ਕੋਈ ਵੀ ਬਣ ਸਕਦੈ ਫ਼ਰੀਲਾਂਸ ਪੱਤਰਕਾਰ

walia bigਪੱਤਰਕਾਰੀ ਅਜਿਹਾ ਪੇਸ਼ਾ ਹੈ ਜੋ ਸਮਾਜ ਦੇ ਤਤਕਾਲੀਨ ਵਰਤਾਰਿਆਂ, ਘਟਨਾਵਾਂ, ਸਥਿਤੀਆਂ ਅਤੇ ਸੰਭਾਵਿਤ ਆਫ਼ਤਾਂ ਤੋਂ ਲੋਕਾਂ ਨੂੰ ਤੁਰੰਤ ਸੂਚਿਤ ਕਰਨ ਦਾ ਕਾਰਜ ਕਰਦਾ ਹੈ। ਇਸ ਪੇਸ਼ੇ ਵਿੱਚ ਖਬਰਾਂ ਇਕੱਤਰ ਕਰਨਾ (ਰਿਪੋਰਟਿੰਗ), ਲਿਖਣਾ, ਐਡੀਟਿੰਗ, ਬਰਾਡਕਾਸਟਿੰਗ ਅਤੇ ਖਬਰਾਂ ਨਾਲ ਸਬੰਧਤ ਅਦਾਰੇ (ਅਖਬਾਰ, ਰੇਡੀਓ, ਟੈਲੀਵਿਜਨ ਅਤੇ ਵੈਬਸਾਈਟ ਆਦਿ) ਨੂੰ ਚਲਾਉਣਾ ਸ਼ਾਮਲ ਹੁੰਦਾ ਹੈ। ਸੋ ਪੱਤਰਕਾਰੀ ਵਿੱਚ ਤਤਕਾਲੀਨ ਦਿਲਚਸਪੀ ਦੀ ਖਬਰ ਤੱਤਾਂ ਨਾਲ ਭਰਪੂਰ ਜਾਣਕਾਰੀ ਇਕੱਤਰ ਕਰਕੇ, ਉਸਦੀ ਸੰਪਾਦਨਾ ਕਰਕੇ, ਪ੍ਰਕਾਸ਼ਿਤ ਜਾਂ ਪ੍ਰਸਾਰਿਤ ਕਰਕੇ ਲੋਕਾਂ ਤੱਕ ਪਹੁੰਚਾਈ ਜਾਂਦੀ ਹੈ। ਆਧੁਨਿਕ ਸਮੇਂ ਵਿੱਚ ਪੱਤਰਕਾਰੀ ਦੀ ਕਲਾ ਅਜੋਕੇ ਬਿਜਲਈ ਅਤੇ ਡਿਜ਼ੀਟਲ ਯੰਤਰਾਂ ਨਾਲ ਵਿਸ਼ਵ-ਵਿਆਪੀ ਹੋ ਕੇ ਕਰੋੜਾਂ ਲੋਕਾਂ ਤੱਕ ਪਹੁੰਚਣ ਦੇ ਸਮਰੱਥ ਹੋ ਗਈ ਹੈ। ਸੂਚਨਾ ਦੇ ਇਸ ਯੁੱਗ ਵਿੱਚ ਅਖਬਾਰਾਂ ਅਤੇ ਖਬਰਾਂ ਨਾਲ ਸਬੰਧਤ ਹੋਰ ਅਦਾਰਿਆਂ ਅਤੇ ਕਰਮਚਾਰੀਆਂ ਦੇ ਨਾਲ ਨਾਲ ਫ਼ਰੀਲਾਂਸ ਪੱਤਰਕਾਰਾਂ ਲਈ ਕੰਮ ਦੇ ਮੌਕੇ ਬਹੁਤ ਵੱਧ ਗਏ ਹਨ।
ਫ਼ਰੀਲਾਂਸ ਪੱਤਰਕਾਰ ਕੌਣ ਹੁੰਦੇ ਹਨ?
