ਸੁਣਦੇ ਹੁੰਦੇ ਸਾਂ ਕਿ ਜਦੋਂ ਤੁਸੀਂ ਕੁਝ ਵੀ ਕਰਦੇ ਜਾਂ ਕਹਿੰਦੇ ਹੋ ਤਾਂ ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ ਕੋਈ ਤੁਹਾਨੂੰ ਦੇਖ ਜਾਂ ਸੁਣ ਤਾਂ ਨਹੀਂ ਰਿਹਾ। ਰੋਜ਼ਮੱਰਾ ਦੀ ਜ਼ਿੰਦਗੀ ਜਿਊਂਦਿਆਂ ਸਾਨੂੰ ਅਕਸਰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੁੰਦਾ ਕਿ ਕਿੰਨੇ ਲੋਕ ਸਾਡੇ ਰਵੱਈਏ ਨੂੰ ਦੇਖ ਕੇ ਸਾਡੇ ਬਾਰੇ ਦੂਰੋਂ ਹੀ ਆਪਣੀ ਧਾਰਣਾ ਬਣਾ ਲੈਂਦੇ ਹਨ। ਦੁਨੀਆਂ ਦੇ ਤਿੰਨ ਵੱਖੋ ਵੱਖਰੇ ਕੋਨਿਆਂ ਤੋਂ ਛਪਣ ਵਾਲੀਆਂ ਤਿੰਨ ਵੱਡੀਆਂ ਅਖ਼ਬਾਰਾਂ, ਨਿਊ ਯੌਰਕ ਟਾਈਮਜ਼ (NYT):, ਹਫ਼ਿ:ੰਗਟਨ ਪੋਸਟ ਇੰਟਰਨੈਸ਼ਨਲ ਅਤੇ ਪੈਰਿਸ ਦੀ Le Monde ਨੇ ਬੀਤੇ ਹਫ਼ਤੇ ਦੇ ਆਪਣੇ ਸੰਪਾਦਕੀ ਨੋਟਾਂ ਵਿੱਚ ਠੀਕ ਇਹੋ ਕੀਤਾ। ਉਨ੍ਹਾਂ ਨੇ ਭਾਰਤ ਦੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਹਕੂਮਤ ਦੇ ਸਖ਼ਤ ਵਤੀਰੇ ਅਤੇ ਪੂਰੇ ਭਾਰਤ ਵਿੱਚ ਫ਼ੈਲੀ ਸੰਵੇਦਨਹੀਨਤਾ ਨੂੰ ਦੇਖਦੇ ਹੋਏ ਮੋਦੀ ਹਕੂਮਤ ‘ਤੇ ਤਿੱਖੀ ਚੁੱਟਕੀ ਲਈ! ਆਪਣੇ ਚੋਭਵੇਂ ਅਦਾਰੀਏ ਵਿੱਚ, ਨਿਊ ਯੌਰਕ ਟਾਈਮਜ਼ ਨੇ JNU ਵਿਦਿਆਰਥੀਆਂ ‘ਤੇ ਪੁਲਿਸੀ ਤੇ ਵਕੀਲੀ ਬੁਰਛਾਗ਼ਰਦੀ ਦਾ ਸਖ਼ਤ ਨੋਟਿਸ ਲੈਂਦਿਆਂ ਸਿੱਧੇ ਸਿੱਧੇ ਪ੍ਰਧਾਨ ਮੰਤਰੀ ਮੋਦੀ ਨੂੰ ਇਸ ਦਾ ਜ਼ਿੰਮੇਵਾਰ ਠਹਿਰਾਇਆ, ਅਤੇ ਉਸ ਦੀ ਸਰਕਾਰ ‘ਤੇ ਆਹਿਸਤਾ ਆਹਿਸਤਾ, ਪਰ ਨਿਸ਼ਚਿਤ ਰੂਪ ਵਿੱਚ, ਸੱਜੇ ਪੱਖੀ ਮੋੜ ਕੱਟਣ ਦਾ ਦੋਸ਼ ਵੀ ਲਗਾਇਆ। ਸੰਪਾਦਕੀ ਵਿੱਚ ਅਖ਼ਬਾਰ ਦਾ ਲਿਖਣਾ ਸੀ ਕਿ ਮੋਦੀ ਹਕੂਮਤ ਦੀਆਂ ਸਾਰੀਆਂ ਹਾਲੀਆ ਕਾਰਵਾਈਆਂ ਬੋਲਣ ਦੀ ਆਜ਼ਾਦੀ ਦਾ ਗਲ਼ਾ ਘੋਟਣ ਦੇ ਬਰਾਬਰ ਹਨ, ਅਤੇ ਨਰੇਂਦਰ ਮੋਦੀ ਇਨ੍ਹਾਂ ਮਾਮਲਿਆਂ ਵਿੱਚ ਇੱਕ ਮੂਕ ਦਰਸ਼ਕ ਬਣ ਕੇ ਬੈਠੇ ਰਹਿਣ ਦੇ ਸਿਵਾਏ ਹੋਰ ਕੁਝ ਵੀ ਨਹੀਂ ਕਰਦਾ। ਨਿਊ ਯੌਰਕ ਟਾਈੰਮਜ਼ ਦਾ ਕਹਿਣਾ ਸੀ ਕਿ ਜੋ ਕੁਝ ਵੀ ਬੀਤੇ ਹਫ਼ਤਿਆਂ ਦੌਰਾਨ ਸਾਨੂੰ ਦਿੱਲੀ ਅਤੇ ਹੋਰ ਭਾਰਤੀ ਸ਼ਹਿਰਾਂ ਵਿੱਚ ਦੇਖਣ ਨੂੰ ਮਿਲਿਆ ਹੈ ਉਹ ਹੈ ਬੇਕਾਇਦਾ ਹਜੂਮਾਂ ਵਲੋਂ ਵੰਡਿਆ ਜਾ ਰਿਹਾ ਆਪਹੁਦਰਾ ਇਨਸਾਫ਼ ਅਤੇ ਮੋਦੀ ਸਰਕਾਰ ਇਸ ਪ੍ਰੋਜੈਕਟ ਦੀ ਪ੍ਰਮੁੱਖ ਭਾਈਵਾਲ ਬਣੀ ਹੋਈ ਹੈ।
ਨਿਊ ਯੌਰਕ ਟਾਈਮਜ਼ ਦੇ ਜਿਸ ਸੰਪਾਦਕੀ ਲੇਖ ਦਾ ਮੈਂ ਜ਼ਿਕਰ ਕਰ ਰਿਹਾ ਹਾਂ ਉਹ JNU ਦੇ ਇੱਕ ਵਿਦਿਆਰਥੀ, ਤੇ ਵਿਦਿਆਰਥੀ ਲੀਡਰ, ਘਨ੍ਹਈਆ ਕੁਮਾਰ ਦੀ ਦੇਸ਼ਧ੍ਰੋਹ ਦੇ ਦੋਸ਼ ਵਿੱਚ ਕੀਤੀ ਗਈ ਗ੍ਰਿਫ਼ਤਾਰੀ ਸਬੰਧੀ ਸੀ, ਅਤੇ ਇਸ ਵਿੱਚ ਸੰਪਾਦਕ ਨੇ ਠੋਕ ਕੇ ਇਸ ਗੱਲ ਦਾ ਐਲਾਨ ਕੀਤਾ ਕਿ ਦਿੱਲੀ ਦੀ ਉੱਚ ਕੋਟੀ ਯੂਨੀਵਰਸਿਟੀ ਵਿੱਚ ਹੋਈਆਂ ਹਾਲੀਆ ਝੜਪਾਂ ਮੋਦੀ ਦੇ ਰਾਜਪ੍ਰਬੰਧ ‘ਤੇ ਗੰਭੀਰ ਸਵਾਲ ਖੜ੍ਹੇ ਕਰਦੀਆਂ ਹਨ ਅਤੇ ਮੁਲਕ ਦੀ ਪਾਰਲੀਮੈਂਟ ਵਿੱਚ ਆਰਥਿਕ ਸੁਧਾਰਾਂ ਨੂੰ ਲੈ ਕੇ ਰੇੜਕਾ ਖੜ੍ਹਾ ਕਰ ਸਕਦੀਆਂ ਹਨ। ਅਖ਼ਬਾਰ ਨੇ JNU ਸਟੂਡੈਂਟ ਲੀਡਰ ਘਨ੍ਹਈਆ ਕੁਮਾਰ ਦੀ ਦੇਸ਼ਧ੍ਰੋਹ ਦੇ ਦੋਸ਼ ਅਧੀਨ ਸਰਕਾਰ ਵਲੋਂ ਕੀਤੀ ਗਈ ਗ੍ਰਿਫ਼ਤਾਰੀ ਉਪਰੰਤ ਦਿੱਲੀ ਵਿੱਚ ਵਾਪਰੀਆਂ ਘਟਨਾਵਾਂ ਦਾ ਵੇਰਵਾ ਦਿੰਦਾ ਆਰਟੀਕਲ ਵੱਖਰੇ ਤੌਰ ‘ਤੇ ਸ਼ਾਇਆ ਕੀਤਾ ਜਿਸ ਵਿੱਚ ਕਿਹਾ ਗਿਆ ਕਿ ਭਾਰਤ ਸਰਕਾਰ ਦਾ ਸੁਨੇਹਾ ਸਪੱਸ਼ਟ ਸੀ ਕਿ ਕੱਟੜ ਰਾਸ਼ਟਰਵਾਦ ਦੇ ਨਾਮ ‘ਤੇ ਹਿੰਸਾ ਨੂੰ ਪ੍ਰਵਾਨਗੀ ਵੀ ਮੌਜੂਦਾ ਭਾਰਤੀ ਸਿਆਸੀ ਢਾਂਚੇ ਦੇ ਏਜੰਡੇ ਵਿੱਚ ਸ਼ਾਮਿਲ ਹੈ। ”ਲਿੰਚ ਮੌਬ ਮੈਂਟੈਲਿਟੀ,” ਭਾਵ ਕੋਹ ਕੋਹ ਕੇ ਮਾਰਨ ਵਾਲੀਆਂ ਭੀੜਾਂ ਤੋਂ ਇਨਸਾਫ਼ ਦਿਵਾਉਣ ਵਾਲੀ ਮਾਨਸਿਕਤਾ ਦੀ ਪ੍ਰਸ਼ਾਸਨ ਦੇ ਕੰਮ ਕਾਜ ਵਿੱਚੋਂ ਝਲਕ ਮਿਲਣ ਦੀ ਸਿੱਧੀ ਸਿੱਧੀ ਜ਼ਿੰਮੇਵਾਰੀ ਮੋਦੀ ਸਰਕਾਰ ਦੇ ਸਿਰ ਆਉਂਦੀ ਹੈ, ਲੇਖਕ ਨੇ ਉਚੇਚੇ ਤੌਰ ‘ਤੇ ਆਪਣੇ ਲੇਖ ਵਿੱਚ ਇਹ ਸਪੱਸ਼ਟ ਕੀਤਾ।
ਸਿਰਫ਼ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਹੀ ਨਹੀਂ ਸਗੋਂ NYT ਨੇ ਉਸ ਦੀ ਸਰਕਾਰ ਅਤੇ ਦੂਸਰੇ ਮੰਤਰਾਲਿਆਂ ਨੂੰ ਵੀ ਪਾਣੀ ਪੀ ਪੀ ਕੋਸਿਆ। ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਇਸ ਬਿਆਨ ਕਿ ”ਜੇਕਰ ਕੋਈ ਭਾਰਤ ਵਿਰੋਧੀ ਨਾਅਰੇ ਲਗਾ ਕੇ ਰਾਸ਼ਟਰ ਦੀ ਏਕਤਾ ਅਤੇ ਇਕਸੁਰਤਾ ‘ਤੇ ਸਵਾਲ ਖੜ੍ਹੇ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ,” ਬਾਰੇ ਅਖ਼ਬਾਰ ਕਹਿੰਦਾ ਹੈ ਕਿ ”ਸ੍ਰੀਮਾਨ ਸਿੰਘ ਨੂੰ ਪ੍ਰਤੱਖ ਤੌਰ ‘ਤੇ ਇਸ ਗੱਲ ਦਾ ਅਹਿਸਾਸ ਨਹੀਂ ਕਿ ਇੱਕ ਲੋਕਤੰਤਰ ਵਿੱਚ ਆਪਣੀ ਅਸਹਿਮਤੀ ਦੀ ਆਵਾਜ਼ ਬੁਲੰਦ ਕਰਨਾ ਜਨਤਾ ਦਾ ਇੱਕ ਮਹੱਤਵਪੂਰਨ ਮਨੁੱਖੀ ਅਧਿਕਾਰ ਹੈ ਨਾ ਕਿ ਦੇਸ਼ਧ੍ਰੋਹ ਦਾ ਸੰਗੀਨ ਜੁਰਮ। ਆਪਣੀ ਆਖ਼ਰੀ ਸਤਰ ਵਿੱਚ NYT ਭਾਰਤ ਦੇ ਪ੍ਰਧਾਨ ਮੰਤਰੀ ਨੂੰ ਆਪਣੇ ਮੰਤਰੀਆਂ ਨੂੰ ਨੱਥ ਪਾਉਣ ਦੀ ਸਲਾਹ ਦਿੰਦਾ ਹੈ, ਅਤੇ ਭਾਰਤ ਦੀ ਆਰਥਿਕ ਪ੍ਰਗਤੀ ਨੂੰ ਲੀਹੋਂ ਲਾਹੁਣ ਦਾ ਖ਼ਤਰਾ ਉਠਾਉਣ ਪ੍ਰਤੀ ਚੇਤਵਾਨੀ ਵੀ। ”ਸ੍ਰੀਮਾਨ ਮੋਦੀ ਨੂੰ ਆਪਣੇ ਮੰਤਰੀਆਂ ਤੇ ਪਾਰਟੀ ਨੂੰ ਨੱਥ ਪਾ ਕੇ ਰੱਖਣੀ ਪੈਣੀ ਹੈ ਅਤੇ ਮੌਜੂਦਾ ਵਿਵਾਦ ਨੂੰ ਸ਼ਾਂਤ ਕਰਨਾ ਪੈਣੈ, ਨਹੀਂ ਤਾਂ ਭਾਰਤ ਦੀ ਆਰਥਿਕ ਪ੍ਰਗਤੀ ਅਤੇ ਉਸ ਦਾ ਲੋਕਤੰਤਰ ਦੋਹੇਂ ਖੇਰੂੰ ਖੇਰੂੰ ਹੋ ਜਾਣਗੇ।” ਇਸ ਦੌਰਾਨ ਫ਼ਰਾਂਸ ਦੀ ਸਭ ਤੋਂ ਵੱਡੀ ਰੋਜ਼ਾਨਾ ਅਖ਼ਬਾਰ Le Monde ਨੇ ਆਪਣੇ ਸੰਪਾਦਕੀ ਲੇਖ ਵਿੱਚ ਲਿਖਿਐ ਕਿ ਮੋਦੀ ਦੇ ਸੱਤਾ ਨਸ਼ੀਨ ਹੋਣ ਉਪਰੰਤ ਭਾਰਤ ਦੇ ਲੋਕਤੰਤਰ ਦੇ ਸੂਰਜ ਦੁਆਲੇ ਅਜੀਬ ਕਿਸਮ ਦੇ ਬੱਦਲ ਛਾ ਗਏ ਨੇ। ”JNU ਦੇ ਇੱਕ ਵਿਦਿਆਰਥੀ ਅਤੇ ਪ੍ਰੋਫ਼ੈਸਰ ਦੀ ਦਿੱਲੀ ਵਿੱਚ ਦੇਸ਼ਧ੍ਰੋਹ ਦੇ ਦੋਸ਼ਾਂ ਵਿੱਚ ਕੀਤੀ ਗਈ ਗ੍ਰਿਫ਼ਤਾਰੀ ਇੱਕ ਹਿੰਦੂ ਰਾਸ਼ਟਰਵਾਦੀ ਸਰਕਾਰ ਦੀ ਆਹਿਸਤਾ ਆਹਿਸਤਾ ਇੱਕ ਹਾਕਮਾਨਾ ਰਿਆਸਤ ਵਿੱਚ ਤਬਦੀਲ ਹੋਣ ਦੀ ਹੀ ਮਿਸਾਲ ਹੈ …,” ਸੰਪਾਦਕੀ ਵਿੱਚ ਅੱਗੇ ਲਿਖਿਆ ਸੀ।
ਹਫ਼ਿੰਗਟਨ ਪੋਸਟ ਵਿੱਚ ਅਭੀਸ਼ੇਕ ਸਿੱਖਵਾਲ ਨੇ ਇਸ ਵਿਸ਼ੇ ‘ਤੇ ਇੱਕ ਬੇਹੱਦ ਰੋਚਕ ਲੇਖ ਲਿਖਿਆ ਹੈ ਜੋ ਮੈਂ ਇੱਥੇ ਆਪਣੇ ਪਾਠਕਾਂ ਨਾਲ ਹੂ-ਬ-ਹੂ ਸਾਂਝਾ ਕਰਨਾ ਚਾਹੁੰਦਾ ਹਾਂ। ਅਭੀਸ਼ੇਕ ਦੇ ਇਸ ਲੇਖ ਦਾ ਸਿਰਲੇਖ ਸੀ Dictatorial regimes across history have painted dissent as sedition, ਭਾਵ ਤਾਨਾਸ਼ਾਹ ਹਕੂਮਤਾਂ ਮਨੁੱਖੀ ਇਤਿਹਾਸ ਵਿੱਚ ਅਸਹਿਮਤੀ ਨੂੰ ਮੁੱਢ ਤੋਂ ਹੀ ਦੇਸ਼ਧ੍ਰੋਹ ਗਰਦਾਨਦੀਆਂ ਆਈਆਂ ਹਨ: ”ਕਿਉਂਕਿ ਮੈਂ ਪਰਿਵਾਰਕ ਛੁੱਟੀਆਂ ਦੀਆਂ ਯੋਜਨਾਵਾਂ ਬਣਾਉਣ ਵਿੱਚ ਹਮੇਸ਼ਾ ਫ਼ਿਸੱਡੀ ਹੀ ਸਾਬਤ ਹੁੰਦਾ ਆਇਆਂ, ਮੇਰੇ ਸ੍ਰੀਮਤੀ ਜੀ ਅਤੇ ਮੈਂ ਆਪਣੀਆਂ 2014 ਦੀਆਂ ਕ੍ਰਿਸਮਸ ਦੀਆਂ ਛੁੱਟੀਆਂ ਮਨਾਉਣ ਲਈ ਕੰਬੋਡੀਆ ਦੀਆਂ ਕਤਲਗਾਹਾਂ, Killing Fields of Combodia, ਵਿੱਚ ਪਹੁੰਚ ਗਏ। ਅਸੀਂ ਆਪਣੇ ਹਨੀਮੂਨ ‘ਤੇ ਸਾਂ ਅਤੇ ਬਿਲਕੁਲ ਹੀ ਬੁਨਿਆਦੀ ਖੋਜ ਨੇ ਵੀ ਸਾਨੂੰ ਇਹ ਪ੍ਰਤੱਖ ਕਰ ਦਿੱਤਾ ਸੀ ਕਿ ਸਾਨੂੰ ਉਹ ਤਜਰਬਾ ਹਾਸਿਲ ਹੋਣ ਵਾਲਾ ਹੈ ਜਿਹੜਾ ਰੋਮੈਂਟਿਕ ਤੋਂ ਛੁੱਟ ਹੋਰ ਕੁਝ ਵੀ ਹੋ ਸਕਦਾ ਸੀ। ਕੰਬੋਡੀਅਨ ਲੋਕ ਤਸ਼ਬੀਹਾਂ ਦੇਣ ਵਿੱਚ ਆਪਣਾ ਵਕਤ ਬਿਲਕੁਲ ਵੀ ਜ਼ਾਇਆ ਨਹੀਂ ਕਰਦੇ; ਜਦੋਂ ਉਹ ਤੁਹਾਨੂੰ ਕਤਲਗਾਹਾਂ ਦਾ ਵਾਅਦਾ ਕਰਦੇ ਹਨ ਤਾਂ ਉਹ ਤੁਹਾਨੂੰ ਵਾਕਈ ਅਜਿਹੇ ਸਥਾਨਾਂ ‘ਤੇ ਲੈ ਕੇ ਜਾਂਦੇ ਹਨ ਜਿੱਥੇ ਸੱਚ-ਮੁੱਚ ਹੀ ਸਾਮੂਹਿਕ ਕਤਲ ਹੋਏ ਸਨ। ਪੋਲ ਪੌਟ ਦੀ ਅਗਵਾਈ ਵਾਲੀ ਖ਼ਮੇਰ ਰੂਸ਼ (Khmer Rouge) ਨੇ ਉਸ ਖਿੱਤੇ ਵਿੱਚ 2 ਮਿਲੀਅਨ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ। ਪੋਲ ਪੌਟ ਦੀਆਂ ਉਸ ਵੇਲੇ ਦੀਆਂ ਉਹ ਸਾਰੀਆਂ ਤਫ਼ਸੀਲੀ ਜਾਬਰਾਨਾ ਕਾਰਵਾਈਆਂ ਪ੍ਰਮੁੱਖ ਤੌਰ ‘ਤੇ ਪੇਸ਼ੇਵਰ ਮਾਹਿਰੀਨਾਂ ਅਤੇ ਬੁੱਧੀਜੀਵੀਆਂ ਵੱਲ ਹੀ ਸੇਧਿਤ ਸਨ ਅਤੇ ਉਸ ਨੂੰ ਜਿਸ ਕਿਸੇ ‘ਤੇ ਵੀ ਵਿਦੇਸ਼ੀ ਲਿੰਕ ਪਾਲਣ ਦਾ ਸ਼ੱਕ ਹੁੰਦਾ, ਜਾਂ ਪੁਰਾਣੀਆਂ ਸਰਕਾਰਾਂ ਨਾਲ ਸਬੰਧ ਰੱਖਣ ਦਾ, ਤਾਂ ਉਸ ਦਾ ਅੰਜਾਮ ਤਾਬੂਤ ਹੀ ਹੁੰਦਾ। ਫ਼ਿਰ ਆਹਿਸਤਾ ਆਹਿਸਤਾ, ਪੋਲ ਪੌਟ ਦੇ ਨਿਸ਼ਾਨੇ ‘ਤੇ ਇਸਾਈ, ਬੋਧੀ, ਥਾਈ, ਵੀਅਤਨਾਮੀ ਤੇ ਚੀਨੀ ਵੀ ਆ ਗਏ।
ਮੈਂ ਕੰਬੋਡੀਆ ਦੀਆਂ ਕਤਲਗਾਹਾਂ ਦੇ ਆਪਣੇ ਤਜਰਬੇ ਦਾ ਜ਼ਿਕਰ ਇਸ ਲੇਖ ਵਿੱਚ ਇਸ ਲਈ ਕਰ ਰਿਹਾਂ ਕਿਉਂਕਿ ਜੋ ਕੁਝ ਅੱਜਕੱਲ੍ਹ ਭਾਰਤ ਵਿੱਚ ਵਾਪਰ ਰਿਹੈ ਉਹ ਮੇਰੇ ਮੂੰਹ ਵਿੱਚ ਉਹੋ ਜਿਹਾ ਹੀ ਕੌੜਾ ਸੁਆਦ ਛੱਡ ਰਿਹੈ ਜਿਹੋ ਜਿਹਾ ਸੁਆਦ ਕੰਬੋਡੀਆ ਦੇ ਲੋਕਾਂ ਦੀਆਂ ਦਾਸਤਾਨਾਂ ਸੁਣਨ ਤੋਂ ਬਾਅਦ ਮੇਰੇ ਮੂੰਹ ਵਿੱਚ ਰਹਿ ਗਿਆ ਸੀ। ਉਸ ਦਿਨ, ਜਦੋਂ ਮੈਂ ਇੱਕ ਔਡੀਓ ਗਾਈਡ (ਕੈਸੇਟ) ‘ਤੇ ਕੰਬੋਡੀਆ ਦੀ ਇੱਕ ਕਤਲਗਾਹ ਤੋਂ ਬੱਚ ਕੇ ਨਿਕਲੇ ਇੱਕ ਵਿਅਕਤੀ ਦੀ ਦਿਲ ਦਹਿਲਾ ਦੇਣ ਵਾਲੀ ਹੱਡਬੀਤੀ ਉਸੇ ਦੀ ਜ਼ੁਬਾਨੀ ਸੁਣੀ ਤਾਂ ਉਸ ਦੀ ਕਹੀ ਹੋਈ ਇੱਕ ਗੱਲ ਮੇਰੇ ਜ਼ਹਿਨ ਵਿੱਚ ਪੱਕੇ ਤੌਰ ‘ਤੇ ਦਰਜ ਹੋ ਗਈ: ਜਦੋਂ ਖ਼ਮੇਰ ਰੂਸ਼ ਵਾਲੇ ਆਪਣੇ ਨਿਸ਼ਾਨੇ ਮਿਥਦੇ ਸਨ ਤਾਂ ਉਹ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਗ੍ਰਿਫ਼ਤਾਰ ਕਰਦੇ ਸਨ ਜਿਹੜੇ ਕਿਤਾਬਾਂ ਪੜ੍ਹਦੇ ਜਾਂ ਐਨਕਾਂ ਪਹਿਨਦੇ ਹੁੰਦੇ ਸਨ। ‘ਬੌਧਿਕ ਜਿਗਿਆਸਾ’ (intellectual curiosity) ਅਤੇ ਹਕੂਮਤ ਨੂੰ ਸਵਾਲ ਕੰਬੋਡੀਆ ਵਿੱਚ ਅਚਾਨਕ ਦੇਸ਼ਧ੍ਰੋਹ ਹੋ ਗਏ। ਜਦੋਂ ਮੈਂ ਹਾਲੇ 1970ਵਿਆਂ ਦੇ ਕੰਬੋਡੀਆ ਦੇ ਖ਼ੂਨੀ ਮੰਜ਼ਰਾਂ ਅਤੇ ਪੇਟ ਵਿੱਚ ਵੱਟ ਪਾ ਦੇਣ ਵਾਲੇ ਤਸੀਹਿਆਂ ਦੀ ਜਾਣਕਾਰੀ ਨੂੰ ਹਜ਼ਮ ਕਰਨ ਦੀ ਕੋਸ਼ਿਸ਼ ਹੀ ਕਰ ਰਿਹਾ ਸਾਂ ਤਾਂ ਮੇਰੇ ਜ਼ਹਿਨ ਵਿੱਚ ਸਿਰਫ਼ ਇੱਕੋ ਸਵਾਲ ਬਾਰ ਬਾਰ ਉੱਠ ਰਿਹਾ ਸੀ: ਕੋਈ ਵੀ ਮੁਲਕ ਆਪਣੇ ਹੀ ਨਾਗਰਿਕਾਂ ਖ਼ਿਲਾਫ਼ ਜੰਗ ਦਾ ਐਲਾਨ ਜਾਂ ਉਨ੍ਹਾਂ ਦਾ ਕਤਲੇਆਮ ਕਿਵੇਂ ਕਰ ਸਕਦਾ ਹੈ? ਕੀ ਜਨਤਕ ਉਨਮਾਦ ਲੋਕਾਂ ਨੂੰ ਇਸ ਹੱਦ ਤਕ ਬੇਹਿੱਸ ਕਰ ਦਿੰਦਾ ਹੈ ਕਿ ਉਹ ਆਪਣੇ ਹੀ ਗਵਾਂਢੀਆਂ, ਅਧਿਆਪਕਾਂ ਅਤੇ ਸਾਥੀਆਂ ਨੂੰ ਕਤਲ ਕਰਨ ਲਈ ਤਿਆਰ ਹੋ ਜਾਣ?
ਮਿਲੀਗ੍ਰਾਮ ਤਜਰਬਾ, The Miligram Experiment, ਇੱਕ ਮਨੋਵਿਗਿਆਨਕ ਤਜਰਬਾ ਸੀ ਜਿਹੜਾ ਕਿ ਇੱਕ ਅਮਰੀਕਨ ਸਮਾਜਕ ਮਨੋਵਿਗਿਆਨੀ ਸਟੈਨਲੀ ਮਿਲੀਗ੍ਰਾਮ ਨੇ 1961 ਵਿੱਚ ਸਰਅੰਜਾਮ ਦਿੱਤਾ ਸੀ ਅਤੇ ਇਸ ਰਾਹੀਂ ਉਹ ਇਹ ਸੁਨਿਸ਼ਚਿਤ ਕਰਨਾ ਚਾਹੁੰਦਾ ਸੀ ਕਿ ਹਿਟਲਰ ਦੇ ਨਾਜ਼ੀ ਆਪਣੇ ਜੁਰਮਾਂ ਲਈ ਸੱਚਮੁੱਚ ਹੀ ਦੋਸ਼ੀ ਸਨ ਜਾਂ ਫ਼ਿਰ ਉਹ ਸਿਰਫ਼ ਹਿਟਲਰ ਦੇ ਹੁਕਮਾਂ ਦੇ ਸੱਮੋਹਨ (ਗੱਲਾਂ ਦੇ ਜਾਦੂ) ਅਧੀਨ ਹੀ ਉਸ ਵਲੋਂ ਕਹੀ ਗਈ ਹਰ ਗੱਲ ਨੂੰ ਸੱਚ ਮੰਨ ਕੇ ਉਸ ਨੂੰ ਪੂਰਾ ਕਰਦੇ ਰਹੇ। ਇਸ ਤਜਰਬੇ ਵਿੱਚ ਸਭ ਤੋਂ ਉੱਪਰ ਇੱਕ ਸ਼ਕਤੀਸ਼ਾਲੀ ਵਿਅਕਤੀ ਸੀ ਜਿਸ ਨੂੰ ‘ਐਕਸਪੈਰੀਮੈਂਟਰ’ ਜਾਂ ਤਜਰਬਾ ਕਰਨ ਵਾਲਾ ਕਿਹਾ ਗਿਆ ਅਤੇ ਉਸ ਦਾ ਇੱਕ ਤਾਬਿਆਦਾਰ ਸੀ ਜਿਸ ਨੂੰ ਟੀਚਰ ਜਾਂ ਅਧਿਆਪਕ ਸੱਦਿਆ ਗਿਆ। ਅਧਿਆਪਕ ਦਾ ਕੰਮ ਸੀ ਸਾਥੀ ਵੌਲੰਟੀਅਰ, ਲਰਨਰ ਜਾਂ ਸਿਖਿਆਰਥੀ, ਨੂੰ ਬਿਜਲੀ ਦੇ ਝਟਕੇ ਦੇਣੇ। ਉਸ ਤਜਰਬੇ ਵਿੱਚ ਬਿਜਲੀ ਦੇ ਝਟਕੇ ਅਸਲੀ ਨਹੀਂ ਸਨ ਅਤੇ ਝਟਕੇ ਪ੍ਰਾਪਤ ਕਰਨ ਵਾਲੇ ਸਿਖਿਆਰਥੀ – ਜੋ ਕਿ ਹਰ ਵਾਰ ਇੱਕ ਐਕਟਰ ਹੀ ਸੀ – ਨੇ ਅਸਹਿਣਯੋਗ ਪੀੜ ਹੋਣ ਦਾ ਨਾਟਕ ਕਰਦੇ ਹੋਏ ਖ਼ੁਦ ਨੂੰ ਦਿਲ ਦਾ ਰੋਗੀ ਵੀ ਦੱਸਿਆ। ਇਸ ਸਾਰੇ ਤਜਰਬੇ ਵਿੱਚੋਂ ਸਮਝਣਯੋਗ, ਪਰ ਖ਼ੌਫ਼ਨਾਕ, ਨੁਕਤਾ ਇਹ ਸੀ ਕਿ ਤਾਬਿਆਦਾਰ ਕਿਵੇਂ ਆਪਣੇ ਆਕਾ (ਐਕਸਪੈਰੀਮੈਂਟਰ) ਦੇ ਹਰ ਹੁਕਮ ਨੂੰ ਅੰਨੇਵਾਹ ਵਜਾਉਂਦਾ ਸੀ ਹਾਲਾਂਕਿ ਉਹ ਇਹ ਮੰਨ ਕੇ ਹੀ ਸਿਖਿਆਰਥੀ ਨੂੰ ਬਿਜਲੀ ਦੇ ਝਟਕੇ ਦੇ ਰਿਹਾ ਸੀ ਕਿ ਉਹ ਅਸਲੀ ਹਨ ਅਤੇ ਲਰਨਰ ਨੂੰ ਪੀੜ ਪਹੁੰਚਾ ਰਹੇ ਹਨ। ਇਸ ਤਜਰਬੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਤਾਬਿਆਦਾਰਾਂ ਨੂੰ 15-15 ਵੋਲਟ ਦੇ ਅਸਲੀ ਬਿਜਲੀ ਦੇ ਝਟਕੇ ਸੈਂਪਲ ਦੇ ਤੌਰ ‘ਤੇ ਦਿੱਤੇ ਗਏ ਤਾਂ ਕਿ ਉਨ੍ਹਾਂ ਨੂੰ ਇਸ ਗੱਲ ਦਾ ਪ੍ਰਤੱਖ ਅਹਿਸਾਸ ਹੋ ਸਕੇ ਕਿ ਸਿਖਿਆਰਥੀ ਜਾਂ ਲਰਨਰ ਨੂੰ ਤਜਰਬੇ ਦੌਰਾਨ ਕਿੰਨੀ ਕੁ ਪੀੜ ਮਹਿਸੂਸ ਹੋਣ ਵਾਲੀ ਹੈ!
