ਸਨੀ ਦਿਓਲ ਇੱਕ ਚੰਗਾ ਅਦਾਕਾਰ ਹੋਣ ਦੇ ਨਾਲ-ਨਾਲ ਇੱਕ ਵਧੀਆ ਨਿਰਮਤਾ-ਨਿਰਦੇਸ਼ਕ ਵੀ ਹੈ। ਫ਼ਿਲਮੀ ਪਰਦੇ ਤੋਂ ਇਲਾਵਾ ਇਹ ਸਿਤਾਰਾ ਹੁਣ ਸਿਆਸਤ ‘ਚ ਵੀ ਆ ਚੁੱਕਾ ਹੈ। ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦੌਰਾਨ ਸਨੀ ਪੰਜਾਬ ਦੇ ਗੁਰਦਾਸਪੁਰ ਹਲਕੇ ਤੋਂ ਸੰਸਦ ਮੈਂਬਰ ਵਜੋਂ ਚੁਣਿਆ ਗਿਆ ਹੈ। ਖ਼ੈਰ ਹੁਣ ਤਕ ਸਨੀ ਨੇ ਕਈ ਹਿੱਟ ਫ਼ਿਲਮਾਂ ਦਾ ਨਿਰਦੇਸ਼ਨ ਅਤੇ ਨਿਰਮਾਣ ਕੀਤਾ ਹੈ। ਇਨ੍ਹੀਂ ਦਿਨੀਂ ਸਨੀ ਆਪਣੇ ਨਿਰਦੇਸ਼ਨ ‘ਚ ਬਣ ਰਹੀ ਫ਼ਿਲਮ ਪਲ ਪਲ ਦਿਲ ਕੇ ਪਾਸ ਦੇ ਨਿਰਦੇਸ਼ਨ ‘ਚ ਰੁੱਝਾ ਹੋਇਆ ਹੈ। ਇਸ ਫ਼ਿਲਮ ਤੋਂ ਸਨੀ ਦਾ ਬੇਟਾ ਕਰਨ ਦਿਓਲ ਬੌਲੀਵੁਡ ‘ਚ ਡੈਬਿਊ ਕਰੇਗਾ।
ਹਾਲ ਹੀ ‘ਚ ਇੱਕ ਇੰਟਰਵਿਊ ਦੌਰਾਨ ਜਦੋਂ ਸਨੀ ਤੋਂ ਪੁੱਛਿਆ ਗਿਆ ਕਿ ਊਹ ਬੌਲੀਵੁੱਡ ‘ਚ ਕਿਸ ਅਭਿਨੇਤਰੀ ਨਾਲ ਫ਼ਿਲਮ ਕਰਨੀ ਚਾਹੁੰਦਾ ਹੈ ਤਾਂ ਸਨੀ ਨੇ ਬਿਨਾਂ ਕਿਸੇ ਦੇਰੀ ਦੇ ਸਭ ਤੋਂ ਪਹਿਲਾਂ ਦੀਪਿਕਾ ਪਾਦੂਕੋਣ ਦਾ ਨਾਂ ਲਿਆ। ਸਨੀ ਦਿਓਲ ਨੇ ਇਹੀ ਵੀ ਦੱਸਿਆ ਕਿ ਦੀਪਿਕਾ ਇੱਕ ਪ੍ਰਤਿਭਾਵਾਨ ਅਭਿਨੇਤਰੀ ਹੈ, ਅਤੇ ਉਹ ਕਿਸੇ ਵੀ ਕਿਰਦਾਰ ‘ਚ ਖ਼ੁਦ ਨੂੰ ਬਹੁਤ ਆਸਾਨੀ ਨਾਲ ਢਾਲ ਲੈਂਦੀ ਹੈ। ਹਾਲਾਂਕਿ ਹੁਣ ਦੇਖਣਾ ਇਹ ਹੈ ਕਿ ਦੀਪਿਕਾ ਇਸ ਬਾਰੇ ਕੀ ਰਾਏ ਰੱਖਦੀ ਹੈ।
ਦੱਸਣਯੋਗ ਹੈ ਕਿ ਦੀਪਿਕਾ ਇਨ੍ਹੀਂ ਦਿਨੀਂ ਆਪਣੀ ਸਭ ਤੋਂ ਚਰਚਿਤ ਫ਼ਿਲਮ ਛਪਾਕ ‘ਚ ਰੁੱਝੀ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਮੇਘਨਾ ਗ਼ੁਲਜ਼ਾਰ ਕਰੇਗੀ। ਇਹ ਫ਼ਿਲਮ ਐਸਿਡ ਅਟੈਕ ਪੀੜਤਾ ਲਕਸ਼ਮੀ ਅੱਗਰਵਾਲ ਦੀ ਬਾਇਓਪਿਕ ਹੈ। ਇਸ ਫ਼ਿਲਮ ਦੇ ਨਿਰਮਾਣ ਦੀ ਜ਼ਿੰਮੇਵਾਰੀ ਵੀ ਦੀਪਿਕਾ ਪਾਦੂਕੋਣ ਨੇ ਹੀ ਲਈ ਹੈ। ਫ਼ਿਲਮ ‘ਚ ਵਿਕ੍ਰਾਂਤ ਮੈਸੀ ਵੀ ਅਹਿਮ ਕਿਰਦਾਰ ਨਿਭਾਉਂਦਾ ਨਜ਼ਰ ਆਵੇਗਾ। ਇਹ ਫ਼ਿਲਮ ਅਗਲੇ ਸਾਲ 10 ਜਨਵਰੀ ਨੂੰ ਰਿਲੀਜ਼ ਕੀਤੀ ਜਾਵੇਗੀ।
ਦੂਜੇ ਪਾਸੇ ਪਿਛਲੇ ਕੁੱਝ ਸਮੇਂ ਤੋਂ ਬੌਲੀਵੁਡ ਇੰਡਸਟਰੀ ‘ਚ ਇਹ ਵੀ ਚਰਚਾ ਚੱਲ ਰਹੀ ਹੈ ਕਿ ਸਨੀ ਦਿਓਲ ਦੀ ਸੁਪਰਹਿੱਟ ਫ਼ਿਲਮ ਗ਼ਦਰ ਦਾ ਅਗਲਾ ਭਾਗ ਵੀ ਬਣਾਇਆ ਜਾਵੇਗਾ। ਹਾਲਾਂਕਿ ਇਸ ਨਾਲ ਜੁੜੀ ਅਜੇ ਬਹੁਤੀ ਜਾਣਕਾਰੀ ਸਾਹਮਣੇ ਨਹੀਂ ਆਈ, ਪਰ ਇਹ ਕਿਹਾ ਜਾ ਰਿਹਾ ਹੈ ਕਿ ਇਸ ਫ਼ਿਲਮ ‘ਚ ਸਨੀ ਦਿਓਲ ਹੀ ਇੱਕ ਵਾਰ ਫ਼ਿਰ ਮੁੱਖ ਭੂਮਿਕਾ ‘ਚ ਨਜ਼ਰ ਆਵੇਗਾ। ਫ਼ਿਲਮ ਦੀ ਬਾਕੀ ਸਟਾਰ ਕਾਸਟ ਵੀ ਪਹਿਲਾਂ ਵਾਲੀ ਹੀ ਰੱਖੀ ਜਾਵੇਗੀ। ਜਲਦ ਹੀ ਇਸ ਫ਼ਿਲਮ ਦਾ ਰਸਮੀ ਐਲਾਨ ਹੋ ਸਕਦਾ ਹੈ।