ਪੱਤਰਕਾਰੀ ਵਿੱਚ ਫ਼ਰੀਲਾਂਸਰ ਸ਼ਬਦ ਆਮ ਵਰਤੋਂ ਵਿੱਚ ਲਿਆਂਦਾ ਜਾਂਦਾ  ਹੈ। ਫ਼ਰੀਲਾਂਸਰ ਅਜਿਹੇ ਪੱਤਰਕਾਰ ਹੁੰਦੇ ਹਨ ਜੋ ਕਿਸੇ ਵੀ ਅਖਬਾਰ ਜਾਂ ਕਿਸੇ ਮੀਡੀਆ ਅਦਾਰੇ ਦੇ ਮੁਲਾਜ਼ਮ ਨਹੀਂ ਹੁੰਦੇ। ਫ਼ਰੀਲਾਂਸਰ ਸਵੈ-ਰੁਜ਼ਗਾਰੀ ਹੁੰਦੇ ਹਨ ਜਾਂ ਸੁਤੰਤਰ ਕਾਰਜ ਕਰਤਾ ਹੁੰਦੇ ਹਨ। ਅਜਿਹੇ ਪੱਤਰਕਾਰ ਕਿਸੇ ਮੀਡੀਆ ਅਦਾਰੇ ਤੋਂ ਤਨਖਾਹ ਨਹੀਂ ਲੈਂਦੇ ਸਗੋਂ ਆਪਣੇ ਕੀਤੇ ਕੰਮ ਬਦਲੇ ਮਿਲਣ ਵਾਲੇ ਸੇਵਾ ਫ਼ਲ ਨੂੰ ਵਪਾਰੀਆਂ ਦੀ ਤਰਜ਼ ‘ਤੇ ਖੁਦ ਗੱਲਬਾਤ ਕਰਕੇ ਤਹਿ ਕਰਦੇ ਹਨ। ਫ਼ਰੀਲਾਂਸਰ ਇਕੋ ਸਮੇਂ ਇਕੋ ਅਦਾਰੇ ਨਾਲ ਬੱਝਣ ਦੀ ਬਜਾਏ ਇਕ ਤੋਂ ਵੱਧ ਮੀਡੀਆ ਅਦਾਰਿਆਂ ਲਈ ਕੰਮ ਕਰ ਸਕਦੇ ਹਨ। ਫ਼ਰੀਲਾਂਸਰ ਪੱਤਰਕਾਰ ਪੂਰੀ ਸੁਤੰਤਰ ਰੂਪ ਵਿੱਚ ਕਾਰਜ ਕਰਦੇ ਹਨ। ਉਹਨਾਂ ਉਤੇ ਹੋਰ ਕਰਮਚਾਰੀਆਂ ਵਾਂਗ ਅਦਾਰੇ ਦੇ ਨਿਯਮ ਲਾਗੂ ਨਹੀਂ ਹੁੰਦੇ। ਪੱਤਰਕਰੀ ਦੇ ਕਈ ਖੇਤਰਾਂ ਵਿੱਚ ਇਸ ਕਿਸਮ ਦੇ ਸੁਤੰਤਰ ਕਾਰਜ ਕਰਤਾ ਕੰਮ ਕਰਦੇ ਨਜ਼ਰੀਂ ਪੈਂਦੇ ਹਨ। ਜਿਵੇਂ ਕਾਪੀ ਸੰਪਾਦਨ (ਕਾਪੀ ਐਡੀਟਿੰਗ), ਪਰੂਫ਼ ਪੜ੍ਹਨਾ (ਪਰੂਫ਼ ਰੀਡਿੰਗ), ਫ਼ੀਚਰ ਲੇਖਣ, ਆਰਟੀਕਲ ਲੇਖਣ, ਕਾਫ਼ੀ ਲਿਖਣ (ਕਾਪੀ ਰਾਈਟਿੰਗ), ਵੈਬ ਡਿਜ਼ਾਇਨਿੰਗ, ਵੀਡੀਓ ਸੰਪਾਦਨ, ਟੀ. ਵੀ. ਦੇ ਪ੍ਰੋਗਰਾਮ ਬਣਾਉਣਾ, ਰੇਡੀਓ ਖਬਰਾਂ, ਅਨੁਵਾਦ ਅਤੇ ਬਲਾਗ ਲੇਖਣ ਆਦਿ। ਫ਼ਰੀਲਾਂਸਰ ਦੇ ਕੰਮ ਲਈ ਭੁਗਤਾਨ ਵੀ ਵੱਖ ਵੱਖ ਹੁੰਦਾ ਹੈ। ਘੰਟਿਆਂ, ਦਿਨਾਂ ਅਤੇ ਹਫ਼ਤਿਆਂ ਦੇ ਹਿਸਾਬ ਨਾਲ ਪੈਸੇ ਤਹਿ ਹੋ ਸਕਦੇ ਹਨ। ਇਹ ਭੁਗਤਾਨ ਪ੍ਰੋਗਰਾਮ ਮੁਤਾਬਕ ਵੀ ਹੋ ਸਕਦਾ ਹੈ। ਅੱਜਕਲ੍ਹ ਅਖਬਾਰਾਂ ਦੀ ਮੇਕਅਪ ਅਤੇ ਖਬਰਾਂ ਦੀ ਸੰਪਾਦਨਾ ਆਦਿ ਲਈ ਫ਼ਰੀਲਾਂਸਰ ਪ੍ਰਤੀ ਪੰਨਾ ਪੈਸੇ ਲੈ ਰਹੇ ਹਨ। ਫ਼ੀਚਰ ਅਤੇ ਆਰਟੀਕਲ ਲਿਖਾਰੀ ਵੀ ਪ੍ਰਤੀ ਆਰਟੀਕਲ ਅਤੇ ਫ਼ੀਚਰ ਦੇ ਹਿਸਾਬ ਨਾਲ ਸੇਵਾ ਫ਼ਲ ਲੈਂਦੇ ਹਨ। ਰੇਡੀਓ ਪੱਤਰਕਾਰੀ ਵਿੱਚ ਅਜਿਹੀ ਕਿਸਮ ਦਾ ਪ੍ਰਚਲਨ ਹੈ। ਖਬਰਾਂ ਦੇ ਬੁਲਿਟਨ ਦੇ ਹਿਸਾਬ ਨਾਲ ਮਿੱਥਿਆ ਹੋਇਆ ਭੁਗਤਾਨ ਕਰ ਦਿੱਤਾ ਜਾਂਦਾ ਹੈ ਅਤੇ ਰੇਡੀਓ ਪੱਤਰਕਾਰ ਘਰ ਬੈਠਾ ਹੀ ਦੁਨੀਆਂ ਦੇ ਵੱਖ ਵੱਖ ਦੇਸ਼ਾਂ, ਰੇਡੀਓ ਚੈਨਲਾਂ ਅਤੇ ਇੰਟਰਨੈਟ ਰਾਹੀਂ ਚੱਲ ਰਹੇ ਰੇਡੀਓ ਸਟੇਸ਼ਨਾਂ ਲਈ ਖਬਰਾਂ ਪੜ੍ਹ ਦਿੰਦਾ ਹੈ। ਇਸ ਤਰ੍ਹਾਂ ਪ੍ਰੈਸ ਫ਼ੋਟੋਗ੍ਰਾਫ਼ਰ ਵੀ ਪ੍ਰਤੀ ਫ਼ੋਟੋ ਦੇ ਹਿਸਾਬ ਨਾਲ ਪੈਸੇ ਉਗਰਾਹ ਲੈਂਦੇ ਹਨ। ਬਹੁਤ ਸਾਰੀਆਂ ਸਿਆਸੀ ਪਾਰਟੀਆਂ ਨੇ ਸੋਸ਼ਲ ਮੀਡੀਆ ਉਤੇ ਆਪਦੇ ਪ੍ਰਚਾਰ ਹਿੱਤ ਸਮੱਗਰੀ ਮੁਹੱਈਆ ਕਰਵਾਉਣ ਲਈ ਫ਼ਰੀਲਾਂਸਰ ਦੀਆਂ ਸੇਵਾਵਾਂ ਲਈਆਂ ਹੋਈਆਂ ਹਨ।
ਸੋ ਸਪਸ਼ਟ ਹੈ ਕਿ ਫ਼ਰੀਲਾਂਸ ਜਰਨਲਿਸਟ ਸੁਤੰਤਰ ਕਿਸਮ ਦੇ ਪੱਤਰਕਾਰ ਹੁੰਦੇ ਹਨ ਜੋ ਕਿਸੇ ਵੀ ਮੀਡੀਆ ਅਦਾਰੇ ਦੇ ਮੁਲਾਜ਼ਮ ਨਹੀਂ ਹੁੰਦੇ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਤਨਖਾਹ ਮਿਲਦੀ ਹੈ। ਉਹ ਆਪਣੇ ਕੰਮ ਬਦਲੇ ਤਹਿ ਕੀਤੇ ਹੋਏ ਸੌਦੇ ਮੁਤਾਬਕ ਪੈਸੇ ਲੈਂਦੇ ਹਨ। ਉਹ ਇਕੋ ਸਮੇਂ ਇਕ ਤੋਂ ਵੱਧ ਅਖਬਾਰਾਂ, ਰੇਡੀਓ ਚੈਨਲਾਂ ਜਾਂ ਮੀਡੀਆ ਅਦਾਰਿਆਂ ਲਈ ਕੰਮ ਕਰ ਸਕਦੇ ਹਨ। ਇਹਨਾਂ ਅਦਾਰਿਆਂ ਦੀ ਚੋਣ ਕਰਨ ਵਿੱਚ ਵੀ ਉਹ ਆਜ਼ਾਦ ਹੁੰਦੇ ਹਨ। ਆਪਣੀ ਲਿਖਤ ਦੇ ਵਿਸ਼ਿਆਂ ਦੀ ਚੋਣ ਵਿੱਚ ਵੀ ਉਹ ਬਹੁਤ ਵਾਰ ਸੁਤੰਤਰ ਹੁੰਦੇ ਹਨ। ਉਹ ਆਪਣੇ ਕੰਮ ਦੀ ਥਾਂ ਲਈ ਵੀ ਸੁਤੰਤਰ ਹੁੰਦ ਹਨ। ਉਹ ਆਪਣੇ ਘਰ ਤੋਂ ਕੰਮ ਕਰਦੇ ਹਨ ਜਾਂ ਕਿਸੇ ਦਫ਼ਤਰ ਤੋਂ। ਇਹ ਵੀ ਉਹਨਾਂ ਦੀ ਮਰਜ਼. ‘ਤੇ ਨਿਰਭਰ ਕਰਦਾ ਹੈ। ਉਹ ਦਿਨੇ ਕੰਮ ਕਰਦੇ ਹਨ, ਰਾਤ ਨੂੰ ਕੰਮ ਕਰਦੇ ਹਨ, ਉਹਨਾਂ ਉਪਰ ਵਕਤ ਦੀ ਕੋਈ ਬੰਦਿਸ਼ ਨਹੀਂ ਹੁੰਦੀ। ਸੋ, ਅਜਿਹੇ ਸਵੈ-ਰੁਜ਼ਗਾਰੀ ਬੰਦਿਆਂ ਨੂੰ ਅਸੀਂ ਫ਼ਰੀਲਾਂਸਰ ਪੱਤਰਕਾਰ ਦੀ ਸੂਚੀ ਵਿੱਚ ਸ਼ਾਮਲ ਕਰਦੇ ਹਾਂ।
ਅੱਜਕਲ੍ਹ ਬਹੁਤ ਸਾਰੇ ਖੇਤਰਾਂ ਵਾਂਗ ਪੱਤਰਕਾਰੀ ਵਿੱਚ ਫ਼ਰੀਲਾਂਸਰਾਂ ਲਈ ਕੰਮ ਦੇ ਮੌਕੇ ਵੱਧ ਗਏ ਹਨ। ਜੋ ਲੋਕ ਪੱਤਰਕਾਰੀ ਵਿੱਚ ਹੱਥ ਅਜ਼ਮਾਉਣਾ ਚਾਹੁੰਦੇ ਹਨ, ਉਹਨਾਂ ਲਈ ਫ਼ਰੀਲਾਂਸਰ ਪੱਤਰਕਾਰੀ ਕਰਨਾ ਬਹੁਤ ਢੁਕਵਾਂ ਹੋ ਸਕਦਾ ਹੈ। ਤੁਸੀਂ ਅਖਬਾਰਾਂ ਲਈ ਲਿਖ ਸਕਦੇ ਹੋ, ਰੇਡੀਓ ਲਈ ਖਬਰਾਂ ਪੜ੍ਹ ਸਕਦੇ ਹੋ। ਟੀ. ਵੀ. ਲਈ ਪ੍ਰੋਗਰਾਮ ਬਣਾ ਸਕਦੇ ਹੋ। ਵੈਬਸਾਈਟ ਡਿਜ਼ਾਇਨ ਕਰ ਸਕਦੇ ਹੋ, ਵੈਬਸਾਈਨ ਲਈ ਸਮੱਗਰੀ ਲਿਖ ਸਕਦੇ ਹੋ। ਖਬਰਾਂ ਦਾ ਸੰਪਾਦਨ ਅਤੇ ਪਰੂਫ਼ ਰੀਡਿੰਗ ਦਾ ਕੰਮ ਕਰ ਸਕਦੇ ਹੋ। ਅਨੁਵਾਦ ਕਰ ਸਕਦੇ ਹੋ। ਘਰ ਬੈਠੇ ਪੱਤਰਕਾਰ ਵੀ ਬਣ ਸਕਦੇ ਹੋ ਅਤੇ ਪੈਸਾ ਵੀ ਕਮਾ ਸਕਦੇ ਹੋ।
ਪੱਤਰਕਾਰ ਬਣਨ ਲਈ ਲੋੜੀਂਦੀਆਂ ਸ਼ਰਤਾਂ:-
ਜੇਕਰ ਤੁਸੀਂ ਪੱਤਰਕਾਰ ਬਣਨਾ ਚਾਹੁੰਦੇ ਹੋ ਤਾਂ ਕੁਝ ਜ਼ਰੂਰੀ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਜ਼ਰੂਰੀ ਹਨ। ਪੱਤਰਕਾਰੀ ਵਿੱਚ ਸਫ਼ਲ ਹੋਣ ਲਈ ਹੇਠ ਲਿਖੀਆਂ ਕੁਝ ਗੱਲਾਂ ਦੀ ਜਾਣਕਾਰੀ ਹੋਣਾ ਜ਼ਰੂਰੀ ਹੈ।
1. ਆਮ ਗਿਆਨ ਅਤੇ ਚਲੰਤ ਮਾਮਲਿਆਂ ਦੀ ਜਾਣਕਾਰੀ