ਇਸ ਤਜਰਬੇ ਤੋਂ ਬਾਅਦ ਨੋਟ ਕਰਨ ਯੋਗ ਗੱਲ ਇਹ ਸੀ ਬਿਜਲੀ ਦੇ ਝਟਕਿਆਂ ਤੋਂ ਮਿਲਣ ਵਾਲੇ ਸ਼ੌਕ ਦਾ ਖ਼ੁਦ ਤਜਰਬਾ ਕੀਤਾ ਹੋਇਆ ਹੋਣ ਦੇ ਬਾਵਜੂਦ, ਲਗਭਗ 65 ਪ੍ਰਤੀਸ਼ਤ ਦੇ ਕਰੀਬ ਤਾਬਿਆਦਾਰਾਂ ਨੇ ਲਰਨਰਜ਼ ਜਾਂ ਸਿਖਿਆਰਥੀ ਵੌਲੰਟੀਅਰਜ਼ ਦੀਆਂ ਮਿੰਨਤਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਉਨ੍ਹਾਂ ਨੂੰ 440 ਵੋਲਟ ਤਕ ਦੇ ਬਿਜਲੀ ਦੇ ਝਟਕੇ ਦਿੱਤੇ, ਸਿਰਫ਼ ਇਸ ਲਈ ਕਿ ਉਨ੍ਹਾਂ ਦੇ ਆਕਾਵਾਂ, ਯਾਨੀ ਕਿ ਐਕਸਪੈਰੀਮੈਂਟਰਜ਼, ਦਾ ਉਨ੍ਹਾਂ ਨੂੰ ਕਹਿਣਾ ਸੀ ਕਿ ਇਸ ਨਾਲ ਸਿਖਿਆਰਥੀਆਂ ਨੂੰ ਕੋਈ ਬਹੁਤੀ ਦਰਦ ਨਹੀਂ ਹੁੰਦੀ। ਆਪਣੇ ਇਸ ਤਜਰਬੇ ਉਪਰੰਤ ਮਿਲੀਗ੍ਰਾਮ ਨੇ ਇਸ ਬਾਰੇ ਦੋ ਥਿਊਰੀਆਂ ਘੜੀਆਂ ਕਿ ਕਿਉਂ ਤਾਬਿਆਦਾਰ ਆਪਣੇ ਆਕਾਵਾਂ ਦੇ ਹੁਕਮ ਮੰਨਦੇ ਰਹੇ ਜਦੋਂ ਕਿ ਉਨ੍ਹਾਂ ਦੇ ਜ਼ਮੀਰ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਸਾਫ਼ ਵਰਜਦੇ ਰਹੇ: (ਅ) ਇੱਕ ਤਾਬਿਆਦਾਰ ਵਿੱਚ ਨਾ ਤਾਂ ਫ਼ੈਸਲੇ ਲੈਣ ਦੀ ਕਾਬਲੀਅਤ ਹੁੰਦੀ ਹੈ ਤੇ ਨਾ ਹੀ ਮਹਾਰਤ, ਖ਼ਾਸਕਰ ਸੰਕਟਕਾਲੀਨ ਸਥਿਤੀਆਂ ਵਿੱਚ, ਸੋ ਉਹ ਫ਼ੈਸਲੇ ਕਰਨ ਦਾ ਹੱਕ ਆਪਣੇ ਗਰੁੱਪ ਦੇ ਸਭ ਤੋਂ ਵੱਧ ਤਾਕਤਵਰ ਵਿਅਕਤੀ ਨੂੰ ਦੇ ਦਿੰਦੇ ਹਨ। (ੳ) ਆਗਿਆ ਪਾਲਣ ਕਰਨ ਵੇਲੇ ਇੱਕ ਤਾਬਿਆਦਾਰ ਆਪਣੇ ਆਪ ਨੂੰ ਆਪਣੇ ਆਕਾ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਇੱਕ ਪਿਆਦਾ ਹੀ ਮੰਨ ਕੇ ਚਲਦਾ ਹੈ, ਅਤੇ ਉਹ ਆਪਣੇ ਆਪ ਨੂੰ ਫ਼ਿਰ ਆਪਣੇ ਕਿਸੇ ਵੀ ਐਕਸ਼ਨ ਲਈ ਜ਼ਿੰਮੇਵਾਰ ਨਹੀਂ ਸਮਝਦਾ।
ਮਨੁੱਖੀ ਸ਼ਰੀਰ ਵਿੱਚ ਪਿਆ ਦਿਮਾਗ਼ ਇੰਝ ਹੁੰਦੈ ਜਿਵੇਂ ਕਿਸੇ ਮਸ਼ੀਨ ਵਿੱਚ ਛੁੱਪਿਆ ਕੋਈ ਭੂਤ, ਇਹ ਕਹਿਣਾ ਸੀ ਬਰਤਾਨਵੀ ਫ਼ਿਲਾਸਫ਼ਰ ਗਿਲਬਰਟ ਰਾਈਲ ਦਾ, ਭਾਵ ਮਨੁੱਖ ਦਾ ਦਿਮਾਗ ਅਤੇ ਉਸ ਦਾ ਜਿਸਮ ਦੋ ਅੱਡੋ ਅੱਡ ਚੀਜ਼ਾਂ ਹੁੰਦੀਆਂ ਹਨ। ਜਦੋਂ ਕੋਈ ਹਜੂਮ ਕਿਸੇ ਵਿਅਕਤੀ ਨੂੰ ਆਪਣੇ ਫ਼ਰਿਜ ਵਿੱਚ ਕਥਿਤ ਤੌਰ ‘ਤੇ ਬੀਫ਼ ਰੱਖਣ ਲਈ ਮਾਰ ਦਿੰਦਾ ਹੈ ਜਾਂ ਕਿਸੇ ਤਨਜ਼ਾਨੀਅਨ ਔਰਤ ਨੂੰ ਨਸਲੀ ਪੱਖਪਾਤ ਕਾਰਨ ਜਨਤਕ ਤੌਰ ‘ਤੇ ਨੰਗਾ ਕਰਦਾ ਹੈ ਜਾਂ ਕਿਸੇ ਅਫ਼ਵਾਹ ਕਾਰਨ ਕਿਸੇ ਕਥਿਤ ਬਲਾਤਕਾਰੀ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਹੈ ਤਾਂ ਇਹ ਅਜਿਹੀ ਹਾਲਤ ਹੀ ਹੁੰਦੀ ਹੈ ਜਿਵੇਂ ਕੋਈ ਕੁੱਲ ਆਪਣੇ ਬਾਕੀ ਦੇ ਹਿੱਸਿਆਂ ਦੇ ਜੋੜ ਤੋਂ ਵੱਧ ਬਣਨ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਇਹ ਅਤਿਅੰਤ ਹੀ ਨਿੰਦਣਯੋਗ ਗੱਲ ਹੈ ਕਿ ਦਿੱਲੀ ਵਿੱਚ ਵਕੀਲਾਂ ਦੇ ਇੱਕ ਗੁੱਟ ਨੇ ਦਿਨ ਦਿਹਾੜੇ ਭਰੀ ਅਦਾਲਤ ਵਿੱਚ ਉਨ੍ਹਾਂ ਲੋਕਾਂ ਜਾਂ ਵਿਦਿਆਰਥੀਆਂ ਨੂੰ ਸਜ਼ਾ ਦੇਣ ਦਾ ਫ਼ੈਸਲਾ ਕੀਤਾ ਜਿਨ੍ਹਾਂ ਨੂੰ ਉਹ ‘ਦੇਸ਼ਧ੍ਰੋਹੀ’ ਜਾਂ ‘ਰਾਸ਼ਟਰ ਵਿਰੋਧੀ’ ਸਮਝਦਾ ਸੀ ਜਦੋਂ ਕਿ ਪੁਲਿਸ ਵਾਲੇ ਕੇਵਲ ਡੰਗਰਾਂ ਵਾਂਗ ਨਿਹਾਰਦੇ ਰਹੇ। ਮਿਲੀਗ੍ਰਾਮ ਦੇ ਤਜਰਬੇ ਵਾਂਗ, ਬੀ.ਜੇ.ਪੀ. ਦੇ ਤਾਬਿਆਦਾਰਾਂ ਨੇ ਵੀ ਫ਼ੈਸਲੇ ਲੈਣ ਦਾ ਕੰਮ ਆਪਣੇ ਚੁਣੇ ਹੋਏ ਲੀਡਰਾਂ ਲਈ ਛੱਡਿਆ ਹੋਇਐ ਜਦੋਂ ਕਿ ਉਹ ਆਪਣੇ ਆਪ ਨੂੰ ਕੇਵਲ ਉਨ੍ਹਾਂ ਫ਼ੈਸਲਿਆਂ ਨੂੰ ਹਕੀਕੀ ਜਾਮਾ ਪਹਿਨਾਉਣ ਦਾ ਜ਼ਰੀਆ ਮਾਤਰ ਹੀ ਸਮਝਦੇ ਹਨ।
ਅਜੋਕੇ ਭਾਰਤਵਰਸ਼ ਨੂੰ ਦੇਖ ਕੇ ਤਾਂ ਇੰਝ ਪ੍ਰਤੀਤ ਹੁੰਦੈ ਜਿਵੇਂ ਭਾਰਤੀ ਜਨਤਾ ਵੀ 1975 ਦੇ ਕੰਬੋਡੀਆ ਵਾਂਗ ਹੀ ਇੱਕ ‘ਕਾਕਿਸਟੋਕ੍ਰੇਸੀ’ (ਅਯੋਗ ਬੰਦਿਆਂ ਦੀ ਹਕੂਮਤ) ਵਿੱਚ ਰਹਿ ਰਹੀ ਹੈ। (ਇੱਥੇ ਮੈਂ ਤੁਹਾਨੂੰ ਇੱਕ ਦਿਲਚਸਪ ਤੱਥ ਵੀ ਦਸਣਾ ਚਾਹਾਂਗਾ: ਖ਼ਮੇਰ ਰੂਸ਼ ਦੀ ਹਕੂਮਤ ਵੀ ਜ਼ਰੂਰ ਹਿੰਦੂ ਧਰਮ ਦੀ ਪੈਰੋਕਾਰ ਰਹੀ ਹੋਵੇਗੀ ਕਿਉਂਕਿ ਕੰਬੋਡੀਆ ਦਾ ਐਂਗਕੋਰ ਵਾਟ ਮੰਦਰ ਵਿਸ਼ਵ ਦਾ ਸਭ ਤੋਂ ਵੱਡਾ ਹਿੰਦੂ ਮੰਦਰ ਹੈ।) ਇਤਿਹਾਸ ਦੀ ਹਰ ਤਾਨਾਸ਼ਾਹੀ ਹਕੂਮਤ ਅਸਹਿਮਤੀ ਨੂੰ ਦੇਸ਼ਧ੍ਰੋਹ, ਮੁਜ਼ਾਹਰਾਕਾਰੀਆਂ ਨੂੰ ਰਾਸ਼ਟਰ ਵਿਰੋਧੀ ਅਤੇ ਘੱਟ ਗਿਣਤੀਆਂ ਨੂੰ ਹੀਣ ਕਰਾਰ ਦੇ ਕੇ ਹੀ ਸੱਤਾ ਨਸ਼ੀਨ ਹੋਈ ਹੈ। ਹੈਰਮੈਨ ਗੋਇਰਿੰਗ ਵਲੋਂ ਨੂਰਮਬਰਗ ਵਿੱਚ ਹਿਟਲਰ ਦੇ ਨਾਜ਼ੀਆਂ ਖ਼ਿਲਾਫ਼ ਮੁਕੱਦਮਿਆਂ ਦੌਰਾਨ ਦਿੱਤੇ ਗਏ ਇੱਕ ਬਿਆਨ ਨੂੰ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ ਕਿਉਂਕਿ ਇਸ ਨਾਲ ਫ਼ਾਸ਼ੀਵਾਦ ਦੀ ਕਾਰਜਪ੍ਰਣਾਲੀ ‘ਤੇ ਕਾਫ਼ੀ ਹੱਦ ਤਕ ਚਾਨਣਾ ਪੈਂਦੈ: ”ਲੋਕ ਜੰਗ ਨਹੀਂ ਚਾਹੁੰਦੇ, ਪਰ ਉਨ੍ਹਾਂ ਨੂੰ ਆਪਣੇ ਨਾਲ ਜੰਗਾਂ ਵਿੱਚ ਘੜੀਸ ਲੈਣਾ ਕਿਸੇ ਵੀ ਹਕੂਮਤ ਲਈ ਸੌਖਾ ਹੀ ਹੁੰਦੈ, ਭਾਵੇਂ ਉਹ ਕੋਈ ਲੋਕਤੰਤਰ ਹੋਵੇ ਜਾਂ ਫ਼ਾਸਿਸਟ ਡਿਕਟੇਟਰਸ਼ਿਪ, ਜਾਂ ਪਾਰਲੀਮੈਂਟ ਜਾਂ ਕੋਈ ਨਕਸਲੀ ਤਾਨਾਸ਼ਾਹੀ।
ਲੋਕਾਂ ਦੀ ਆਪਣੀ ਕੋਈ ਸੁਣਵਾਈ ਹੋਵੇ ਜਾਂ ਨਾ, ਪਰ ਉਨ੍ਹਾਂ ਨੂੰ ਲੀਡਰਾਂ ਦੇ ਹੁਕਮਾਂ ਦੀ ਪਾਲਣਾ ਲਈ ਹਮੇਸ਼ਾ ਰਾਜ਼ੀ ਕੀਤਾ ਜਾ ਸਕਦੈ। ਇਹ ਕਾਰਜ ਬਹੁਤ ਹੀ ਸੌਖਾ ਹੈ। ਤੁਸੀਂ ਕੇਵਲ ਉਨ੍ਹਾਂ ਨੂੰ ਇਸ ਗੱਲ ਲਈ ਮਨਾਉਣੈ ਕਿ ਉਨ੍ਹਾਂ ‘ਤੇ ਹਮਲੇ ਹੋ ਰਹੇ ਨੇ, ਅਤੇ ਸ਼ਾਂਤੀ ਕਾਇਮ ਕਰਨ ਵਾਲਿਆਂ ਸਿਰ ਸਾਨੂੰ ਸਿਰਫ਼ ਦੇਸ਼ਭਗਤੀ ਦੀ ਘਾਟ ਹੋਣ ਅਤੇ ਮੁਲਕ ਨੂੰ ਖ਼ਤਰੇ ਵਿੱਚ ਪਾਉਣ ਦਾ ਦੋਸ਼ ਲਗਾਉਣ ਦੀ ਲੋੜ ਹੈ। ਹਰ ਮੁਲਕ ਵਿੱਚ ਇਸੇ ਤਰ੍ਹਾਂ ਹੀ ਹੁੰਦੈ। ਇੱਥੇ ਮੈਂ ਇਹ ਆਸ ਵੀ ਕਰਦਾ ਹਾਂ ਕਿ ਅਰਨਬ ਗੋਸਵਾਮੀ ਵਰਗੇ ਵੀ, ਸ਼ਹੀਦ ਹੋਏ ਫ਼ੌਜੀਆਂ ਬਾਰੇ ਭਾਵਨਾਤਮਕ ਗੀਤ ਵਜਾਉਣ ਤੋਂ ਪਹਿਲਾਂ, ਸਾਡੀ ਉੱਪਰ ਲਿਖੀ ਗੱਲ ਨੂੰ ਵਿਚਾਰਣਗੇ। ਕੁਝ ਕੁ ਹਿੰਸਕ ਲੋਕਾਂ ਦੀ ਭੜਕਾਊ ਦੇਸ਼ਭਗਤੀ ਲਈ ਰਾਹ ਹਮਵਾਰ ਕਰਨ ਲਈ ਭਾਰਤੀ ਸ਼ਹਿਰੀਆਂ ਦੇ ਬੁਨਿਆਦੀ ਸੰਵਿਧਾਨਕ ਅਧਿਕਾਰਾਂ – ਬੇਸ਼ੱਕ ਉਹ ਕੋਈ ਬੌਲੀਵੁੱਡ ਸਿਤਾਰਾ ਹੋਵੇ ਜਾਂ ਕੋਈ ਦਲਿਤ ਜਾਂ ਵਿਰੋਧ ਜਤਾਉਂਦਾ ਕੋਈ ਵਿਦਿਆਰਥੀ – ਦਾ ਹਨਨ ਕੀਤਾ ਜਾ ਰਿਹੈ। ਭਾਰਤੀ ਹੁਕਮਾਰਾਨ ਉੱਪਰ ਮਿਲੀਗ੍ਰਾਮ ਦਾ ਤਜਰਬਾ ਫ਼ਿੱਟ ਕਰਨ ਲਈ ਮੈਂ ਇੰਨਾ ਹੀ ਕਹਾਂਗਾ ਕਿ ਉੱਥੋਂ ਦੀ ਭਾਜਪਾ ਸਰਕਾਰ ਇੱਕ ਬੇਇਖ਼ਤਿਆਰ ਤਜਰਬਾ ਕਰਨ ਵਾਲੇ, ਭਾਵ ਇੱਕ ਐਕਸਪੈਰੀਮੈਂਟਰ, ਦਾ ਰੋਲ ਅਦਾ ਕਰ ਰਹੀ ਹੈ ਅਤੇ ਜਨਤਾ ਨੂੰ ਤਾਬਿਆਦਾਰ ਬਣ ਕੇ ਸਿਖਿਆਰਥੀ ਜਾਂ ਲਰਨਰ ਨੂੰ ਸਬਕ ਪੜ੍ਹਾਉਣ ਲਈ ਉਕਸਾ ਰਹੀ ਹੈ। ਪਰ, ਇੱਥੇ ਇਹ ਕਹਿਣਾ ਪਵੇਗਾ ਕਿ ਇਸ ਤਜਰਬੇ ਵਿੱਚ ਵੱਜਣ ਵਾਲੇ ਸਾਰੇ ਝਟਕੇ ਅਸਲੀ ਹਨ।















