ਮ: ੧॥ ਰਾਜੁ ਮਾ”ਲੁ ਰੂਪੁ ਜਾਤਿ ਜੋਬਨੁ ਪੰਜੇ ਠਗ॥
ਏਨੀ ਠਗੀਂ ਜਗੁ ਠਗਿਆ ਕਿਨੈ ਨ ਰਖੀ ਲਜ॥ (ਗ.ਗ.ਸ. ਪੰਨਾ 1288)
ਭਾਰਤੀ ਬ੍ਰਾਹਮਣ ਨੇ ਪੱਤ “ਲੁਹਾਈ, ਬਾਣੀਏ ਦੀ ਵਾਰੀ ਆਈ
ਪੰਜਾਬ! ਜੱਟ ਮੁਨਸਫ਼, ਬਾਹਮਣ ਸ਼ਾਹ, ਬਾਣੀਆ ਹਾਕਮ, ਕਹਿਰ ਏ ਖ਼ੁਦਾ
ਦਲਬੀਰ ਸਿੰਘ ਪੱਤਰਕਾਰ ਮੋਬਾਇਲ: 99145-71713
ਗੱਲ ਆਰੰਭਦੇ ਹਾਂ 15 ਅਗਸਤ 1947 ਤੋਂ ਜਦ ਪੰਡਿਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਿੱਚ ਹਿੰਦੋਸਤਾਨ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਅਤੇ ਉਸ ਦੇ ਨਾਂ ਹੋ ਗਏ, ‘ਭਾਰਤ’ ਤੇ ‘ਪਾਕਿਸਤਾਨ’। ਤੱਕੜੀ ਦੇ ਇਨ੍ਹਾਂ ਦੋਵਾਂ ਛਾਬਿਆਂ ਦਾ ‘ਮੁੱਠਾ’ ਸੀ ਨਹਿਰੂ ਦੀ ਮਿੱਤਰ, ਲੇਡੀ ਮਾਊਂਟ ਬੈਟਨ, ਦੇ ਪਤੀ ਅਤੇ ਹਿੰਦੋਸਤਾਨ ਦੇ ਵਾਇਸਰਾਏ ਲੌਰਡ ਮਾਊਂਟ ਬੈਟਨ ਦੇ ਹੱਥ। ਨਵੇਂ ਦੇਸ਼ਾਂ ਦੀਆਂ ਹੱਦਾਂ ਦੀ ਲੀਕ ਬ੍ਰਾਹਮਣ ਦੀ ਲੋੜ ਅਨੁਸਾਰ ਖਿੱਚੀ ਗਈ। ਪੰਜਾਬੀ ਵਸੋਂ ਦੋ ਹਿੱਸਿਆਂ ਵਿੱਚ ਚੀਰੀ ਗਈ। ਗੁਰੂ ਅਸਥਾਨ ਤੇ ਰੱਬ ਦੇ ਹੋਰ ਅਨੇਕ ਘਰ ਵੀ ਵੰਡੇ ਗਏ। ਮਨੁੱਖੀ ਖ਼ੂਨ ਦੀਆਂ ਨਦੀਆਂ ਵਗੀਆਂ। ਲੋਕ-ਨਾਇਕ ਸ਼ੇਖ਼ ਅਬਦੁੱਲਾ ਨੂੰ ਅੱਖੋਂ ਪਰੋਖੇ ਕਰ ਕੇ ਜਨਤਕ ਵਿਰੋਧੀ ਕਸ਼ਮੀਰੀ ਰਾਜੇ ਕੋਲੋਂ ਦਸਤਖ਼ਤ ਕਰਵਾ ਕੇ ਪਹਿਲੇ ਬ੍ਰਾਹਮਣ ਪ੍ਰਧਾਨ ਮੰਤਰੀ ਨੇ ਜੰਮੂ ਕਸ਼ਮੀਰ ਦੀ ਮਾਲਕੀ ਸੌਂਪ ਦਿੱਤੀ ਗਈ। ਇਸ ਨਾਲ ਨੀਂਹ ਰੱਖੀ ਗਈ ਕਸ਼ਮੀਰੀ ਮੁਸਲਮਾਨਾਂ ਅਤੇ ਪੰਜਾਬੀ ਸਿੱਖਾਂ ਨਾਲ ਸਦੀਵੀ ਖ਼ੂਨੀ ਵੈਰ ਵਿਰੋਧ ਦੀ। ਜੋ ਅੱਜ ਤਾਈਂ ਜਾਰੀ ਹੈ।
‘ਆਦਰਸ਼ਵਾਦੀ’ ਅਸਥਾਨ ‘ਰਾਏ-ਭੋਇ-ਦੀ-ਤਲਵੰਡੀ’ ਵਿਖੇ 1469 ਵਿੱਚ ਜਨਮੇ ਨਾਨਕ ਨੇ 1499 ਵਿੱਚ ਆਪਣੀ ਭੈਣ ਦੇ ਸਹੁਰੇ, ਸੁਲਤਾਨਪੁਰ-ਲੋਧੀ ਵਿਖੇ, ਸੰਤ ਕਬੀਰ ਜੀ ਵਲੋਂ ”ਏਕ ਨੂਰ ਤੇ ਸਭ ਜਗ ਉਪਜਿਆ” ਸ਼ਬਦਾਂ ਰਾਹੀਂ ਰੱਖੀ ਗਈ ਨੀਂਹ ਨੂੰ ਮਨੁੱਖੀ ਭਾਈਚਾਰੇ ਦਾ ਟਕਸਾਲੀ ਸਿਧਾਂਤ ਬਣਾਉਂਦਿਆਂ ਐਲਾਨਿਆ ਕਿ ”ਨਾ ਕੋ ਹਿੰਦੂ ਨਾ ਮੁਸਲਮਾਨ,” ਜਿਸ ਨੂੰ ਉਨ੍ਹਾਂ ਦੇ ਦਸਵੇਂ ‘ਸਰੂਪ’ ਗੁਰੂ ਗੋਬਿੰਦ ਸਿੰਘ ਜੀ ਨੇ ਹੋਰ ਉੱਚਾ ਚੁੱਕ ਕੇ ਕੌਮਾਂਤਰੀ ਰੂਪ ਦਿੰਦਿਆਂ ਫ਼ੁਰਮਾਇਆ ”ਮਾਨਸ ਕੀ ਜਾਤਿ ਸਭੈ ਏਕੋ ਪਹਿਚਾਨਬੋ।” ਇਸ ਸੋਚ ਦੇ ਵਿਨਾਸ਼ਕਾਰੀ ਨਵੇਂ ਭਾਰਤੀ ਆਗੂਆਂ, ਨਹਿਰੂ ਤੇ ਗਾਂਧੀ ਜਿਹਿਆਂ, ਨੇ ਹਿੰਦੂਆਂ, ਮੁਸਲਮਾਨਾਂ, ਸਿੱਖਾਂ, ਦਲਿਤਾਂ, ਆਦਿ ਵਿੱਚ ਸਦੀਵੀ ਖ਼ੂਨੀ ਝਗੜਿਆਂ ਦੀ ਨੀਂਹ ਰੱਖ ਦਿੱਤੀ। ਨਹਿਰੂ ਨੇ ਭਾਵੇਂ ਚਲਾਕੀ ਨਾਲ ਗਾਂਧੀ ਨੂੰ ‘ਮਹਾਤਮਾ’ ਤੇ ‘ਬਾਪੂ’ ਦਾ ਦਰਜਾ ਦੇ ਕੇ ਥਾਂ-ਥਾਂ ਉਸ ਦੀਆਂ ਮੂਰਤੀਆਂ ਲਵਾ ਦਿੱਤੀਆਂ, ਪਰ ਅਜੋਕਾ ਇਤਿਹਾਸ ਇਹ ਦੱਸਦਾ ਹੈ ਕਿ ਉਸ ਦਾ ਇੱਕ ਵੀ ‘ਨਿਸ਼ਾਨਾ’ ਨਾ ਕਦੀ ਸਿਰੇ ਚੜ੍ਹਿਆ ਅਤੇ ਨਾ ਹੀ ਉਸ ਦੀਆਂ ਕਥਿਤ ਕਦਰਾਂ ਕੀਮਤਾਂ ਕਦੇ ‘ਸੱਭਿਅਕ’ ਸਦਵਾਈਆਂ ਤੇ ਸਿੱਧ ਹੋਈਆਂ। 2014 ਦੀਆਂ ਪਾਰਲੀਮਾਨੀ ਚੋਣਾਂ ਨੇ ਇਨ੍ਹਾਂ ਪਾਪੀਆਂ ਦੇ ਬ੍ਰਾਹਮਣਵਾਦੀ ਜਾਲ ਨੂੰ ਤੋੜ ਕੇ ਭਾਰਤ ਉੱਤੇ ਬਾਣੀਆਵਾਦੀ ਪਾਪੀਆਂ ਦਾ ਜਾਲ਼ ਤਣ ਦਿੱਤਾ। ਇਹ ਮੁੱਖ ਰੂਪ ਵਿੱਚ ਕਿਰਤੀ ਨਹੀਂ, ਸਗੋਂ ਦੂਜਿਆਂ ਦੀ ਕਿਰਤ ਕਮਾਈ ਦੀਆਂ ਵਸਤਾਂ ਦੀ ਅਦਲਾ ਬਦਲੀ ਰਾਹੀਂ ਆਪਣਾ ਹਲਵਾ ਮੰਡਾ ਕੱਢਦੇ ਤੇ ਛਕਦੇ ਹਨ। ਸਾਦਾ ਰੂਪ ਵਿੱਚ, ਇਹ ਹਾਕਮ, ਕਿਰਤੀਆਂ ਦਾ ਖ਼ੂਨ ਪੀਣੀਆਂ ਜੋਕਾਂ ਨੇ ਜਿਨ੍ਹਾਂ ਦੀ ਵਿਚਾਰਧਾਰਕ ਅਗਵਾਈ RSS ਦੇ ਹੱਥ ਹੈ। ਵਰਣ ਆਸ਼ਰਮ ਦੇ ਨੰਬਰ-2 (ਭਾਜਪਾਈਏ) ਤੇ ਸਥਾਪਤ, ਇਹਨਾਂ ਹਾਕਮਾਂ ਨੇ, ਹੁਣ ਇੱਕ ਪਾਸੇ ਕਿਰਤੀ ਵੈਸ਼ਾਂ ਤੇ ਸ਼ੂਦਰਾਂ ਨੂੰ ਆਤਮ-ਹੱਤਿਆਵਾਂ ਕਰਨ ਲਈ ਮਜਬੂਰ ਕੀਤਾ ਹੋਇਆ ਹੈ ਅਤੇ ਦੂਜੇ ਪਾਸੇ ਬਾਣੀਆਵਾਦੀ ਕਾਰੋਬਾਰੀਆਂ ਨੂੰ ਮੋਦੀ ਸਰਕਾਰ ਨੇ ਪਿਛਲੇ ਦੋ ਸਾਲਾਂ ਵਿੱਚ ‘ਸਬਸਿਡੀਆਂ’ ਰਾਹੀਂ ਲੱਖਾਂ-ਕਰੋੜਾਂ ਦੇ ਬੈਂਕ ਕਰਜ਼ੇ ਮੁਆਫ਼ ਕਰ ਕੇ ਖ਼ੁਸ਼ਹਾਲ ਬਣਾਇਆ ਹੈ। ਨਤੀਜਾ ਇਹ ਹੋਇਆ ਕਿ ਉੱਚੇ ਸਿੱਖਿਆ ਕੇਂਦਰਾਂ ਵਿੱਚ ਵਿੱਦਿਆ ਦੀਆਂ ਸਿਖਰਾਂ ਛੋਹ ਰਹੇ ਦਲਿਤ ਬੱਚਿਆਂ ਨੂੰ ਆਤਮ ਹੱਤਿਆਵਾਂ ਕਰਨੀਆਂ ਪੈ ਰਹੀਆਂ ਹਨ। ਆਪਣੇ ਵਲੋਂ ‘ਦੇਸ਼-ਭਗਤੀ’ ਦੀ ਪਿਛੋਕੜ ਤੋਂ ਉੱਕੇ ਹੀ ਕੋਰੇ ਹੋਣ ਦੇ ਬਾਵਜੂਦ, ਇਹ ਸਿੱਖਾਂ, ਕਿਰਤੀਆਂ, ਕਿਸਾਨਾਂ, ਮੁਸਲਮਾਨਾਂ ਅਤੇ ਗ਼ਰੀਬਾਂ ਤੋਂ ਆਪਣੀ ਮਰਜ਼ੀ ਅਨੁਸਾਰ ਘੜੀ ਗਈ ਸੋਚ ਦਾ ਸਮਰਥਨ ਮੰਗਦੇ ਹਨ। ਭਾਜਪਾਈਆਂ ਦਾ ਝੂਠ ਖੋਲ੍ਹਣ ਵਾਲਿਆਂ ਨੂੰ ਇਹ ਹਾਕਮ ‘ਦੇਸ਼ ਧ੍ਰੋਹੀ’ , ‘ਅਤਿਵਾਦੀ’ ਅਤੇ ‘ਵੱਖਵਾਦੀ’ ਗਰਦਾਨਦੇ ਹਨ। ਜਾਪਦਾ ਹੈ ਕਿ ਅਜੋਕੇ ਹਾਕਮ ਆਪਣੀ ਇਸ ਭ੍ਰਿਸ਼ਟ ਸੋਚ ਸਦਕਾ ਇਸ ਦੇਸ਼ ਨੂੰ ਖ਼ਾਨਾਜੰਗੀ ਦੀ ਰਾਹੇ ਪਾ ਦੇਣਗੇ। ਹਰਿਆਣੇ ਵਿੱਚ ਤਾਂ ਜਾਟ ਭਾਈਚਾਰੇ ਨੇ ਇਨ੍ਹਾਂ ਦੀ ਚੁਣੌਤੀ ਕਬੂਲ ਕਰ ਲਈ ਲਗਦੀ ਹੈ। ਹੁਣ ਵੇਖਣਾ ਇਹ ਹੈ ਕਿ ਇਹ ਹਾਕਮ ਸਾਨ੍ਹ ਦੇ ਰੂਪ ਵਿੱਚ ਬੜ੍ਹਕਦੇ ਹਨ ਜਾਂ ਗਊ ਦੇ ਜਾਏ ਬਣ ਕੇ ਦਰਕਦੇ ਹਨ?
