ਇਸ ਸਾਲ ਅਮਾਇਰਾ ਦੀਆਂ ਦੋ ਤਮਿਲ ਫ਼ਿਲਮਾਂ ਰਿਲੀਜ਼ ਹੋਣਗੀਆਂ ਜਿਨ੍ਹਾਂ ‘ਚ ਉਹ ਆਪਣੇ ਕਿਰਦਾਰਾਂ ਨੂੰ ਹੋਰ ਮਜ਼ਬੂਤ ਕਰਨ ਲਈ ਤਮਿਲ ਭਾਸ਼ਾ ਸਿੱਖ ਰਹੀ ਹੈ …
ਅਭਿਨੇਤਰੀ ਅਮਾਇਰਾ ਦਸਤੂਰ ਅੱਜ ਕੱਲ੍ਹ ਚਾਰ ਹਿੰਦੀ ਅਤੇ ਦੋ ਦੱਖਣ ਭਾਰਤੀ ਫ਼ਿਲਮਾਂ ਦੀ ਸ਼ੂਟਿੰਗ ਪੂਰੀ ਕਰਨ ‘ਚ ਰੁੱਝੀ ਹੋਈ ਹੈ। ਇਸ ਲਈ ਉਸ ਨੂੰ ਕਾਫ਼ੀ ਭੱਜ-ਦੌੜ ਕਰਨੀ ਪੈਂਦੀ ਹੈ। ਇਹ ਸਾਰੀਆਂ ਫ਼ਿਲਮਾਂ ਇਸੇ ਸਾਲ ਰਿਲੀਜ਼ ਹੋਣਗੀਆਂ। ਅਮਾਇਰਾ ਦੀ ਰਾਜਕੁਮਾਰ ਰਾਓ ਅਤੇ ਕੰਗਨਾ ਰਨੌਤ ਨਾਲ ਫ਼ਿਲਮ ਮੈਂਟਲ ਹੈ ਕਯਾ ਜੁਲਾਈ ਮਹੀਨੇ ਵਿੱਚ ਰਿਲੀਜ਼ ਹੋਵੇਗੀ। ਇਸ ਤੋਂ ਬਾਅਦ ਉਸ ਦੀਆਂ ਤਿੰਨ ਹੋਰ ਬੌਲੀਵੁਡ ਫ਼ਿਲਮਾਂ ਕਤਾਰ ‘ਚ ਲੱਗੀਆਂ ਹੋਈਆਂ ਹਨ ਜਿਨ੍ਹਾਂ ‘ਚ ਮੇਡ ਇਨ ਚਾਈਨਾ, ਪ੍ਰਸਥਾਨਮ ਅਤੇ ਕੋਈ ਜਾਨਾ ਨਹੀਂ ਸ਼ਾਮਿਲ ਹਨ।
ਫ਼ਿਲਮ ਮੇਡ ਇਨ ਚਾਈਨਾ ‘ਚ ਉਹ ਇੱਕ ਵਾਰ ਫ਼ਿਰ ਰਾਜਕੁਮਾਰ ਰਾਓ ਨਾਲ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ ਜਦਕਿ ਫ਼ਿਲਮ ਪ੍ਰਸਥਾਨਮ ‘ਚ ਉਹ ਸੰਜੇ ਦੱਤ ਨਾਲ ਨਜ਼ਰ ਆਵੇਗੀ। ਜ਼ਿਕਰਯੋਗ ਹੈ ਕਿ ਇਹ ਫ਼ਿਲਮ 2010 ‘ਚ ਰਿਲੀਜ਼ ਹੋਈ ਤੇਲੁਗੂ ਫ਼ਿਲਮ ਪ੍ਰਸਥਾਨਮ ਦਾ ਹੀ ਹਿੰਦੀ ਰੀਮੇਕ ਹੈ। ਇਸ ਦੇ ਨਿਰਮਾਣ ਦੀ ਜ਼ਿੰਮੇਵਾਰੀ ਵੀ ਸੰਜ ਦੱਤ ਨੇ ਚੁੱਕੀ ਹੈ। ਫ਼ਿਲਮ ਕੋਈ ਜਾਨਾ ਨਹੀਂ ਨੂੰ ਟੀ-ਸੀਰੀਜ਼ ਪ੍ਰੋਡਕਸ਼ਨ ਹਾਊਸ ਬਣਾ ਰਿਹਾ ਹੈ। ਆਪਣੇ ਕਿਰਦਾਰਾਂ ਅਤੇ ਅਦਾਕਾਰੀ ‘ਚ ਹੋਰ ਪਰਪੱਕਤਾ ਲਈ ਅਮਾਇਰਾ ਨੇ ਹੁਣ ਤਾਮਿਲ ਭਾਸ਼ਾ ਬੋਲਣੀ ਸਿੱਖਣ ਦਾ ਫ਼ੈਸਲਾ ਲਿਆ ਹੈ।
ਅਮਾਇਰਾ ਆਖਦੀ ਹੈ, ”ਮੈਂ ਜਿਸ ਕਿਰਦਾਰ ਨੂੰ ਤਮਿਲ ਫ਼ਿਲਮ ‘ਚ ਨਿਭਾ ਰਹੀ ਹਾਂ, ਅਸਲ ‘ਚ ਮੈਂ ਉਸ ਕਿਰਦਾਰ ਲਈ ਆਪਣੀ ਆਵਾਜ਼ ‘ਚ ਹੀ ਡਬਿੰਗ ਵੀ ਕਰਨਾ ਚਾਹੁੰਦੀ ਹਾਂ ਕਿਉਂਕਿ ਮੈਨੂੰ ਲਗਦਾ ਹੈ ਕਿ ਇਸ ਤਰ੍ਹਾਂ ਮੇਰੀ ਪ੍ਰਤਿਭਾ ਅਤੇ ਅਦਾਕਾਰੀ ‘ਚ ਹੋਰ ਨਿਖ਼ਾਰ ਆਵੇਗਾ ਜਿਸ ਨੂੰ ਹਾਸਿਲ ਕਰਨ ਲਈ ਮੈਂ ਇੰਨੀ ਮਿਹਨਤ ਕੀਤੀ ਹੈ। ਆਪਣੀ ਆਉਣ ਵਾਲੀ ਫ਼ਿਲਮ ਲਈ ਡਬ ਕਰਨ ‘ਚ ਸਮਰੱਥ ਹੋਣ ਲਈ ਮੈਂ ਤਾਮਿਲ ਸਿੱਖਣ ਲਈ ਟਿਊਸ਼ਨ ਲੈ ਰਹੀ ਹਾਂ।” ਛੇਤੀ ਹੀ ਅਮਾਇਰਾ ਦਸਤੂਰ ਅਦਾਕਾਰ ਪ੍ਰਭੂਦੇਵਾ ਨਾਲ ਅਗਲੀ ਫ਼ਿਲਮ ‘ਤੇ ਵੀ ਕੰਮ ਸ਼ੁਰੂ ਕਰੇਗੀ।











