ਤਾਨਾਜੀ ਦੀ ਪਤਨੀ ਬਣੇਗੀ ਕਾਜੋਲ

ਅਜੇ ਦੇਵਗਨ ਜਲਦ ਹੀ ਪੀਰੀਅਡ ਡਰਾਮਾ ਫ਼ਿਲਮ ਤਾਨਾਜੀ ਨਾਲ ਪਰਦੇ ‘ਤੇ ਨਜ਼ਰ ਆਵੇਗਾ। ਅਜੇ ਇਸ ਫ਼ਿਲਮ ਵਿੱਚ ਛੱਤਰਪਤੀ ਸ਼ਿਵਾਜੀ ਦੇ ਸੂਬੇਦਾਰ ਤਾਨਾਜੀ ਮਾਲਸੂਰੇ ਦੀ ਭੂਮਿਕਾ ਨਿਭਾਏਗਾ ਅਤੇ ਸੈਫ਼ ਅਲੀ ਖ਼ਾਨ ਨੈਗੇਟਿਵ ਕਿਰਦਾਰ ਨਿਭਾਏਗਾ। ਹੁਣ ਫ਼ਿਲਮ ਬਾਰੇ ਹੋਰ ਜਾਣਕਾਰੀ ਸਾਹਮਣੇ ਆਈ ਹੈ ਕਿ ਅਜੇ ਦੀ ਪਤਨੀ ਕਾਜੋਲ ਫ਼ਿਲਮ ਵਿੱਚ ਵੀ ਉਸ ਦੀ ਪਤਨੀ ਦਾ ਕਿਰਦਾਰ ਨਿਭਾਏਗੀ। ਕਾਜੋਲ ਅਤੇ ਅਜੇ ਦੀ ਜੋੜੀ ਪਰਦੇ ‘ਤੇ ਹਮੇਸ਼ਾ ਹਿੱਟ ਹੋਈ ਹੈ। ਦੋਹਾਂ ਨੇ ਕਈ ਫ਼ਿਲਮਾਂ ‘ਚ ਇਕੱਠਿਆਂ ਕੰਮ ਕੀਤਾ ਹੈ।
ਇਹ ਫ਼ਿਲਮ ਅਜੇ ਦਾ ਪ੍ਰੋਡਕਸ਼ਨ ਹਾਊਸ ਹੀ ਬਣਾ ਰਿਹਾ ਹੈ ਅਤੇ ਇਸ ਦਾ ਬਜਟ ਲਗਭਗ 200 ਕਰੋੜ ਹੋਵੇਗਾ। ਇਸ ਫ਼ਿਲਮ ਜ਼ਰੀਏ ਕਰੀਬ ਦੋ ਦਹਾਕੇ ਬਾਅਦ ਸੈਫ਼ ਅਤੇ ਅਜੇ ਦੀ ਜੋੜੀ ਮੁੜ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਦੋਹੇਂ ਕਈ ਹਿੱਟ ਫ਼ਿਲਮਾਂ ਇਕੱਠਿਆਂ ਕਰ ਚੁੱਕੇ ਹਨ।
ਸਲਮਾਨ ਨਿਭਾਏਗਾ ਸ਼ਿਵਾਜੀ ਦਾ ਰੋਲ
ਫ਼ਿਲਮ ਤਾਨਾਜੀ ਨਾਲ ਸਲਮਾਨ ਖ਼ਾਨ ਵੀ ਜੁੜਿਆ ਹੋਇਆ ਹੈ। ਉਹ ਇਸ ‘ਚ ਛੱਤਰਪਤੀ ਸ਼ਿਵਾਜੀ ਦੀ ਭੂਮਿਕਾ ਨਿਭਾਏਗਾ। ਮੁਗ਼ਲਾਂ ਅਤੇ ਮਰਾਠਿਆਂ ਵਿਚਾਰ ਹੋਏ ਯੁੱਧ ‘ਤੇ ਆਧਾਰਿਤ ਇਸ ਫ਼ਿਲਮ ‘ਚ ਸਲਮਾਨ ਦਾ ਕੈਮਿਓ ਰੋਲ ਹਵੇਗਾ ਜਾਂ ਪੂਰਾ ਰੋਲ ਹੋਵੇਗਾ ਇਸ ਬਾਰੇ ਤੈਅ ਹੋਣਾ ਅਜੇ ਬਾਕੀ ਹੈ। ਕਿਹਾ ਜਾ ਰਿਹਾ ਹੈ ਕਿ ਅਜੇ ਦੇਵਗਨ ਨਾਲ ਦੋਸਤੀ ਕਾਰਨ ਸਲਮਾਨ ਇਸ ਪ੍ਰੌਜੈਕਟ ‘ਚ ਕੰਮ ਕਰੇਗਾ। ਓਦਾਂ ਸਲਮਾਨ ਇਸ ਵਕਤ ਆਪਣੀ ਅਗਲੀ ਫ਼ਿਲਮ ਭਾਰਤ ਦੀ ਸ਼ੂਟਿੰਗ ‘ਚ ਰੁੱਝਾ ਹੋਇਆ ਹੈ। ਇਹ ਫ਼ਿਲਮ ਇਸ ਸਾਲ ਈਦ ਮੌਕੇ ‘ਤੇ ਰਿਲੀਜ਼ ਹੋਵੇਗੀ।
ਇਸ ਫ਼ਿਲਮ ਤੋਂ ਬਾਅਦ ਸਲਮਾਨ ਦਬੰਗ 3 ਦੀ ਸ਼ੂਟਿੰਗ ਸ਼ੁਰੂ ਕਰੇਗਾ। ਇਹ ਫ਼ਿਲਮ ਪਿਛਲੇ ਲੰਬੇ ਸਮੇਂ ਤੋਂ ਸ਼ੂਟਿੰਗ ਲਈ ਰੁਕੀ ਹੋਈ ਹੈ। ਇਸ ‘ਚ ਫ਼ਿਲਮ ‘ਚ ਸਲਮਾਨ ਦੇ ਚੁਲਬੁਲ ਪਾਂਡੇ ਵਾਲੇ ਕਿਰਦਾਰ ਨੂੰ ਹੀ ਅੱਗੇ ਵਧਾਇਆ ਜਾਵੇਗਾ। ਇਸ ‘ਚ ਇੱਕ ਵਾਰ ਫ਼ਿਰ ਸਲਮਾਨ ਨਾਲ ਸੋਨਾਕਸ਼ੀ ਸਿਨਹਾ ਹੀ ਮੁੱਖ ਭੂਮਿਕਾ ਨਿਭਾਉਾਂਦੀ ਨਜ਼ਰ ਆਵੇਗੀ। ਇਸ ਦੇ ਪਹਿਲੇ ਦੋ ਭਾਗਾਂ ‘ਚ ਵੀ ਸੋਨਾਕਸ਼ੀ ਨੇ ਹੀ ਮੁੱਖ ਭੂਮਿਕਾ ਨਿਭਾਈ ਸੀ।