2. ਭਾਸ਼ਾ ਵਿੱਚ ਮੁਹਾਰਤ
3. ਨਵੀਂ ਸੰਚਾਰ ਤਕਨਾਲੌਜੀ ਦਾ ਗਿਆਨ
4. ਵਚਨਬੱਧਤਾ
5. ਕਾਨੂੰਨ ਦੀ ਜਾਣਕਾਰੀ
6. ਇਮਾਨਦਾਰੀ
ਇਕ ਪੱਤਰਕਾਰ ਨੂੰ ਗਿਆਨਵਾਨ ਹੋਣਾ ਜ਼ਰੂਰੀ ਹੁੰਦਾ ਹੈ। ਹਰ ਵਿਸ਼ੇ ਬਾਰੇ ਥੋੜ੍ਹੀ ਬਹੁਤੀ ਜਾਣਕਾਰੀ ਉਸ ਕੋਲ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ। ਆਮ ਗਿਆਨ ਦੀ ਪੱਤਰਕਾਰੀ ਵਿੱਚ ਬਹੁਤ ਲੋੜ ਹੁੰਦੀ ਹੈ। ਦੁਨੀਆਂ ਦੀ ਕੁੱਲ ਆਬਾਦੀ ਕਿੰਨੀ ਹੈ? ਦੁਨੀਆਂ ਵਿੱਚ ਕੁੱਲ ਕਿੰਨੇ ਦੇਸ਼ ਹਨ? ਸਭਿਆਚਾਰ ਅਤੇ ਸਮਾਜ ਮਨੁੱਖ ਤੇ ਕੀ ਅਸਰ ਪਾਉਂਦਾ ਹੈ। ਦੁਨੀਆਂ ਨੁੰ ਕਿਸ ਕਿਸਮ ਦੇ ਆਰਥਿਕ, ਧਾਰਮਿਕ ਅਤੇ ਸਮਾਜਿਕ ਮਸਲੇ ਦਰਪੇਸ਼ ਹਨ। ਦੁਨੀਆਂ ਦੇ ਚਲੰਤ ਮਾਮਲਿਆਂ ਬਾਰੇ ਉਸਦੀ ਜਾਣਕਾਰੀ ਭਰਪੂਰ ਹੋਵੇ। ਜਿਸ ਦੇਸ਼ ਜਾਂ ਇਲਾਕੇ ਵਿੱਚ ਉਹ ਕੰਮ ਕਰ ਰਿਹਾ ਹੈ, ਉਥੋਂ ਦੇ ਸਭਿਆਚਾਰ ਦਾ ਗਿਆਨ ਹੋਣਾ ਵੀ ਜ਼ਰੂਰੀ ਹੁੰਦਾ ਹੈ। ਸਿਆਸੀ ਮੁਹਾਜ਼ ‘ਤੇ ਕੀ ਚੱਲ ਰਿਹਾ ਹੈ, ਸਿਆਸਤ ਕਿਸ ਤਰ੍ਹਾਂ ਦੀ ਕਰਵਟ ਲੈ ਰਹੀ ਹੈ। ਇਸ ਬਾਰੇ ਉਸਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਪੱਤਰਕਾਰ ਲਈ ਜ਼ਰੂਰੀ ਹੈ ਕਿ ਉਹ ਸਿਆਸਤ ਦੇ ਨਾਲ ਨਾਲ ਵਿਗਿਆਨ, ਤਕਨਾਲੌਜੀ, ਇਤਿਹਾਸ, ਅਰਥਚਾਰਾ, ਭੂਗੋਲ ਆਦਿ ਬਾਰੇ ਕੁਝ ਹੱਦ ਤੱਕ ਜਾਣਕਾਰੀ ਰੱਖਦਾ ਹੋਵੇ। ਉਸਨੂੰ ਕਲਾ ਅਤੇ ਸਭਿਆਚਾਰ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ। ਇਹ ਕਿਹਾ ਜਾ ਸਕਦਾ ਹੈ ਕਿ ਪੱਤਰਕਾਰ ਲਈ ਗਿਆਨਵਾਨ ਹੋਣਾ ਲਾਜ਼ਮੀ ਹੈ। ਇੰਨਾ ਕੁ ਗਿਆਨਵਾਨ ਕਿ ਉਹ ਲੋੜ ਪੈਣ ‘ਤੇ ਤੁਰਤ ਫ਼ੁਰਤ ਕਿਸੇ ਵੀ ਵਿਸ਼ੇ ‘ਤੇ ਲਿਖਣ ਦੇ ਸਮੱਰਥ ਹੋਵੇ। ਇਸ ਕੰਮ ਲਈ ਪੱਤਰਕਾਰ ਨੂੰ ਰੋਜ਼ਾਨਾ ਅਖਬਾਰਾਂ ਪੜ੍ਹਨੀਆਂ ਚਾਹੀਦੀਆਂ ਹਨ। ਸਾਹਿਤ ਪੜ੍ਹਨਾ ਚਾਹੀਦਾ ਹੈ।