ਕੋਹਲੀ ਚੋਟੀ ਤੇ ਬਰਕਰਾਰ, ਹੋਲਡਰ ਬਣਿਆ ਨੰਬਰ ਇੱਕ ਆਲ ਰਾਊਂਡਰ

ਦੁਬਈ – ICC ਵਲੋਂ ਜਾਰੀ ਕੀਤੀ ਗਈ ਤਾਜ਼ਾ ਟੈੱਸਟ ਰੈਂਕਿੰਗ ‘ਚ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਸਥਾਨ ‘ਚ ਕੋਈ ਬਦਲਾਅ ਨਹੀਂ ਹੋਇਆ ਅਤੇ ਉਹ ਟੈੱਸਟ ਮੈਚ ਦੇ ਬੱਲੇਬਾਜ਼ਾਂ ‘ਚ ਚੋਟੀ ਦੇ ਸਥਾਨ ‘ਤੇ ਹੈ। ਵੈੱਸਟਇੰਡੀਜ਼ ਦਾ ਕਪਤਾਨ ਜੇਸਨ ਹੋਲਡਰ ਨੇ ਸਰ ਗੈਰੀ ਸੋਬਰਜ਼ ਦੀ ਬਰਾਬਰੀ ਕਰਦੇ ਹੋਏ ਇਸ ਰੈਂਕਿੰਗ ‘ਚ ਨੰਬਰ ਇੱਕ ਆਲਰਾਊਂਡਰ ਦਾ ਦਰਜਾ ਹਾਸਿਲ ਕੀਤਾ ਹੈ। ਕੈਰੇਬੀਆਈ ਆਇਲੈਂਡਜ਼ ਤੋਂ ਸਰ ਗੈਰੀ ਸੋਬਰਜ਼ ਆਖਰੀ ਅਜਿਹੇ ਕ੍ਰਿਕਟਰ ਸਨ ਜਿਨ੍ਹਾਂ ਨੇ ਮਾਰਚ 1974 ‘ਚ ਇਸ ਸੂਚੀ ‘ਚ ਚੋਟੀ ਦਾ ਸਥਾਨ ਹਾਸਿਲ ਕੀਤਾ ਸੀ। ਹੋਲਡਰ ਨੇ ਗ਼ੈਰੀ ਦੀ ਬਰਾਬਰੀ ਕਰਦੇ ਹੋਏ ਇਸ ਸੂਚੀ ‘ਚ ਚੋਟੀ ਦਾ ਸਥਾਨ ਹਾਸਲ ਕੀਤਾ।
ਇੰਗਲੈਂਡ ਵਿਰੁੱਧ ਟੈੱਸਟ ਮੈਚ ‘ਚ 229 ਗੇਂਦਾਂ ‘ਤੇ ਹੋਲਡਰ ਨੇ ਜੇਤੂ 202 ਦੌੜਾਂ ਦੀ ਬਦੌਲਤ ਵੈੱਸਟਇੰਡੀਜ਼ ਨੇ ਧਮਾਕੇਦਾਰ ਜਿੱਤ ਦਰਜ ਕੀਤੀ। ਨੰਬਰ ਇੱਕ ਦਾ ਸਥਾਨ ਹਾਸਿਲ ਕਰਨ ਲਈ ਹੋਲਡਰ ਨੇ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਅਤੇ ਭਾਰਤ ਦੇ ਰਵਿੰਦਰ ਜਡੇਜਾ ਨੂੰ ਪਿੱਛੇ ਛੱਡ ਦਿੱਤਾ। ਆਪਣੇ ਕਰੀਅਰ ‘ਚ ਪਹਿਲੀ ਵਾਰ ਉਸ ਨੇ ICC ਰੈਂਕਿੰਗ ‘ਚ ਚੋਟੀ ਦਾ ਸਥਾਨ ਹਾਸਿਲ ਕੀਤਾ ਹੈ। ਆਲਰਾਊਂਡਰਾਂ ਦੀ ਸੂਚੀ ‘ਚ ਜਡੇਜਾ ਇੱਕ ਸਥਾਨ ਹੇਠਾਂ ਰਿਹਾ ਹਾਲਾਂਕਿ ਗੇਂਦਬਾਜ਼ਾਂ ਦੀ ਸੂਚੀ ‘ਚ ਉਹ ਆਪਣੇ ਪੰਜਵੇਂ ਸਥਾਨ ‘ਤੇ ਬਣਿਆ ਰਿਹਾ।