ਦੇਸ਼ ਦੀ ਅਜ਼ਾਦੀ ਤੋਂ ਪਹਿਲਾਂ ਡਾ. ਰਬਿੰਦਰਾਨਾਥ ਟੈਗੋਰ ਲਈ ਕਬੀਰ ਜੀ ਅਤੇ ਨਾਨਕ ਜੀ ਟਕਸਾਲੀ ਧਰਮ ਨਿਰਪੱਖ ਸਨ। ਉਰਦੂ ਦੇ ਮਹਾਨ ਕਵੀ ਡਾ. ਮੁਹੰਮਦ ਇਕਬਾਲ ਵੀ ਇਸੇ ਲੜੀ ਵਿੱਚ ਆਉਂਦੇ ਸਨ। ਉਨ੍ਹਾਂ ਦੀ ਕਵਿਤਾ ਅੱਜ ਵੀ ਚਰਚਿਤ ਹੈ:
ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ।
ਹਮ ਬੁਲ ਬੁਲੇਂ ਹੈ ਇਸਕੀ ਯੇ ਗੁਲਸਿਤਾਂ ਹਮਾਰਾ॥
ਜਾਂ ਫ਼ਿਰ
ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰਖਨਾ।
ਹਿੰਦੀ ਹੈ ਹਮ ਵਤਨ ਹੈ ਹਿੰਦੁਸਤਾਨ ਹਮਾਰਾ॥
ਭਾਰਤ ਦਾ ‘ਟਾਈਮਜ਼ ਨਾਓ’ ਜਿਹਾ ਹਿੰਦੂ ਫ਼ਿਰਕੂ ਮੀਡੀਆ ਅੱਜ ਇਹ ਸਭ ਕੁਝ ਭੁਲਾ ਕੇ ਬੜੇ ਧੜੱਲੇ ਨਾਲ ਦਕਿਆਨੂਸੀ ਹਜ਼ਾਰਾਂ ਸਾਲ ਪੁਰਾਣੀ ਕਰਮਕਾਂਡੀ ਸੱਭਿਅਤਾ ਰਾਹੀਂ ਲੋਕਾਂ ਨੂੰ ਉਸ ਦੇ ਲੜ ਲਾਉਣ ਲਈ ਯਤਨਸ਼ੀਲ ਹੈ। ਪਰ ਇਹ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਅਜਿਹੇ ਮੀਡੀਏ ਦੀ ਨਾ ਭਾਰਤ ਵਿੱਚ ਦਾਲ਼ ਗਲ਼ਣੀ ਹੈ ਅਤੇ ਨਾ ਹੀ ਪੰਜਾਬ ਅੰਦਰ ਆਰੀਆ ਸਮਾਜੀ ਪ੍ਰਚਾਰਕਾਂ ਦੀ।
1975 ਵਿੱਚ ਆਪਣੇ ਫ਼ੁਕਰੇ ਬੇਟੇ ਦੇ ਆਖੇ ਲੱਗ ਕੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਗੂ ਕੀਤੀ। ਕਈ ਹੋਰ ਪਾਪਾਂ ਸਣੇ ਮਹਾਨ ਦੇਸ਼ ਭਗਤ ਸ੍ਰੀ ਜੈ ਪ੍ਰਕਾਸ਼ ਨਰਾਇਣ ਉਸ ਦੀ ਭੇਟ ਚੜ੍ਹੇ। 1984 ਵਿੱਚ ਆਪਣੀ ਨਸਲ ਦੇ ਫ਼ੁਕਰਿਆਂ ਦੇ ਆਖੇ ਲੱਗ ਕੇ ਬਾਦਲਕਿਆਂ ਅਤੇ ਕਈ ਹੋਰ ਕੇਸਾਧਾਰੀਆਂ ਤੇ ਪਗੜੀਧਾਰੀਆਂ ਦੀ ਪ੍ਰਵਾਨਗੀ ਲੈ ਕੇ ਏਸੇ ਤਰ੍ਹਾਂ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਟੈਂਕਾਂ, ਤੋਪਾਂ ਅਤੇ ਹਵਾਈ ਜਹਾਜ਼ਾਂ ਨਾਲ ਹਮਲਾ ਕਰਵਾਇਆ। ਨਿਸ਼ਾਨਾ ਸੀ ਇੱਕੀਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਨੂੰ ਖ਼ਤਮ ਕਰਨ ਦਾ। ਜ਼ਖ਼ਮੀ ਕਰਨ ਪਿੱਛੋਂ ਉਨ੍ਹਾਂ ਨੂੰ ਤਸੀਹੇ ਦੇ ਕੇ ਮਾਰਿਆ ਗਿਆ। ਇਹ ਇਤਿਹਾਸ ਹੈ। ਪੰਜਾਬ ਦੇ ਅਜੋਕੇ ਲੋਕ ਤੇ ਵੋਟਰ 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ, ਉਪਰੋਕਤ ਕਾਤਲਾਂ ਦੇ ਜ਼ੁਲਮ ਅਤੇ ਉਨ੍ਹਾਂ ਨੂੰ ਬਣਦੀਆਂ ਸਜ਼ਾਵਾਂ ਦੁਆਉਣ ਦਾ ਨਿਸ਼ਾਨਾ ਭੁੱਲ ਕੇ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਬਿਕਰਮ ਸਿੰਘ ਮਜੀਠੀਆ, ਬੀਬੀ ਹਰਮਿਸਰਤ ਕੌਰ ਬਾਦਲ, ਕੈਪਟਨ ਅਮਰਿੰਦਰ ਸਿੰਘ, ਬਲਵੰਤ ਸਿੰਘ ਰਾਮੂਵਾਲੀਆ, ਆਦਿ ਦੇ ਚਰਨ ਸਪਰਸ਼ ਕਰਨ ਵੱਲ ਕਦੀ ਨਹੀਂ ਵਧਣਗੇ। ਪੰਜਾਬੀਆਂ, ਤੇ ਖ਼ਾਸ ਕਰ ਸਿੱਖਾਂ ਨੂੰ, ਇਹ ਨਹੀਂ ਭੁੱਲਣਾ ਚਾਹੀਦਾ ਕਿ ਉਪਰੋਕਤ ਗੁਨਾਹਾਂ ‘ਤੇ ਪਰਦਾ ਪਾਉਣ ਲਈ ਇਨ੍ਹਾਂ ਗੁਨਾਹਕਾਰੀਆਂ ਨੇ ਸੈਂਕੜੇ ਨਹੀਂ ਹਜ਼ਾਰਾਂ ਕੈਟ ਪਾਲ਼ ਰੱਖੇ ਹਨ ਜੋ ਹੁਣ ਤਾਈਂ ਸਰਗਰਮੀ ਨਾਲ ਇਨ੍ਹਾਂ ਦੀ ਰਾਜਨੀਤਿਕ ਰਾਖੀ ਦਾ ਕੰਮ ਕਰਦੇ ਹਨ। ਨਿਰਮਲ ਸਿੰਘ ਭੰਗੂ ਦੇ ਨਾਂ ਵਾਲਾ ਅਟਾਰੀ ਦਾ ਦੋਧੀ ਅੱਜ 45 ਹਜ਼ਾਰ ਕਰੋੜ ਦੇ ਭ੍ਰਿਸ਼ਟਾਚਾਰੀ ਕੇਸ ਵਿੱਚ ਸੀ. ਬੀ. ਆਈ. ਨੇ ਫ਼ੜਿਆ ਹੋਇਅ। ਉਸ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਦੇ ਕਬੱਡੀ ਮੈਚਾਂ ਵਿੱਚ ਉਹਨੇ 14 ਕਰੋੜ ਦਾ ਦਾਨ ਦਿੱਤਾ ਸੀ। ਨਸ਼ਿਆਂ ਅਤੇ ਹੋਰ “ਲੁੱਟਾਂ ਖੋਹਾਂ ਦੀ ਕਹਾਣੀਆਂ ਤਾਂ ਬਹੁਤ ਲੰਬੀ ਹੈ।
