ਅਦਾਕਾਰਾ ਹੁਮਾ ਕੁਰੈਸ਼ੀ ਦਾ ਕਹਿਣਾ ਹੈ ਕਿ ਉਹ ਵੱਡੇ ਕਲਾਕਾਰਾਂ ਨਾਲ ਮੁਕਾਬਲਾ ਨਹੀਂ ਕਰ ਸਕਦੀ। ਹੁਮਾ ਕੁਰੈਸ਼ੀ ਨੇ ਬੌਲੀਵੁਡ ‘ਚ ਆਉਣ ਤੋਂ ਪਹਿਲਾਂ ਥੀਏਟਰ ‘ਚ ਕੰਮ ਕੀਤਾ ਹੈ। ਗੈਂਗਜ਼ ਔਫ਼ ਵਾਸੇਪੁਰ ਤੋਂ ਬਾਅਦ ਹੁਮਾ ਨੇ ਡੇਢ ਇਸ਼ਕੀਆ ਅਤੇ ਬਦਲਾਪੁਰ ਵਰਗੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ। ਇਨ੍ਹੀਂ ਦਿਨੀਂ ਹੁਮਾ ਗੁਰਿੰਦਰ ਚੱਢਾ ਅਤੇ ਦੀਪਾ ਮਹਿਤਾ ਨਾਲ ਇੱਕ ਅੰਤਰਰਾਸ਼ਟਰੀ ਫ਼ਿਲਮ ਕਰ ਰਹੀ ਹੈ। ਹੁਮਾ ਕੋਲੋਂ ਜਦੋਂ ਪੁੱਛਿਆ ਗਿਆ ਕਿ ਕੀ ਤੁਸੀਂ ਆਪਣਾ ਜ਼ਿਆਦਾ ਧਿਆਨ ਅੰਤਰਰਾਸ਼ਟਰੀ ਪ੍ਰੌਜੈਕਟਾਂ ‘ਤੇ ਦੇ ਰਹੇ ਹੋ ਤਾਂ ਹੁਮਾ ਨੇ ਕਿਹਾ:
”ਮੈਨੂੰ ਹੁਣ ਸਿਰਫ਼ ਮੀਰਾ ਨਾਈਰ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਫ਼ਿਰ ਇਨ੍ਹਾਂ ਤਿੰਨਾਂ ਨਿਰਦੇਸ਼ਕਾਂ ਨਾਲ ਕੰਮ ਕਰਨ ਦੀ ਮੇਰੀ ਖ਼ਾਹਿਸ਼ ਪੂਰੀ ਹੋ ਜਾਵੇਗੀ। ਇਹ ਵੀ ਦੱਸ ਦੇਵਾਂ ਕਿ ਮੈਂ ਸਿਰਫ਼ ਮਿਆਰੀ ਕੰਮ ‘ਤੇ ਧਿਆਨ ਦਿੰਦੀ ਹਾਂ। ਮੈਂ ਫ਼ਿਲਮਾਂ ਨੂੰ ਲੈ ਕੇ ਆਪਣੀ ਪਸੰਦ ਦਾ ਵੀ ਖ਼ਿਆਲ ਰੱਖਦੀ ਹਾਂ ਅਤੇ ਇਸ ਦਾ ਮੈਨੂੰ ਮਾਣ ਵੀ ਹੈ। ਕੰਮ ਇੰਨਾ ਮਜ਼ੇਦਾਰ ਹੋਣਾ ਚਾਹੀਦਾ ਹੈ ਜੋ ਮੇਰੇ ਵਰਗੀ ਆਲਸੀ ਨੂੰ ਘਰੋਂ ਬਾਹਰ ਆਉਣ ਲਈ ਮਜਬੂਰ ਕਰ ਦੇਵੇ।”
ਹੁਮਾ ਨੇ ਕਿਹਾ, ”ਸਾਡੇ ਦੇਸ਼ ‘ਚ ਲੜਕੀਆਂ ਲਈ ਬਹੁਤ ਘੱਟ ਚੰਗੇ ਰੋਲ ਲਿਖੇ ਜਾਂਦੇ ਹਨ। ਉਹ ਜ਼ਿਆਦਾਤਰ ਫ਼ਿਲਮਾਂ ਵਿੱਚ ਹੀਰੋਜ਼ ਨਾਲ ਸਿਰਫ਼ ਨਜ਼ਰ ਆਉਣ ਲਈ ਹੀ ਹੁੰਦੀਆਂ ਹਨ। ਇਹ ਉਹ ਅਭਿਨੇਤਰੀਆਂ ਹਨ ਜੋ ਵੱਡੀਆਂ ਸਟਾਰਜ਼ ਹਨ ਅਤੇ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਸਿਰਫ਼ ਇਹੀ ਕਰਦੇ ਹੋਏ ਗੁਜ਼ਾਰਨੀ ਹੈ। ਉਹ ਕੁੱਝ ਵੱਖਰਾ ਕਰਨ ਦੀ ਕੋਸ਼ਿਸ਼ ਨਹੀਂ ਕਰਦੀਆਂ। ਮੈਂ ਇਸ ਬਾਰੇ ਕੋਈ ਫ਼ੈਸਲਾ ਨਹੀਂ ਦੇ ਰਹੀ। ਮੈਂ ਵੀ ਅਜਿਹੇ ਰੋਲ ਕਰ ਸਕਦੀ ਹਾਂ, ਪਰ ਮੈਂ ਸਿਰਫ਼ ਇਹੋ ਜਿਹੇ ਰੋਲ ਹੀ ਨਹੀਂ ਕਰਨਾ ਚਾਹੁੰਦੀ। ਮੈ ਅਜਿਹੇ ਰੋਲ ਵੀ ਚਾਹੁੰਦੀ ਹਾਂ ਜਿਨ੍ਹਾਂ ਨਾਲ ਮੇਰੀ ਪਛਾਣ ਬਣੇ ਅਤੇ ਮੈਂ ਬਾਕੀਆਂ ਨਾਲੋਂ ਕੁੱਝ ਹਟ ਕੇ ਵੀ ਕਰ ਰਹੀ ਹੋਵਾਂ।”
ਹੁਮਾ ਨੇ ਗੱਲਬਾਤ ਕਰਦਿਆਂ ਅੱਗੇ ਕਿਹਾ, ”ਮੈਂ ਵੱਡੇ ਸਟਾਰਜ਼ ਨਾਲ ਕੰਪੀਟੀਸ਼ਨ ਨਹੀਂ ਕਰ ਸਕਦੀ। ਮੈਂ ਕੋਈ ਵੱਡੀ ਸਟਾਰ ਨਹੀਂ। ਮੈਂ ਇੱਕ ਅਦਾਕਾਰਾ ਹਾਂ ਅਤੇ ਦਿੱਲੀ ਤੋਂ ਇਥੇ ਸਿਰਫ਼ ਆਪਣੇ ਜਨੂੰਨ ਨੂੰ ਪੂਰਾ ਕਰਨ ਲਈ ਆਈ ਹਾਂ। ਮੈਂ ਆਪਣਾ ਕੰਮ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਵਿਖਾਉਣਾ ਚਾਹੁੰਦੀ ਹਾਂ ਅਤੇ ਇਸ ਮਾਮਲੇ ‘ਚ ਮੇਰੀ ਯਾਤਰਾ ਅਜੇ ਸ਼ੁਰੂ ਹੀ ਹੋਈ ਹੈ। ਮੈਂ ਬਾਕੀ ਕਲਾਕਾਰਾਂ ਨਾਲ ਕੋਈ ਮੁਕਾਬਲਾ ਨਹੀਂ ਕਰਨਾ ਚਾਹੁੰਦੀ ਅਤੇ ਸਿਰਫ਼ ਚੰਗਾ ਕੰਮ ਕਰਨਾ ਚਾਹੁੰਦੀ ਹਾਂ।”
ਹੁਮਾ ਇਨ੍ਹੀਂ ਦਿਨੀਂ ਮਸ਼ਹੂਰ ਨਿਰਦੇਸ਼ਕ ਗੁਰਿੰਦਰ ਚੱਢਾ ਅਤੇ ਦੀਪਾ ਮਹਿਤਾ ਨਾਲ ਇੱਕ ਅੰਤਰਰਾਸ਼ਟਰੀ ਫ਼ਿਲਮ ‘ਚ ਕੰਮ ਕਰ ਰਹੀ ਹੈ। ਹੁਮਾ ਦਾ ਮੰਨਣਾ ਹੈ ਕਿ ਉਹ ਕਿਸੇ ਵੀ ਕਲਾਕਾਰ ਨਾਲ ਮੁਕਾਬਲੇਬਾਜ਼ੀ ਨਹੀਂ ਕਰਨਾ ਚਾਹੁੰਦੀ। ਉਹ ਤਾਂ ਸਿਰਫ਼ ਅਜਿਹੇ ਰੋਲ ਨਿਭਾਉਣਾ ਚਾਹੁੰਦੀ ਹੈ ਜਿਨ੍ਹਾਂ ਨਾਲ ਉਸ ਨੂੰ ਇੰਡਸਟਰੀ ‘ਚ ਵੱਖਰੀ ਪਛਾਣ ਮਿਲੇ …












