ਪੰਡਯਾ ਨੇ ਮੈਦਾਨ ‘ਚ ਕੀਤਾ ਜ਼ਬਰਦਸਤ ਕੈਚ, ਹੈਰਾਨ ਰਹਿ ਗਏ ਨਿਊ ਜ਼ੀਲੈਂਡ ਦੇ ਕਪਤਾਨ

ਮਾਊਂਟ ਮਾਉਂਗਨੁਈ – ਭਾਰਤ ਅਤੇ ਨਿਊ ਜ਼ੀਲੈਂਡ ਵਿਚਾਲੇ ਪੰਜ ਵਨ ਡੇ ਮੈਚਾਂ ਦੀ ਸੀਰੀਜ਼ ਦਾ ਤੀਜਾ ਮੁਕਾਬਲਾ ਓਵਲ ਦੇ ਮੈਦਾਨ ‘ਤੇ ਖੇਡਿਆ ਜਾ ਗਿਆ। ਇਸ ਮੈਚ ਵਿੱਚ ਨਿਊ ਜ਼ੀਲੈਂਡ ਦੇ ਕਪਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਲਿਆ। ਹਾਲਾਂਕਿ ਇਸ ਮੈਚ ਵਿੱਚ ਕਪਤਾਨ ਕੋਹਲੀ ਨੇ ਦੋ ਬਦਲਾਅ ਆਪਣੀ ਟੀਮ ਵਿੱਚ ਕੀਤੇ ਸਨ। ਐੱਮ. ਐੱਸ. ਧੋਨੀ ਨੂੰ ਸੱਟ ਕਾਰਨ ਆਰਾਮ ਦਿੱਤਾ ਗਿਆ ਸੀ, ਅਤੇ ਦਿਨੇਸ਼ ਕਾਰਤਿਕ ਨੂੰ ਟੀਮ ‘ਚ ਵਿਕਟਕੀਪਰ ਬੱਲੇਬਾਜ਼ ਵਜੋਂ ਸ਼ਾਮਿਲ ਕੀਤਾ ਗਿਆ। ਉੱਥੇ ਹੀ ਵਿਜੇ ਸ਼ੰਕਰ ਦੀ ਜਗ੍ਹਾ ਟੀਮ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਨੂੰ ਸ਼ਾਮਿਲ ਕੀਤਾ ਗਿਆ। ਪੰਡਯਾ ਲੰਬੇ ਸਮੇਂ ਤੋਂ ਟੀਮ ਦਾ ਹਿੱਸਾ ਨਹੀਂ ਸੀ, ਪਰ ਉਸ ਨੇ ਵਾਪਸੀ ਕਰਦਿਆਂ ਹੀ ਮੈਦਾਨ ‘ਤੇ ਕੁੱਝ ਅਜਿਹਾ ਕੀਤਾ ਕਿ ਇੱਕ ਵਾਰ ਫ਼ਿਰ ਕਪਤਾਨ ਅਤੇ ਪ੍ਰਸ਼ੰਸਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰ ਕੇ ਦਿਖਾ ਦਿੱਤਾ ਕਿ ਆਖਿਰ ਕਿਉਂ ਉਹ ਟੀਮ ਦਾ ਮਹੱਤਵਪੂਰ ਹਿੱਸਾ ਹੈ।
ਪੰਡਯਾ ਆਪਣੀ ਗੇਂਦਬਾਜ਼ੀ-ਬੱਲੇਬਾਜ਼ੀ ਤੋਂ ਇਲਾਵਾ ਆਪਣੀ ਸ਼ਾਨਦਾਰ ਫ਼ੀਲਡਿੰਗ ਲਈ ਵੀ ਜਾਣਿਆ ਜਾਂਦਾ ਹੈ। ਅਜਿਹੀ ਝਲਕ ਸੋਮਵਾਰ ਨੂੰ ਤੀਜੇ ਵਨ ਡੇ ਦੌਰਾਨ ਵੀ ਮੈਦਾਨ ‘ਚ ਦੇਖਣ ਨੂੰ ਵੀ ਮਿਲੀ ਜਦੋਂ 17ਵੇਂ ਓਵਰ ਵਿੱਚ ਚਾਹਲ ਦੀ ਇੱਕ ਗੇਂਦ ‘ਤੇ ਵਿਲੀਅਮਸਨ ਨੇ ਮਿਡ ਵਿਕਟ ਵੱਲ ਇੱਕ ਜ਼ੋਰਦਾਰ ਸ਼ੌਟ ਖੇਡਿਆ, ਪਰ ਹਾਰਦਿਕ ਨੇ ਆਪਣੇ ਖੱਬੇ ਪਾਸੇ ਹਵਾ ‘ਚ ਛਲਾਂਗ ਲਾ ਕੇ ਕੈਚ ਕਰ ਲਿਆ ਅਤੇ ਉਸ ਨੂੰ ਪਵੇਲੀਅਨ ਦਾ ਰਾਹ ਦਿਖਾ ਦਿੱਤਾ।
ਜ਼ਿਕਰਯੋਗ ਹੈ ਕਿ ਪੰਡਯਾ ਦੀ ਲੰਬੇ ਸਮੇਂ ਬਾਅਦ ਮੈਦਾਨ ‘ਤੇ ਵਾਪਸੀ ਹੋਈ ਹੈ। ਏਸ਼ੀਆ ਕੱਪ ਦੌਰਾਨ ਉਹ ਜ਼ਖਮੀ ਹੋ ਗਿਆ ਸੀ। ਇਸ ਤੋਂ ਬਾਅਦ ਆਸਟਰੇਲੀਆ ਖ਼ਿਲਾਫ਼ ਟੈੱਸਟ ਸੀਰੀਜ਼ ਵਿੱਚ ਉਸ ਦੀ ਵਾਪਸੀ ਜ਼ਰੂਰ ਹੋਈ ਸੀ, ਪਰ ਇੱਕ ਟੀ. ਵੀ. ਸ਼ੋਅ ‘ਤੇ ਮਹਿਲਾਵਾਂ ਬਾਰੇ ਦਿੱਤੀ ਇਤਰਾਜ਼ਯੋਗ ਟਿੱਪਣੀ ਕਾਰਨ ਉਸ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ।