ਰੋਹਿਤ ਪਿਕਚਰਜ਼ ਦੇ ਬੈਨਰ ਹੇਠ ਪਹਿਲੀ ਵਾਰ ਨਿਰਦੇਸ਼ਕ ਫ਼ਰਹਾ ਖ਼ਾਨ ਕਿਸੇ ਫ਼ਿਲਮ ਨੂੰ ਡਾਇਰੈਕਟ ਕਰਨ ਜਾ ਰਹੀ ਹੈ। ਇਸ ਐਕਸ਼ਨ ਅਤੇ ਕੌਮੇਡੀ ਫ਼ਿਲਮ ‘ਚ ਮਹਿਲਾ ਪ੍ਰਮੁੱਖ ਰੋਲ ਹੋਵੇਗਾ। ਇਸ ਕਿਰਦਾਰ ਲਈ ਦੀਪਿਕਾ ਪਾਦੁਕੋਣ ਫ਼ਰਹਾ ਦੀ ਪਹਿਲੀ ਪਸੰਦ ਹੈ।
ਹਿੰਦੀ ਫ਼ਿਲਮ ਇੰਡਸਟਰੀ ਦੀ ਮੰਨੀ-ਪ੍ਰਮੰਨੀ ਕੋਰੀਓਗ੍ਰਾਫ਼ਰ ਅਤੇ ਨਿਰਦੇਸ਼ਕ ਫ਼ਰਹਾ ਖ਼ਾਨ ਡਿੰਪਲ ਗਰਲ ਦੀਪਿਕਾ ਪਾਦੁਕੋਣ ਨੂੰ ਲੈ ਕੇ ਐਕਸ਼ਨ ਅਤੇ ਕੌਮੇਡੀ ‘ਤੇ ਆਧਾਰਿਤ ਇੱਕ ਫ਼ਿਲਮ ਬਣਾ ਸਕਦੀ ਹੈ। ਦੀਪਿਕਾ ਨੇ ਫ਼ਰਹਾ ਖ਼ਾਨ ਦੀ ਫ਼ਿਲਮ ਓਮ ਸ਼ਾਂਤੀ ਓਮ ਜ਼ਰੀਏ 2007 ਵਿੱਚ ਫ਼ਿਲਮ ਇੰਡਸਟਰੀ ‘ਚ ਕਦਮ ਧਰਿਆ ਸੀ। ਉਸ ਤੋਂ ਬਾਅਦ ਦੀਪਿਕਾ ਨੇ ਫ਼ਰਹਾ ਨਾਲ ਫ਼ਿਲਮ ਹੈਪੀ ਨਿਊ ਯੀਅਰ ‘ਚ ਵੀ ਕੰਮ ਕੀਤਾ ਸੀ। ਫ਼ਰਹਾ ਇੱਕ ਵਾਰ ਫ਼ਿਰ ਦੀਪਿਕਾ ਨਾਲ ਫ਼ਿਲਮ ਕਰਨ ਦੀ ਯੋਜਨਾ ਬਣਾ ਰਹੀ ਹੈ।
ਫ਼ਰਹਾ ਨੇ ਆਪਣੀ ਅਗਲੀ ਫ਼ਿਲਮ ਲਈ ਦੀਪਿਕਾ ਨੂੰ ਅਪ੍ਰੋਚ ਕੀਤਾ ਹੈ। ਇਸ ਫ਼ਿਲਮ ਵਿੱਚ ਮਹਿਲਾ ਅਦਾਕਾਰਾ ਦਾ ਬੇਹੱਦ ਅਹਿਮ ਕਿਰਦਾਰ ਹੋਵੇਗਾ। ਫ਼ਰਹਾ ਨੇ ਕਿਹਾ ਕਿ ਇਸ ਕਿਰਦਾਰ ਲਈ ਦੀਪਿਕਾ ਬਿਲਕੁਲ ਫ਼ਿੱਟ ਬੈਠਦੀ ਹੈ। ਇਸ ਸਮੇਂ ਦੀਪਿਕਾ ਕੋਲ ਮੇਘਨਾ ਗ਼ੁਲਜ਼ਾਰ ਦੀ ਫ਼ਿਲਮ ਛਪਾਕ ਹੈ। ਛਪਾਕ ਦੀ ਸ਼ੂਟਿੰਗ ਅਗਲੇ ਮਹੀਨੇ ਦੇ ਅਖ਼ੀਰ ਤਕ ਸ਼ੁਰੂ ਹੋਵੇਗੀ। ਇਹ ਫ਼ਿਲਮ ਐਸਿਡ ਅਟੈਕ ਪੀੜਤ ਲਕਸ਼ਮੀ ਅਗਰਵਾਲ ਦੀ ਬਾਇਓਪਿਕ ਹੈ ਜਿਸ ਵਿੱਚ ਦੀਪਿਕਾ ਮੁੱਖ ਭੂਮਿਕਾ ਨਿਭਾਏਗੀ।
ਦੂਜੇ ਪਾਸੇ ਫ਼ਰਹਾ ਦੀ ਅਗਲੀ ਫ਼ਿਲਮ ਵੀ ਬੇਹੱਦ ਖ਼ਾਸ ਰਹਿਣ ਦੀ ਆਸ ਹੈ। ਇਸ ਵਿੱਚ ਪਹਿਲੀ ਵਾਰ ਫ਼ਰਹਾ ਬੌਲੀਵੁਡ ਦੇ ਮਸ਼ਹੂਰ ਨਿਰਦੇਸ਼ਕ ਰੋਹਿਤ ਸ਼ੈੱਟੀ ਨਾਲ ਕੰਮ ਕਰੇਗੀ। ਇਸ ਦੇ ਨਾਲ ਹੀ ਫ਼ਰਹਾ ਅਜਿਹੀ ਪਹਿਲੀ ਮਹਿਲਾ ਨਿਰਦੇਸ਼ਕ ਬਣ ਜਾਵੇਗੀ ਜੋ ਰੋਹਿਤ ਪਿਕਚਰਜ਼ ਦੇ ਬੈਨਰ ਹੇਠ ਡਾਇਰੈਕਸ਼ਨ ਦੀ ਜ਼ਿੰਮੇਵਾਰੀ ਨਿਭਾਏਗੀ। ਰੋਹਿਤ ਅਤੇ ਫ਼ਰਹਾ ਦੋਵਾਂ ਨੇ ਹੀ ਸੋਸ਼ਲ ਮੀਡੀਆ ‘ਤੇ ਖ਼ੁਦ ਇਸ ਬਾਰੇ ਜਾਣਕਾਰੀ ਦਿੱਤੀ। ਫ਼ਿਲਹਾਲ ਫ਼ਿਲਮ ਦੇ ਟਾਈਟਲ ਅਤੇ ਹੋਰ ਕਿਰਦਾਰਾਂ ਬਾਰੇ ਜਾਣਕਾਰੀ ਜਨਤਕ ਨਹੀਂ ਕੀਤੀ ਗਈ। ਆਸ ਹੈ ਕਿ ਇਹ ਫ਼ਿਲਮ ਜਲਦੀ ਹੀ ਫ਼ਲੋਰ ‘ਤੇ ਆ ਜਾਵੇਗੀ।











