ਜੈਪੁਰ – ਰਾਜਸਥਾਨ ਰੌਇਲਜ਼ ਦੇ ਕੀਵੀ ਲੈੱਗ ਸਪਿਨਰ ਇਸ਼ ਸੋਢੀ ਦਾ ਮੰਨਣਾ ਹੈ ਕਿ T-20 ਮੈਚ ਦੀ ਰਫ਼ਤਾਰ ਘੱਟ ਕਰ ਕੇ ਮੈਚ ‘ਤੇ ਕਾਬੂ ਰੱਖਣ ਦੀ ਮਹਿੰਦਰ ਸਿੰਘ ਧੋਨੀ ਦੀ ਕਾਬਲੀਅਤ ਤੋਂ ਸਭ ਨੂੰ ਸਿੱਖਣਾ ਚਾਹੀਦਾ ਹੈ। ਉਸ ਨੇ ਕਿਹਾ ਕਿ T-20 ਕ੍ਰਿਕਟ ਦੀ ਆਪਣੀ ਰਫ਼ਤਾਰ ਹੈ ਅਤੇ ਧੋਨੀ ਦੀ ਕ੍ਰਿਕਟ ਦੀ ਸਮਝ ਇੰਨੀ ਸ਼ਾਨਦਾਰ ਹੈ ਕਿ ਉਹ ਇਸ ਨੂੰ ਘੱਟ ਕਰਨ ਦਾ ਦਮ ਰਖਦਾ ਹੈ। ਸੋਢੀ ਨੇ ਕਿਹਾ, ”ਹਰ ਕਿਸੇ ਨੂੰ ਆਪਣੀ ਭੂਮਿਕਾ ਬਾਰੇ ਪਤਾ ਹੋਣਾ ਚਾਹੀਦਾ ਹੈ। ਖੇਡ ਦੀ ਰਫ਼ਤਾਰ ਘੱਟ ਕਰਨ ਦੀ ਕਲਾ ਮੈਂ ਧੋਨੀ ਨੂੰ ਦੇਖ ਕੇ ਸਿੱਖ ਰਿਹਾ ਹਾਂ। ਉਸ ਨੂੰ ਪਤਾ ਹੈ ਕਿ ਕਦੋਂ ਕੀ ਕਰਨਾ ਹੈ, ਅਤੇ ਉਹ ਆਪਣੇ ਟੀਚੇ ਵਿੱਚ ਕਾਮਯਾਬ ਰਹਿੰਦਾ ਹੈ। ਇਸ ਤਰ੍ਹਾਂ ਦੇ ਸਾਰੇ ਮੈਚ ਭਾਂਵੇ ਨਾ ਜਿੱਤੇ ਜਾ ਸਕਣ, ਪਰ ਇਸ ਨਾਲ ਸਖ਼ਤ ਚੁਣੌਤੀ ਦੇਣ ‘ਚ ਮਦਦ ਮਿਲਦੀ ਹੈ।”
ਕ੍ਰਿਕਟ ਦੇ ਤਿੰਨਾਂ ਰੂਪਾਂ ਵਿੱਚ 123 ਕੌਮਾਂਤਰੀ ਵਿਕਟ ਲੈਣ ਦੇ ਬਾਵਜੂਦ ਸੋਢੀ ਖ਼ੁਦ ਨੂੰ ਗ਼ੈਰ ਤਜ਼ਰਬੇਕਾਰ ਮੰਨਦਾ ਹੈ। ਉਸ ਨੇ ਕਿਹਾ, ”ਮੈਂ 26 ਸਾਲ ਦਾ ਹਾਂ ਅਤੇ ਕਾਫ਼ੀ ਕ੍ਰਿਕਟ ਖੇਡ ਚੁੱਕਾ ਹਾਂ, ਪਰ ਅਜੇ ਵੀ ਮੇਰੇ ਵਿੱਚ ਤਜਰਬੇ ਦੀ ਕਮੀ ਹੈ। ਮੈਂ ਆਪਣੀ ਖੇਡ ਵਿੱਚ ਲਗਾਤਾਰ ਸੁਧਾਰ ਕਰ ਰਿਹਾ ਹਾਂ। ਮੈਂ ਲੰਬੇ ਸਮੇਂ ਤਕ ਰਾਜਸਥਾਨ ਰੌਇਲਜ਼ ਅਤੇ ਨਿਊ ਜ਼ੀਲੈਂਡ ਲਈ ਖੇਡਣਾ ਚਾਹੁੰਦਾ ਹਾਂ। ਮੇਰਾ ਟੀਚਾ ਕੱਲ੍ਹ ਜਾਂ ਪਰਸੋਂ ਤਕ ਦਾ ਨਹੀਂ ਸਗੋਂ ਲੰਬੇ ਸਮੇਂ ਦਾ ਹੈ।”