ਰਹਿ ਗਿਆ ਸਵਾਲ ਆਮ ਆਦਮੀ ਪਾਰਟੀ ਅਤੇ ਸ੍ਰੀ ਕੇਜਰੀਵਾਲ ਜੀ ਦਾ। ਧਿਆਨ ਰੱਖੋ ਏਸ ਪਾਰਟੀ ਦੀ ਨੀਂਹ ਰੱਖੀ ਗਈ ਸੁੱਚਾ ਸਿੰਘ ਛੋਟੇਪੁਰ ਨੂੰ ਕਨਵੀਨਰ ਬਣਾ ਕੇ। ਕੌਣ ਹੈ ਇਹ ਛੋਟੇਪੁਰ? ਇਹ ਉਹ ਪੁਰਾਣਾ ਵਜ਼ੀਰ ਹੈ ਜੋ ਗੱਜ ਵੱਜ ਕੇ ਕਹਿੰਦਾ ਹੁੰਦਾ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ‘ਚੰਬਲ ਦਾ ਡਾਕੂ’ ਹੈ। ਪਾਠਕ ਵੀਰੋ, ਇਸ ਗੱਲ’ ਚ ਰਤੀ ਵੀ ਭੁਲੇਖਾ ਨਹੀਂ ਕਿ ਇੰਦਰਾ ਦੀ ਕੇਂਦਰ ਸਰਕਾਰ ਅਤੇ ਉਸ ਦੀਆਂ ਏਜੰਸੀਆਂ ਵਲੋਂ ਸੰਤ ਭਿੰਡਰਾਂਵਾਲੇ ਦੇ ਟਕਸਾਲੀ ਵੈਰੀ ਦੀ ਪਛਾਣ ਕਰ ਕੇ ਜਾਂ ਕੇਜਰੀਵਾਲ ਵਲੋਂ ਸੰਤਾਂ ਪ੍ਰਤੀ ਡੂੰਘੀ ਨਫ਼ਰਤ ਸਦਕਾ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਨੀਂਹ ਰੱਖਣ ਲਈ ਸੁੱਚਾ ਸਿੰਘ ਛੋਟੇਪੁਰ ਚੁਣਿਆ ਗਿਆ ਸੀ। ਆਉਂਦੀਆਂ ਚੋਣਾਂ ਵਿੱਚ ਇਸ ਪਾਰਟੀ ਨੂੰ ਇਸ ਸਵਾਲ ਦਾ ਜਵਾਬ ਵੀ ਦੇਣਾ ਪਏਗਾ ਅਤੇ ਇਹ ਵੀ ਸਿੱਧ ਕਰਨਾ ਪਏਗਾ ਕਿ ‘ਸਾਕਾ ਨੀਲਾ ਤਾਰਾ’ ਕਰਨ, ਕਰਵਾਉਣ ਅਤੇ ਉਸ ਦੇ ਨਿਕਲੇ ਸਿੱਟਿਆਂ ਪ੍ਰਤੀ ਉਨ੍ਹਾਂ ਦੀ ਅੱਜ ਕੀ ਭੂਮਿਕਾ ਹੈ। ਦਿੱਲੀ ਵਿਖੇ ਜਦ ਕੇਜਰੀਵਾਲ ਆਪਣੇ ਸਾਰੇ MLA ਲੈ ਕੇ ਨਿਰੰਕਾਰੀਆਂ ਵਰਗਿਆਂ ਦੇ ਡੇਰੇਆਂ ‘ਤੇ ਜਾਂਦਾ ਹੈ ਤਾਂ ਉਸ ਦਾ ਕੀ ਨਿਸ਼ਾਨਾ ਹੈ? ਕਿਤੇ ਗੁਜਰਾਤ ਦੇ ਆਰੀਆ ਸਮਾਜੀ ਆਗੂ ਦਇਆਨੰਦ ਵਾਂਗੂੰ ਉਹ ਸਿੱਖਾਂ ਦੇ ‘ਸ਼ੁੱਧੀਕਰਨ’ ਲਈ ਤਾਂ ਨਹੀਂ ਆ ਰਿਹਾ? ਚੇਤੇ ਰਹੇ 19ਵੀਂ ਸਦੀ ਦੇ ਆਰੰਭ ਵਿੱਚ ਦਇਆਨੰਦ ਨੇ ਲਾਹੌਰ ਦੇ ਅਨਾਰਕਲੀ ਬਜ਼ਾਰ ਵਿੱਚ ਲਗਭਗ 200 ਸਿੱਖਾਂ ਨੂੰ ਰੋਡ-ਮੋਡ ਕਰ ਕੇ ਜਲੂਸ ਕੱਢਿਆ ਸੀ।
ਦੇਖੋ ਹੁਣ ਕੇਜਰੀਵਾਲ ਦਾ ਊਠ ਪੰਜਾਬ ਵਿੱਚ ਕਿਸ ਕਰਵਟ ਬੈਠਦੈ!















