ਨਵੀਂ ਦਿੱਲੀ – ਭਾਰਤੀ ਓਪਨਰ ਸ਼ਿਖਰ ਧਵਨ ਨੇ ਕਿਹਾ ਕਿ ਇੰਗਲੈਂਡ ‘ਚ 30 ਮਈ ਤੋਂ ਹੋਣ ਵਾਲੇ ਅਗਲੇ ICC ਵਰਲਡ ਕੱਪ ਲਈ ਚੁਣੀ ਗਈ 15 ਮੈਂਬਰੀ ਟੀਮ ਕਾਫ਼ੀ ਮਜਬੂਤ ਹੈ। MSK ਪ੍ਰਸਾਦ ਦੀ ਅਗਵਾਈ ਵਾਲੀ ਸਿਲੈਕਸ਼ਨ ਕਮੇਟੀ ਨੇ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਕੀਤਾ ਜਿਸ ਦੀ ਕਪਤਾਨੀ ਵਿਰਾਟ ਕੋਹਲੀ ਕਰੇਗਾ। ਰੋਹਿਤ ਸ਼ਰਮਾ ਨੂੰ ਟੀਮ ਦੀ ਉੱਪ ਕਪਤਾਨੀ ਸੌਂਪੀ ਗਈ ਹੈ। ਦਿਨੇਸ਼ ਕਾਰਤਿਕ ਨੇ ਦੂਜੇ ਵਿਕਟਕੀਪਰ ਦੇ ਸਥਾਨ ਦੀ ਦੌੜ ‘ਚ ਰਿਸ਼ਭ ਪੰਤ ਨੂੰ ਪਛਾੜ ਕੇ ਬਾਜ਼ੀ ਮਾਰੀ।
ਧਵਨ ਨੇ ਇੱਥੇ ਆਯੋਜਿਤ ਇੱਕ ਪ੍ਰੋਗਰਾਮ ‘ਚ ਕਿਹਾ, ”ਵਰਲਡ ਕੱਪ ਲਈ ਸਾਡੀ ਟੀਮ ਕਾਫ਼ੀ ਮਜ਼ਬੂਤ ਅਤੇ ਬਿਹਤਰ ਹੈ। ਅਸੀਂ ਟੂਰਨਮੈਂਟ ‘ਚ ਬਿਹਤਰ ਪ੍ਰਦਰਸ਼ਨ ਕਰਨ ਲਈ ਤਿਆਰ ਹਾਂ। ਅਸੀਂ ਇੰਗਲੈਂਡ ‘ਚ ਚੰਗਾ ਕਰਨ ਦੀ ਕੋਸ਼ਿਸ਼ ਕਰਾਂਗੇ। ਆਪਣੀ IPL ਟੀਮ ਦਿੱਲੀ ਕੈਪੀਟਲਜ਼ ਬਾਰੇ ਧਵਨ ਨੇ ਕਿਹਾ, ”ਕੋਚ ਰਿਕੀ ਪੌਟਿੰਗ ਅਤੇ ਸਲਾਹਕਾਰ ਸੌਰਭ ਗਾਂਗੂਲੀ ਦਾ ਅਨੁਭਵ ਕੰਮ ਆ ਰਿਹਾ ਹੈ। ਦੋਨਾਂ ਦਾ ਆਪਣੀ-ਆਪਣੀ ਟੀਮ ਦੇ ਕਪਤਾਨ ਦੇ ਤੌਰ ‘ਤੇ ਅਨੁਭਵ ਅਤੇ ਸਾਡੇ ‘ਤੇ ਭਰੋਸਾ ਕਾਫ਼ੀ ਚੰਗਾ ਹੈ। ਜਵਾਨ ਖਿਡਾਰੀ ਵੀ ਸਮੇਂ ਦੇ ਨਾਲ ਨਿਖਰ ਰਹੇ ਹਨ।
ਦਿੱਲੀ ਕੈਪੀਟਲਜ਼ ਟੀਮ ਫ਼ਿਲਹਾਲ 8 ਮੈਚਾਂ ‘ਚੋਂ 5 ਜਿੱਤ ਕੇ 10 ਅੰਕਾਂ ਦੇ ਨਾਲ ਤਾਲਿਕਾ ‘ਚ ਦੂਜੇ ਸਥਾਨ ‘ਤੇ ਹੈ। ਧਵਨ ਨੇ ਕਿਹਾ ਕਿ ਦਿੱਲੀ ਫ਼ਰੈਂਚਾਇਜ਼ੀ ਦਾ ਨਾਂ ਨਵਾਂ ਹੈ, ਨਵਾਂ ਪ੍ਰਸ਼ਾਸਨ ਅਤੇ ਨਵਾਂ ਸਪੋਰਟ ਸਟਾਫ਼। ਉਸ ਨੇ ਕਿਹਾ ਕਿ ਟੀਮ ਭਾਰਤ ਅਤੇ ਹੋਰ ਦੇਸ਼ਾਂ ਦੇ ਖਿਡਾਰੀਆਂ ਦੇ ਹੋਣ ਪੱਖੋਂ ਕਾਫ਼ੀ ਸੰਤੁਲਿਤ ਹੈ।











