕਿ ਉਹ ਦਾ ਕਪਿਲ ਸ਼ਰਮਾ ਸ਼ੋਅ ‘ਚ ਵਾਪਸੀ ਕਰ ਸਕਦੈ। ਉਂਝ ਅਸਤੀਫ਼ੇ ਦੀ ਖ਼ਬਰ ਨਾਲ ਜਿੱਥੇ ਸਿੱਧੂ ਦੇ ਫ਼ੈਨਜ਼ ਉਸ ਨੂੰ ਕਪਿਲ ਦੇ ਸ਼ੋਅ ‘ਚ ਦੇਖਣਾ ਚਾਹੁੰਦੇ ਹਨ, ਉਥੇ ਹੀ ਅਰਚਨਾ ਪੂਰਨ ਸਿੰਘ ਇਨ੍ਹੀਂ ਦਿਨੀਂ ਡਰੀ ਹੋਈ ਹੈ। ਅਰਚਨਾ ਨੇ ਇਸ ਬਾਰੇ ਖੁਦ ਕਪਿਲ ਦੇ ਸ਼ੋਅ ‘ਚ ਦੱਸਿਆ।
ਕੰਗਨਾ ਦੀ ਤਾਰੀਫ਼ ‘ਚ ਅਰਚਨਾ ਨੇ ਆਖੇ ਸਿਰਫ਼ ਦੋ ਸ਼ਬਦ
ਸ਼ਨੀਵਾਰ ਨੂੰ ਦਾ ਕਪਿਲ ਸ਼ਰਮਾ ਸ਼ੋਅ ਦੀ ਜਿਵੇਂ ਹੀ ਸ਼ੁਰੂਆਤ ਹੋਈ, ਸ਼ੋਅ ‘ਚ ਕੰਗਨਾ ਰਣੌਤ ਦੀ ਐਂਟਰੀ ਹੋਈ। ਕੰਗਨਾ ਸ਼ੋਅ ‘ਚ ਫ਼ਿਲਮ ਜਜਮੈਂਟਲ ਹੈ ਕਯਾ ਦੀ ਪ੍ਰਮੋਸ਼ਨ ਲਈ ਪਹੁੰਚੀ ਸੀ। ਕੰਗਨਾ ਦੇ ਪਹੁੰਚਦੇ ਹੀ ਸ਼ੋਅ ਦੀ ਜੱਜ ਅਰਚਨਾ ਪੂਰਨ ਸਿੰਘ ਨੇ ਉਸ ਦੀ ਤਾਰੀਫ਼ ਕਰਦੇ ਹੋਏ ਦੋ ਸ਼ਬਦ ਆਖੇ। ਅਰਚਨਾ ਦੇ ਰੁਕਦੇ ਹੀ ਕਪਿਲ ਨੇ ਕਿਹਾ, ”ਕੰਗਨਾ ਹੁਣ ਜੇ ਸਿੱਧੂ ਸਰ ਹੁੰਦੇ ਤਾਂ ਅੱਧੀ ਦਰਜਨ ਸ਼ੇਅਰ ਤਾਂ ਤੁਹਾਨੂੰ ਦੇਖ ਕੇ ਹੀ ਪੜ੍ਹ ਦਿੰਦੇ। ਇਹ ਤਾਂ ਅਰਚਨਾ ਜੀ ਹਨ ਜੋ ਦੋ ਸ਼ਬਦ ਕਹਿ ਕੇ ਗੱਲ ਖ਼ਤਮ ਕਰ ਗਏ। ਕਪਿਲ ਨੇ ਮਜ਼ਾਕ ਕਰਦੇ ਹੋਏ ਕਿਹਾ, ”ਜਿਵੇਂ ਹੀ ਸਿੱਧੂ ਜੀ ਨੂੰ ਪਤਾ ਲੱਗੇਗਾ ਕਿ ਅੱਜ ਕੰਗਨਾ ਸ਼ੋਅ ‘ਚ ਆ ਰਹੀ ਹੈ, ਉਨ੍ਹਾਂ ਨੇ ਗੁੱਸੇ ‘ਚ ਰਿਜ਼ਾਈਨ ਕਰ (ਅਸਤੀਫ਼ਾ ਦੇ) ਦਿੱਤਾ।”
ਸਿੱਧੂ ਦੇ ਅਸਤੀਫ਼ੇ ਦੀ ਖ਼ਬਰ ਸੁਣ ਕੇ ਡਰੀ ਅਰਚਨਾ
