ਲਸਣ, ਪਿਆਜ਼ ਖਾਣ ਨਾਲ ਕੋਲੋਰੈਕਟਲ ਕੈਂਸਰ ਦਾ ਖ਼ਤਰਾ ਘੱਟ

ਪਿਆਜ਼, ਲਸਣ ਵਾਲੀ ਸਬਜ਼ੀ ਖਾਣ ਨਾਲ ਗੁਦਾਂ (ਕੋਲੋਰੈਕਟਲ) ਦੇ ਕੈਂਸਰ ਦੇ ਵਿਕਸਿਤ ਹੋਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਇੱਕ ਨਵੇਂ ਅਧਿਐਨ ‘ਚ ਇਸ ਬਾਰੇ ਦਾਅਵਾ ਕੀਤਾ ਗਿਆ ਹੈ। ਕੋਲਨ ਅਤੇ ਗੁਦਾਂ ਵੱਡੀ ਅੰਤੜੀ ਦੇ ਹਿੱਸੇ ਹਨ ਜੋ ਪਾਚਨ ਤੰਤਰ ਦਾ ਸਭ ਤੋਂ ਹੇਠਲਾ ਹਿੱਸਾ ਹੁੰਦਾ ਹੈ। ਵੱਖ-ਵੱਖ ਤਰ੍ਹਾਂ ਦੇ ਕੈਂਸਰ ਨਾਲ ਜਿੰਨੀਆਂ ਮੌਤਾਂ ਹੁੰਦੀਆਂ ਹਨ, ਉਸ ‘ਚ ਔਰਤਾਂ ਅਤੇ ਮਰਦਾਂ ਦੇ ਮਾਮਲੇ ‘ਚ ਕੈਂਸਰ ਦਾ ਇਹ ਲੜੀਵਾਰ ਦੂਜਾ ਅਤੇ ਤੀਜਾ ਵੱਡਾ ਰੂਪ ਹੈ। ਏਸ਼ੀਆ ਪੈਸੇਫ਼ਿਕ ਜਰਨਲ ਔਫ਼ ਕਲੀਨੀਕਲ ਔਂਕੋਲੋਜੀ ‘ਚ ਪ੍ਰਕਾਸ਼ਿਤ ਇੱਕ ਅਧਿਐਨ ‘ਚ ਦੇਖਿਆ ਗਿਆ ਕਿ ਪਿਆਜ਼, ਲਸਣ ਵਾਲੀ ਸਬਜ਼ੀ ਖਾਣ ਨਾਲ ਬਾਲਗਾਂ ‘ਚ ਕੋਲੋਰੈਕਟਲ ਕੈਂਸਰ ਦਾ ਖ਼ਤਰਾ 79 ਫ਼ੀਸਦੀ ਘੱਟ ਗਿਆ।
ਚਾਈਨਾ ਮੈਡੀਕਲ ਯੂਨੀਵਰਸਿਟੀ ਦੇ ਫ਼ਸਟ ਹਸਪਤਾਲ ਦੇ ਝੀ ਲੀ ਨੇ ਕਿਹਾ ਕਿ ਸਾਡੇ ਅਧਿਐਨ ਤੋਂ ਜੋ ਨਤੀਜਾ ਨਿਕਲ ਕੇ ਸਾਹਮਣੇ ਆਇਆ ਹੈ, ਉਸ ਮੁਤਾਬਿਕ ਇਹ ਕਹਿਣਾ ਠੀਕ ਹੋਵੇਗਾ ਕਿ ਸੁਰੱਖਿਆ ਵਜੋਂ ਪਿਆਜ਼ ਅਤੇ ਲਸਣ ਵਾਲੀ ਸਬਜ਼ੀ ਖਾਣਾ ਜ਼ਿਆਦਾ ਬਿਹਤਰ ਹੈ। ਉਨ੍ਹਾਂ ਕਿਹਾ ਕਿ ਅਧਿਐਨ ਦੇ ਨਤੀਜੇ ਇਸ ‘ਤੇ ਵੀ ਚਾਨਣਾ ਪਾਉਂਦੇ ਹਨ ਕਿ ਜੀਵਨਸ਼ੈਲੀ ‘ਚ ਬਦਲਾਅ ਕਰ ਕੇ ਕਿਸ ਤਰ੍ਹਾਂ ਸ਼ੁਰੂਆਤ ‘ਚ ਹੀ ਕੋਲੋਰੈਕਟਲ ਕੈਂਸਰ ਦੀ ਰੋਕਥਾਮ ਕੀਤੀ ਜਾ ਸਕਦੀ ਹੈ।