ਮਾਹਿਰਾਂ ਦੀ ਰਾਏ ਜਾਨਣ ਲਈ ਸੰਚਾਰ ਦੇ ਵੱਖ ਵੱਖ ਮਾਧਿਅਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
2. ਭਾਸ਼ਾ ਵਿੱਚ ਮੁਹਾਰਤ- ਇਕ ਪੱਤਰਕਾਰ ਦੀ ਸਭ ਤੋਂ ਵੱਡੀ ਖੂਬੀ, ਜਿਸ ਭਾਸ਼ਾ ਵਿੱਚ ਉਹ ਪੱਤਰਕਾਰੀ ਕਰ ਰਿਹਾ ਹੈ, ਉਸਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਉਂਝ ਤਾਂ ਇਕ ਚੰਗੇ ਪੱਤਰਕਾਰ ਨੂੰ ਅੱਜ ਦੇ ਯੁੱਗ ਵਿੱਚ ਅੰਗਰੇਜ਼. ਤੋਂ ਇਕ ਦੋ ਹੋਰ ਭਾਸ਼ਾਵਾਂ ਦੀ ਲੋੜ ਹੁੰਦੀ ਹੈ ਪਰ ਇਸਦੇ ਨਾਲ ਹੀ ਜਿਸ ਭਾਸ਼ਾ ਵਿੱਚ ਉਹ ਪੱਤਰਕਾਰੀ ਕਰ ਰਿਹਾ ਹੈ, ਵੁਸ ਵਿੱਚ ਤਾਂ ਉਹ ਪੂਰੀ ਤਰ੍ਹਾਂ ਪ੍ਰਬੀਨ ਹੋਣਾ ਚਾਹੀਦਾ ਹੈ। ਪੱਤਰਕਾਰੀ ਵਿੱਚ ਭਾਸ਼ਾ ਹੀ ਇਕ ਅਜਿਹਾ ਹਥਿਆਰ ਹੈ, ਜਿਸ ਨਾਲ ਉਹ ਇਸ ਖੇਤਰ ਵਿੱਚ ਵਿੱਚਰਨ ਦੇ ਕਾਬਲ ਹੋ ਸਕਦਾ ਹੈ। ਭਾਸ਼ਾ ਵਿੱਚ ਮੁਹਾਰਤ ਹਾਸਲ ਕਰਨ ਲਈ ਪੱਤਰਕਾਰ ਨੂੰ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ ਹੁੰਦੀ ਹੈ। ਉਸਨੂੰ ਚੰਗਾ ਸਾਹਿਤ ਪੜ੍ਹਨਾ ਚਾਹੀਦਾ ਹ ੈ। ਇਕ ਡਾਇਰੀ ਆਪਣੇ ਕੋਲ ਰੱਖਣੀ ਚਾਹੀਦੀ ਹੈ ਜਿਸ ਵਿੱਚ ਉਹ ਰੋਜ਼ ਨਵੇਂ ਨਵੇਂ ਸ਼ਬਦ ਨੋਟ ਕਰੇ। ਉਸਦਾ ਸ਼ਬਦ ਭੰਡਾਰ ਵਿਸ਼ਾਲ ਹੋਣਾ ਲਾਜ਼ਮੀ ਹੈ।
