ਵਿਲੇਨ ਦਾ ਕਿਰਦਾਰ ਨਿਭਾ ਸਕਦੈ ਸ਼ਾਹਰੁਖ਼

ਸੁਪਰਸਟਾਰ ਸ਼ਾਹਰੁਖ਼ ਖ਼ਾਨ ਦੀਆਂ ਪਿਛਲੀਆਂ ਕੁੱਝ ਫ਼ਿਲਮਾਂ ਫ਼ਲੌਪ ਰਹੀਆਂ ਹਨ। ਇਸ ਕਾਰਨ ਸ਼ਾਹਰੁਖ਼ ਆਪਣੇ ਅਗਲੇ ਪ੍ਰੌਜੈਕਟ ਦੀ ਚੋਣ ਲਈ ਕਾਫ਼ੀ ਸੋਚ ਵਿਚਾਰ ਕਰ ਕੇ ਫ਼ੈਸਲਾ ਕਰਨਾ ਚਾਹੁੰਦਾ ਹੈ। ਭਾਵੇਂ ਉਹ ਅਜੇ ਕਿਸੇ ਫ਼ਿਲਮ ‘ਚ ਕੰਮ ਨਹੀਂ ਕਰ ਰਿਹਾ, ਪਰ ਉਸ ਦਾ ਪ੍ਰੋਡਕਸ਼ਨ ਹਾਊਸ ਨਵੀਆਂ ਫ਼ਿਲਮਾਂ ਬਣਾਉਣ ਨੂੰ ਲੈ ਕਾਫ਼ੀ ਸਰਗਰਮ ਹੈ। ਫ਼ਿਲਮਾਂ ਤੋਂ ਇਲਾਵਾ ਉਹ ਨੈੱਟਫ਼ਲਿਕਸ ‘ਤੇ ਕਈ ਵੈੱਬ ਸੀਰੀਜ਼ ਵੀ ਪ੍ਰੋਡਿਊਸ ਕਰ ਰਿਹਾ ਹੈ। ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਸ਼ਾਹਰੁਖ਼ ਸੁਪਰਹਿੱਟ ਸੀਰੀਜ਼ ਧੂਮ ਦੀ ਚੌਥੀ ਫ਼ਿਲਮ ਨਾਲ ਧਮਾਕੇਦਾਰ ਵਾਪਸੀ ਕਰਨ ਦਾ ਮਨ ਬਣਾ ਰਿਹਾ ਹੈ।
ਪਿਛਲੇ ਸਾਲ ਤੋਂ ਹੀ ਕਿਆਸੇ ਲਗਾਏ ਜਾ ਰਹੇ ਹਨ ਕਿ ਸ਼ਾਹਰੁਖ਼ ਦੀ ਧੂਮ ਸੀਰੀਜ਼ ‘ਚ ਐਂਟਰੀ ਹੋ ਸਕਦੀ ਹੈ ਪਰ ਅਜੇ ਤਕ ਇਸ ਬਾਰੇ ਕੋਈ ਪੱਕੀ ਜਾਣਕਾਰੀ ਸਾਹਮਣੇ ਨਹੀਂ ਆਈ। ਸੂਰਤਾਂ ਦੀ ਮੰਨੀਏ ਤਾਂ ਧੂਮ, ਧੂਮ 2 ਅਤੇ ਧੂਮ 3 ਦੀ ਚੰਗੀ ਸਫ਼ਲਤਾ ਤੋਂ ਬਾਅਦ ਧੂਮ 4 ਦੀ ਤਿਆਰੀ ਸ਼ੁਰੂ ਹੋ ਗਈ ਹੈ। ਇਸ ਲਈ ਧੂਮ-4 ਸਟਾਰ ਕਾਸਟ ਨੂੰ ਲੈ ਕੇ ਹੁਣ ਤਕ ਕਈ ਨਾਂ ਸਾਹਮਣੇ ਆ ਚੁੱਕੇ ਹਨ। ਕਿਹਾ ਜਾ ਰਿਹਾ ਹੈ ਕਿ ਧੂਮ 4 ਦਾ ਨਿਰਦੇਸ਼ਨ ਵਿਜੈ ਆਚਾਰੀਆ ਨਹੀਂ ਕਰੇਗਾ ਜਿਸ ਨੇ ਇਸ ਸੀਰੀਜ਼ ਦੀ ਦੂਜੀ ਅਤੇ ਤੀਜੀ ਫ਼ਿਲਮ ਦਾ ਨਿਰਦੇਸ਼ਨ ਕੀਤਾ ਸੀ। ਯਸ਼ਰਾਜ ਫ਼ਿਲਮਜ਼ ਨੇ ਧੂਮ 4 ‘ਚ ਵਿਲੇਨ ਦੇ ਕਿਰਦਾਰ ਲਈ ਸ਼ਾਹਰੁਖ਼ ਨੂੰ ਅਪ੍ਰੋਚ ਕੀਤਾ ਗਿਆ ਹੈ। ਜੇ ਸ਼ਾਹਰੁਖ਼ ਨੇ ਇਸ ਰੋਲ ਲਈ ਹਾਮੀ ਭਰ ਦਿੱਤੀ ਤਾਂ ਉਦੈ ਚੋਪੜਾ ਅਤੇ ਅਭਿਸ਼ੇਕ ਬੱਚਨ ਇਸ ਵਾਰ ਇੱਕ ਨਵੇਂ ਪੁਲੀਸ ਅਧਿਕਾਰੀ ਦੇ ਰੂਪ ‘ਚ ਨਜ਼ਰ ਆਉਣਗੇ। ਸਾਹਰੁਖ਼ ਖ਼ਾਨ ਵੱਲੋਂ ਜਲਦ ਹੀ ਇਸ ਪੇਸ਼ਕਸ਼ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਜਾਵੇਗੀ। ਜੇਕਰ ‘ਧੂਮ ‘ਸੀਰੀਜ਼ ਦੀਆਂ ਪਿਛਲੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਜਾਨ ਅਬਰਾਹਿਮ, ਰਿਤਿਕ ਰੋਸ਼ਨ ਤੇ ਆਮਿਰ ਖ਼ਾਨ ਵਿਲੇਨ ਦੇ ਕਿਰਦਾਰ ‘ਚ ਨਜ਼ਰ ਆ ਚੁੱਕੇ ਹਨ। ਦੂਜੇ ਪਾਸੇ ਸ਼ਾਹਰੁਖ਼ ਖ਼ਾਨ ਫ਼ਿਲਮ ‘ਬਾਜ਼ੀਗਰ’, ‘ਅੰਦਾਜ਼’, ‘ਡਾਨ ‘ਸੀਰੀਜ਼ ਆਦਿ ‘ਚ ਨੈਗੇਟਿਵ ਕਿਰਦਾਰ ਨਿਭਾ ਚੁੱਕਾ ਹੈ। ੲ