ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ ਓਰੀ ਦੀ ਸਫ਼ਲਤਾ ਤੋਂ ਬਾਅਦ ਵਿਕੀ ਕੌਸ਼ਲ ਪਰਦੇ ‘ਤੇ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਦਾ ਕਿਰਦਾਰ ਨਿਭਾ ਸਕਦਾ ਹੈ। ਫ਼ਿਲਮ ਉੜੀ: ਦਾ ਸਰਜੀਕਲ ਸਟ੍ਰਾਈਕ ਨੇ 150 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ। ਸਿਨੇਮਾ ਪ੍ਰੇਮੀਆਂ ਅਤੇ ਆਲੋਚਕਾਂ ਨੇ ਇਸ ਫ਼ਿਲਮ ਵਿੱਚ ਵਿਕੀ ਕੌਸ਼ਲ ਦੀ ਭੂਮਿਕਾ ਦੀ ਤਾਰੀਫ਼ ਕੀਤੀ ਹੈ। ਰਾਕੇਸ਼ ਸ਼ਰਮਾ ਦੀ ਬਾਇਓਪਿਕ ਲਈ ਵੀ ਵਿੱਕੀ ਨੂੰ ਅਪ੍ਰੋਚ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਇਸ ਫ਼ਿਲਮ ਦਾ ਨਾਂ ਸਾਰੇ ਜਹਾਂ ਸੇ ਅੱਛਾ ਰੱਖਿਆ ਗਿਆ ਹੈ।
ਫ਼ਿਲਮ ਬਾਰੇ ਐਲਾਨ ਹੋਇਆਂ ਕਾਫ਼ੀ ਸਮਾਂ ਹੋ ਚੁੱਕਾ ਹੈ। ਪਹਿਲਾਂ ਇਸ ਨਾਲ ਆਮਿਰ ਖ਼ਾਨ ਦਾ ਨਾਂ ਜੁੜਿਆ ਸੀ, ਫ਼ਿਰ ਸ਼ਾਹਰੁਖ਼ ਨੂੰ ਇਸ ‘ਚ ਫ਼ਾਈਨਲ ਕਰਨ ਦੀ ਜਾਣਕਾਰੀ ਸਾਹਮਣੇ ਆਈ। ਕੁੱਝ ਸਮਾਂ ਪਹਿਲਾਂ ਕਿਹਾ ਗਿਆ ਸੀ ਕਿ ਸ਼ਾਹਰੁਖ਼ ਇਸ ਫ਼ਿਲਮ ‘ਚ ਆਪਣੇ ਕਿਰਦਾਰ ਨੂੰ ਚੰਗੀ ਤਰ੍ਹਾਂ ਨਿਭਾਉਣ ਲਈ ਅਮਰੀਕਾ ਜਾ ਕੇ ਪੁਲਾੜ ਬਾਰੇ ਟ੍ਰੇਨਿੰਗ ਲਵੇਗਾ, ਪਰ ਹੁਣ ਜਾਣਕਾਰੀ ਮਿਲੀ ਹੈ ਕਿ ਸ਼ਾਹਰੁਖ਼ ਨੇ ਇਸ ਫ਼ਿਲਮ ‘ਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਇਸ ਰੋਲ ਨੂੰ ਨਿਭਾਉਣ ਲਈ ਫ਼ਿਲਮ ਨਿਰਮਾਤਾ ਨੇ ਵਿਕੀ ਨਾਲ ਸੰਪਰਕ ਕੀਤਾ ਹੈ।
ਇਹ ਵੀ ਕਿਹਾ ਗਿਆ ਹੈ ਕਿ ਫ਼ਿਲਮ ਦੇ ਡਾਇਰੈਕਟਰ ਮਹੇਸ਼ ਮੁਥਾਈ ਨੇ ਕਾਰਤਿਕ ਆਰਿਅਨ ਨਾਲ ਇਸ ਰੋਲ ਨੂੰ ਲੈ ਕੇ ਮੁਲਾਕਾਤ ਕੀਤੀ ਹੈ। ਅਜੇ ਕਿਸੇ ਵੀ ਅਦਾਕਾਰ ਦੇ ਨਾਂ ਦਾ ਰਸਮੀ ਤੌਰ ‘ਤੇ ਐਲਾਨ ਨਹੀਂ ਕੀਤਾ ਗਿਆ। ਖ਼ੈਰ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕਿਹੜਾ ਹੀਰੋ ਰਾਕੇਸ਼ ਸ਼ਰਮਾ ਦਾ ਕਿਰਦਾਰ ਨਿਭਾਏਗਾ। ਫ਼ਿਲਮਸਾਜ਼ ਨੂੰ ਲਗਦਾ ਹੈ ਕਿ ਵਿਕੀ ਕੌਸ਼ਲ ਇਸ ਕਿਰਦਾਰ ਨੂੰ ਨਿਭਾਉਣ ਲਈ ਹਾਮੀ ਭਰ ਦੇਵੇਗਾ। ਦੂਜੇ ਪਾਸੇ, ਕਾਰਤਿਕ ਦੀ ਅਦਾਕਾਰੀ ਦੇ ਚਰਚੇ ਵੀ ਇਸ ਵਕਤ ਜ਼ੋਰਾਂ ‘ਤੇ ਹਨ।