3. ਨਵੀਂ ਸੰਚਾਰ ਤਕਨਾਲੌਜੀ ਦਾ ਗਿਆਨ- ਇਹ ਸੰਚਾਰ ਯੁੱਗ ਹੈ ਅਤੇ ਸੰਚਾਰ ਯੁੱਗ ਦੀ ਪੱਤਰਕਾਰੀ ਵਿੱਚ ਉਹੀ ਪੱਤਰਕਾਰ ਟਿਕੇਗਾ ਜਿਸਨੂੰ ਨਵੀਂ ਤਕਨਾਲੌਜੀ ਦਾ ਗਿਆਨ ਹੋਵੇਗਾ। ਜੋ ਇੰਟਰਨੈਟ ਦੀ ਵਰਤੋਂ ਵਿੱਚ ਮੁਹਾਰਤ ਰੱਖਦਾ ਹੋਵੇਗਾ। ਜਿਸਨੂੰ ਸੋਸ਼ਲ ਸਾਇਟਾਂ ਦੀ ਵਰਤੋਂ ਵਿੱਚ ਦਿਲਚਸਪੀ ਹੋਵੇਗੀ। ਜੋ ਬਲਾਗ, ਟਵਿੱਟਰ, ਫ਼ੇਸਬੁੱਕ, ਵਟਸਅੱਪ ਅਤੇ ਯੂ-ਟਿਊਬ ਦੀ ਵਰਤੋਂ ਕਰਨ ਦੀ ਜਾਣਕਾਰੀ ਰੱਖਦਾ ਹੋਵੇਗਾ। ਇੰਟਰਨੈਟ ਦੀ ਵਰਤੋਂ ਵਿੱਚ ਉਸਦੀ ਪ੍ਰਬੀਨਤਾ ਉਸਨੂੰ ਚੰਗਾ ਪੱਤਰਕਾਰ ਬਣਾਉਣ ਵਿੱਚ ਮਦਦ ਕਰਦੀ ਹੈ। ਸੰਪਾਦਨ ਨਾਲ ਸਬੰਧਤ ਸਾਫ਼ਟਵੇਅਰ ਆਉਣ ਇਕ ਸਬ-ਐਡੀਟਰ ਲਈ ਬਹੁਤ ਜ਼ਰੂਰੀ ਹਨ। ਇਸੇ ਤਰ੍ਹਾਂ ਰੇਡੀਓ ਅਤੇ ਵੀਡੀਓ ਐਡੀਟਿੰਗ ਦੇ ਸਾਫ਼ਟਵੇਅਰਾਂ ਦੀ ਜਾਣਕਾਰੀ ਕਿਸੇ ਪੱਤਰਕਾਰ ਵਿੱਚ ਆਤਮ ਵਿਸ਼ਵਾਸ ਪੈਦਾ ਕਰਦੀ ਹੈ।
4. ਵਚਨਬੱਧਤਾ:- ਇਕ ਚੰਗਾ ਪੱਤਰਕਾਰ ਸਮਾਜ ਪ੍ਰਤੀ ਵਚਨਬੱਧ ਹੁੰਦਾ ਹੈ। ਪੱਤਰਕਾਰੀ ਦਾ ਪੇਸ਼ਾ ਇਕ ਅਜਿਹਾ ਪੇਸ਼ਾ ਹੈ ਜੋ ਸਮਾਜ ‘ਤੇ ਹਰ ਤਰ੍ਹਾਂ ਅਸਰਅੰਦਾਜ਼ ਹੁੰਦਾ ਹੈ। ਪੱਤਰਕਾਰੀ ਨੂੰ ਸਮਾਜ ਦਾ ਦਰਪਣ ਕਿਹਾ ਜਾਂਦਾ ਹੈ। ਸਮਾਜ ਵਿੱਚ ਜੋ ਵੀ ਚੰਗਾ ਮੰਦਾ ਵਾਪਰਦਾ ਹੈ, ਉਹ ਪੱਤਰਕਾਰੀ ਰਾਹੀਂ ਪੇਸ਼ ਹੁੰਦਾ ਹੈ। ਸਮਾਜ ਨੂੰ ਦਰਪੇਸ਼ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਪੱਤਰਕਾਰੀ ਸਮਾਜ ਨੂੰ ਤਿਆਰ ਕਰਦੀ ਹੈ। ਸੋ ਪੱਤਰਕਾਰ ਨੂੰ ਸਮਾਜ ਪ੍ਰਤੀ ਪ੍ਰਤੀਬੱਧ ਹੋਣਾ ਜ਼ਰੂਰੀ ਹੈ। ਪੱਤਰਕਰ ਦੀ ਪ੍ਰਤੀਬੱਧਤਾ ਆਪਣੇ ਪੇਸ਼ੇ ਪ੍ਰਤੀ, ਆਪਣੇ ਦੇਸ਼ ਪ੍ਰਤੀ ਅਤੇ ਸਮੁੱਚੀ ਮਨੁੱਖਤਾ ਪ੍ਰਤੀ ਹੋਣੀ ਚਾਹੀਦੀ ਹੈ।
