ਰਿਚਾ ਆਪਣੀ ਫ਼ਿਲਮ ਲਵ ਸੋਨੀਆ ਦੀ ਪ੍ਰਮੋਸ਼ਨ ਲਈ ਕੁੱਝ ਦਿਨ ਵਾਸਤੇ ਇੰਗਲੈਂਡ ਜਾਵੇਗੀ ਜਿਸ ਕਾਰਨ ਉਸ ਨੂੰ ਸੈਕਸ਼ਨ 375 ਦੀ ਸ਼ੂਟਿੰਗ ਤੋਂ ਬ੍ਰੇਕ ਲੈਣੀ ਪਈ …
ਰਿਚਾ ਚੱਢਾ ਨੇ ਫ਼ਿਲਮ ਸੈਕਸ਼ਨ 375 ਦੀ ਸ਼ੂਟਿੰਗ ਤੋਂ ਕੁੱਝ ਦਿਨਾਂ ਲਈ ਬ੍ਰੇਕ ਲੈ ਲਈ ਹੈ। ਇਹ ਬ੍ਰੇਕ ਉਸ ਨੇ ਆਪਣੀ ਫ਼ਿਲਮ ਲਵ ਸੋਨੀਆ ਦੇ ਪ੍ਰਚਾਰ ਵਾਸਤੇ ਲਈ ਹੈ। ਰਿਚਾ ਇਸ ਦੇ ਪ੍ਰਚਾਰ ਲਈ ਬ੍ਰਿਟੇਨ ਜਾਵੇਗੀ। ਰਿਚਾ ਨੇ ਕਿਹਾ, ”ਮੈਂ ਖ਼ੁਸ਼ ਹਾਂ ਕਿ ਲਵ ਸੋਨੀਆ ਦੁਨੀਆ ਭਰ ਦੀ ਯਾਤਰਾ ਕਰਦੀ ਹੋਈ ਆਪਣੀ ਪਛਾਣ ਬਣਾ ਰਹੀ ਹੈ। ਇਸ ਫ਼ਿਲਮ ਨੂੰ ਹਰ ਦੇਸ਼ ‘ਚ ਪਸੰਦ ਕੀਤਾ ਜਾ ਰਿਹਾ ਹੈ। ਇਹ ਬਹੁਤ ਮਹੱਤਵਪੂਰਨ ਵਿਸ਼ੇ ‘ਤੇ ਆਧਾਰਿਤ ਫ਼ਿਲਮ ਹੈ। ਮੈਂ ਜਲਦ ਮੁੰਬਈ ਵਾਪਿਸ ਆਵਾਂਗੀ ਅਤੇ ਆ ਕੇ ਤੁਰੰਤ ਸੈਕਸ਼ਨ 375 ਦੀ ਸ਼ੂਟਿੰਗ ਪੂਰੀ ਕਰਾਂਗੀ।”
ਲਵ ਸੋਨੀਆ ਦੀ ਕਹਾਣੀ ਹਕੀਕੀ ਘਟਨਾਵਾਂ ਤੋਂ ਪ੍ਰੇਰਿਤ ਹੈ। ਇਸ ਫ਼ਿਲਮ ‘ਚ ਭਾਰਤ, ਹੌਂਗ ਕੌਂਗ ਅਤੇ ਲਾਸ ਐਂਜਲਸ ਵਿੱਚ ਫ਼ੈਲੇ ਮਨੁੱਖੀ ਤਸਕਰੀ ਨੈੱਟਵਰਕ ‘ਚ ਫ਼ੱਸੀ ਇੱਕ ਕੁੜੀ ਨੂੰ ਬਚਾਉਣ ਲਈ ਉਸ ਦੀ ਭੈਣ ਆਪਣੀ ਜਾਨ ਦਾਅ ‘ਤੇ ਲਾ ਦਿੰਦੀ ਹੈ। ਪਿਛਲੇ ਸਾਲ 21 ਜੂਨ ਨੂੰ ਲੰਡਨ ਫ਼ਿਲਮ ਫ਼ੈਸਟੀਵਲ ‘ਚ ਇਹ ਫ਼ਿਲਮ ਦਿਖਾਈ ਗਈ ਸੀ। ਇਸ ਵਿੱਚ ਮਨੋਜ ਵਾਜਪਈ, ਰਾਜਕੁਮਾਰ ਰਾਓ, ਅਨੁਪਮ ਖੇਰ, ਮ੍ਰਿਣਾਲ ਠਾਕੁਰ, ਆਦਿਲ ਹੁਸੈਨ ਅਤੇ ਰਿਚਾ ਚੱਢਾ ਨੇ ਕੰਮ ਕੀਤਾ ਸੀ।
ਤਬਰੇਜ਼ ਨੂਰਾਨੀ ਦੇ ਨਿਰਦੇਸ਼ਨ ਵਾਲੀ ਇਸ ਫ਼ਿਲਮ ਦੇ ਪ੍ਰਚਾਰ ਲਈ ਬ੍ਰਿਟੇਨ ਜਾਣ ਤੋਂ ਪਹਿਲਾਂ ਰਿਚਾ ਮੁੰਬਈ ਵਿੱਚ ਸੈਕਸ਼ਨ 375 ਦੀ ਸ਼ੂਟਿੰਗ ਕਰ ਰਹੀ ਸੀ। ਸੈਕਸ਼ਨ 375 ਵਿੱਚ ਉਸ ਨਾਲ ਅਕਸ਼ੇ ਖੰਨਾ ਨਜ਼ਰ ਆਵੇਗਾ। ਅਕਸ਼ੇ ਅਤੇ ਰਿਚਾ ਵਕੀਲਾਂ ਦੀ ਭੂਮਿਕਾ ‘ਚ ਇੱਕ-ਦੂਜੇ ਦੇ ਵਿਰੋਧ ‘ਚ ਇੱਕ ਅਹਿਮ ਕੇਸ ਲੜਦੇ ਹਨ। ਇਹ ਫ਼ਿਲਮ ਇਸ ਸਾਲ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਰਿਚਾ ਚੱਢਾ ਦੀ ਬੌਲੀਵੁਡ ਕੁਈਨ ਯਾਨੀ ਕੰਗਨਾ ਰਨੌਤ ਨਾਲ ਪੰਗਾ ਫ਼ਿਲਮ ਵੀ ਰਿਲੀਜ਼ ਹੋਣ ਵਾਲੀ ਹੈ ਜਿਸ ਦੀ ਸ਼ੂਟਿੰਗ ਲਗਭਗ ਪੂਰੀ ਹੋ ਚੁੱਕੀ ਹੈ। ਫ਼ਿਲਮ ਪੰਗਾ ‘ਚ ਪੰਜਾਬੀ ਗਾਇਕ ਜੱਸੀ ਗਿੱਲ ਵੀ ਹੈ। ਜੱਸੀ ਦੀ ਇਹ ਦੂਜੀ ਬੌਲੀਵੁਡ ਫ਼ਿਲਮ ਹੈ।