ਕਪਿਲ ਦੀ ਗੱਲ ਸੁਣ ਕੇ ਅਰਚਨਾ ਪੂਰਨ ਸਿੰਘ ਬੋਲੀ, ”ਜਿਵੇਂ ਹੀ ਮੈਂ ਅਸਤੀਫ਼ੇ ਦੀ ਖ਼ਬਰ ਸੁਣੀ, ਮੇਰੀ ਧੜਕਨ ਵੱਧ ਗਈ ਸੀ। ਮੈਨੂੰ ਥੋੜੀ ਧੱਕ-ਧੱਕ ਹੋਈ ਸੀ।” ਕਪਿਲ ਇਹ ਸੁਣ ਕੇ ਬੋਲਿਆ, ”ਦੇਖੋ ਭਾਈ ਆਪਣਾ-ਆਪਣਾ ਦੇਖੋ … ਮੈਨੂੰ ਕੀ ਪਤਾ।” ਕਪਿਲ ਅਤੇ ਅਰਚਨਾ ਦੀ ਇਹ ਸੁਣ ਕੇ ਕੰਗਨਾ ਆਪਣਾ ਹਾਸਾ ਨਾ ਰੋਕ ਸਕੀ।
ਜੱਜ ਦੀ ਕੁਰਸੀ ‘ਤੇ ਅਰਚਨਾ ਨੇ ਕੀਤਾ ਕਬਜ਼ਾ
ਦਾ ਕਪਿਲ ਸ਼ਰਮਾ ਸ਼ੋਅ ‘ਚ ਇਨ੍ਹੀਂ ਦਿਨੀਂ ਅਰਚਨਾ ਪੂਰਨ ਸਿੰਘ ਨੇ ਜੱਜ ਦੀ ਕੁਰਸੀ ‘ਤੇ ਕਬਜ਼ਾ ਕੀਤਾ ਹੋਇਆ ਹੈ। ਅਰਚਨਾ ਪੂਰਨ ਸਿੰਘ ਨੂੰ ਕਈ ਵਾਰ ਸ਼ੋਅ ‘ਚ ਮਜ਼ਾਕੀਆ ਲਹਿਜੇ ‘ਚ ਕਪਿਲ ਸ਼ਰਮਾ ਵੀ ਤਾਅਨੇ ਦਿੰਦਾ ਨਜ਼ਰ ਆ ਚੁੱਕੈ ਕਿ ਉਸ ਨੇ ਸਿੱਧੂ ਦੀ ਕੁਰਸੀ ਖੋਹ ਲਈ ਹੈ।
ਪੁਲਵਾਮਾ ਹਮਲੇ ਤੋਂ ਬਾਅਦ ਦਿੱਤਾ ਸੀ ਸਿੱਧੂ ਨੇ ਵਿਵਾਦਿਤ ਬਿਆਨ
ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਨੂੰ ਪੁਲਵਾਮਾ ਹਮਲੇ ‘ਤੇ ਆਪਣੇ ਵਿਵਾਦਿਤ ਬਿਆਨ ਕਾਰਨ ਦਾ ਕਪਿਲ ਸ਼ਰਮਾ ਸ਼ੋਅ ਛੱਡਣਾ ਪਿਆ ਸੀ। ਹਾਲਾਂਕਿ ਸਿੱਧੂ ਨੇ ਸ਼ੋਅ ਛੱਡਣ ਦਾ ਕਾਰਨ ਚੋਣਾਂ ਦਾ ਰੁਝੇਵਾਂ ਦੱਸਿਆ ਸੀ। ਹੁਣ ਸਿੱਧੂ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੈ ਅਤੇ ਅਜਿਹੇ ‘ਚ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਇਸ ਕੌਮੇਡੀ ਸ਼ੋਅ ‘ਚ ਉਸ ਦੀ ਵਾਪਸੀ ਹੋ ਸਕਦੀ ਹੈ।