5. ਕਾਨੂੰਨ ਦੀ ਸਮਝ- ਪੱਤਰਕਾਰ ਨੂੰ ਦੇਸ਼ ਦੇ ਕਾਨੂੰਨ ਦੀ ਪੂਰੀ ਸਮਝ ਹੋਣੀ ਚਾਹੀਦੀ ਹੈ। ਜਿਸ ਦੇਸ਼ ਵਿੱਚ ਉਹ ਪੱਤਰਕਾਰੀ ਕਰ ਰਿਹਾ ਹੈ। ਕਾਨੂੰਨ ਦੀ ਸਮਝ ਹੀ ਉਸਨੂੰ ਕਾਨੂੰਨੀ ਉਲਝਣਾਂ ਤੋਂ ਬਚਾ ਕੇ ਰੱਖ ਸਕਦੀ ਹੈ। ਕਾਨੂੰਨ ਤੋਂ ਬੇਖਬਰ ਲੋਕ ਆਪਣੇ ਆਪ ਨੂੰ ਅਤੇ ਆਪਦੇ ਅਦਾਰੇ ਨੂੰ ਮਾਣਹਾਨੀ ਵਰਗੇ ਕੇਸਾਂ ਵਿੱਚ ਉਲਝਾ ਕੇ ਵੱਡਾ ਆਰਥਿਕ ਨੁਕਸਾਨ ਕਰ ਸਕਦੇ ਹਨ।
6. ਇਮਾਨਦਾਰੀ- ਪੱਤਰਕਾਰ ਦਾ ਸਮਾਜ ‘ਤੇ ਵੱਡਾ ਪ੍ਰਭਾਵ ਹੁੰਦਾ ਹੈ, ਇਸ ਕਰਕੇ ਉਸਦੀ ਸ਼ਖਸੀਅਤ ਵਿੱਚ ਇਮਾਨਦਾਰੀ, ਨਿਰਪੱਖਤਾ ਅਤੇ ਜ਼ਿੰਮੇਵਾਰੀ ਵਰਗੇ ਗੁਣ ਹੋਣੇ ਚਾਹੀਦੇ ਹਨ। ਪੱਤਰਕਾਰੀ ਸਫ਼ਲਤਾ ਲਈ ਪੱਤਰਕਾਰ ਦਾ ਇਰਾਦਾ ਦ੍ਰਿੜ੍ਹ ਹੋਣਾ ਚਾਹੀਦਾ ਹੈ ਅਤੇ ਉਹ ਆਤਮ ਬਲ ਨਾਲ ਭਰਪੂਰ  ਹੋਣਾ ਚਾਹੀਦਾ ਹੈ। ਪੱਤਰਕਾਰੀ ਇਕ ਅਜਿਹਾ ਕਿੱਤਾ ਹੈ ਜਿਸ ਵਿੱਚ ਸਮੇਂ ਦੀ ਪਾਬੰਦੀ ਬਹੁਤ ਮਹੱਤਤਾ ਹੁੰਦੀ ਹੈ ਅਤੇ ਇਕ ਚੰਗੇ ਪੱਤਰਕਾਰ ਵਿੱਚ ਇਹ ਗੁਣ ਵੀ ਹੋਣਾ ਜ਼ਰੂਰੀ ਹੁੰਦਾ ਹੈ। ਉਪਰੋਕਤ ਗੁਣਾਂ ਦਾ ਮਾਲਕ ਇਕ ਚੰਗਾ ਪੱਤਰਕਾਰ ਬਣਨ ਦੇ ਸਮਰੱਥ ਹੁੰਦਾ ਹੈ। ਉਂਝ ਅੱਜਕਲ੍ਹ ਹੋਰ ਪੇਸ਼ਿਆਂ ਵਾਂਗ ਪੱਤਰਕਾਰੀ ਦੀ ਸਿਖਲਾਈ ਵੀ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਦਿੱਤੀ ਜਾ ਰਹੀ ਹੈ। ਯੂਨੀਵਰਸਿਟੀਆਂ ਵਿੱਚੋਂ ਸਿਖਲਾਈ ਲੈ ਕੇ ਅਨੇਕਾਂ ਵਿਦਿਆਰਥੀ ਪੱਤਰਕਾਰੀ ਦੇ ਖੇਤਰ ਵਿੱਚ ਪ੍ਰਵੇਸ਼ ਕਰ ਰਹੇ ਹਨ ਪਰ ਜੇਕਰ ਕਿਸੇ ਵਿਅਕਤੀ ਵਿੱਚ ਉਪਰੋਕਤ ਗੁਣ ਹੋਣ ਅਤੇ ਪੱਤਰਕਾਰ ਬਣਨ ਦੀਆਂ ਸ਼ਰਤਾਂ ਪੂਰੀਆਂ ਕਰਦਾ ਹੋਵੇ ਤਾਂ ਬਿਨਾਂ ਡਿਗਰੀ ਹਾਸਲ ਕੀਤਿਆਂ ਵੀ ਚੰਗਾ ਪੱਤਰਕਾਰ ਸਿੱਧ ਹੋ ਸਕਦਾ ਹੈ।