ਅਦਾਕਾਰ ਕਾਰਤਿਕ ਆਰਿਅਨ ਹੌਲੀ-ਹੌਲੀ ਆਪਣੀ ਅਦਾਕਾਰੀ ਦੀ ਗੂੜ੍ਹੀ ਛਾਪ ਛੱਡ ਰਿਹਾ ਹੈ। ਪਿਛਲੇ ਸਾਲ ਰਿਲੀਜ਼ ਹੋਈ ਫ਼ਿਲਮ ਸੋਨੂੰ ਕੇ ਟੀਟੂ ਕੀ ਸਵੀਟੀ ‘ਚ ਉਸ ਨੇ ਦਮਦਾਰ ਅਦਾਕਾਰੀ ਦਿਖਾਈ ਜਿਸ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ। ਇਹ ਫ਼ਿਲਮ 100 ਕਰੋੜ ਦੀ ਕਮਾਈ ਕਰਨ ਵਾਲੀਆਂ ਫ਼ਿਲਮਾਂ ਦੀ ਸੂਚੀ ‘ਚ ਸ਼ਾਮਿਲ ਹੋ ਗਈ। ਕਾਰਤਿਕ ਦੀ ਅਗਲੀ ਫ਼ਿਲਮ ਲੁੱਕਾ ਛੁੱਪੀ ਹੋਵੇਗੀ ਜਿਸ ‘ਚ ਉਸ ਨਾਲ ਕ੍ਰਿਤੀ ਸੇਨਨ ਨਜ਼ਰ ਆਏਗੀ।
ਹੁਣ ਕਾਰਤਿਕ ਨੂੰ ਇੱਕ ਹੋਰ ਵੱਡੀ ਫ਼ਿਲਮ ਦੀ ਮਿਲ ਗਈ ਹੈ। ਇਹ ਫ਼ਿਲਮ 1978 ‘ਚ ਰਿਲੀਜ਼ ਹੋਈ ਫ਼ਿਲਮ ਪਤੀ ਪਤਨੀ ਔਰ ਵੋਹ ਦਾ ਰੀਮੇਕ ਹੈ ਜਿਸ ਵਿੱਚ ਮਸ਼ਹੂਰ ਅਦਾਕਾਰ ਸੰਜੀਵ ਕੁਮਾਰ ਤੋਂ ਇਲਾਵਾ ਵਿਦਿਆ ਸਿਨਹਾ ਅਤੇ ਰੰਜੀਤਾ ਵਰਗੀਆਂ ਅਭਿਨੇਤਰੀਆਂ ਨੇ ਮੁੱਖ ਭੂਮਿਕਾ ਨਿਭਾਈ ਸੀ। ਹੁਣ ਇਸ ਦੇ ਰੀਮੇਕ ‘ਚ ਕਾਰਤਿਕ ਨੂੰ ਲਏ ਜਾਣ ਦੀ ਚਰਚਾ ਹੈ। ਦੱਸਿਆ ਜਾ ਰਿਹਾ ਹੈ ਕਿ ਬਲਰਾਮ ਰਾਜ ਚੋਪੜਾ ਦਾ ਪੋਤਰਾ ਜੂਨੋ ਚੋਪੜਾ ਇਸ ਦਾ ਰੀਮੇਕ ਬਣਾਏਗਾ।
ਕਾਰਤਿਕ ਨੂੰ ਫ਼ਿਲਮ ਦੀ ਸਕ੍ਰਿਪਟ ਕਾਫ਼ੀ ਪਸੰਦ ਆਈ ਹੈ ਅਤੇ ਉਹ ਇਸ ਫ਼ਿਲਮ ਦਾ ਹਿੱਸਾ ਬਣਨ ਲਈ ਉਤਸਾਹਿਤ ਹੈ। ਇਸ ਫ਼ਿਲਮ ਦੀ ਸਕ੍ਰਿਪਟ ਵਿੱਚ ਮੌਜੂਦਾ ਸਮੇਂ ਅਨੁਸਾਰ ਪਹਿਲਾਂ ਨਾਲੋਂ ਕਾਫ਼ੀ ਤਬਦੀਲੀ ਕੀਤੀ ਗਈ ਹੈ। ਇਹ ਫ਼ਿਲਮ ਫ਼ਰਵਰੀ ਦੇ ਅਖ਼ੀਰ ਤਕ ਫ਼ਲੋਰ ‘ਤੇ ਆ ਜਾਵੇਗੀ। ਫ਼ਿਲਮ ਦੇ ਪਹਿਲੇ ਸਕੈਜੁਅਲ ਦੀ ਸ਼ੂਟਿੰਗ ਮੁੰਬਈ ‘ਚ ਹੋਵੇਗੀ। ਇਸ ਫ਼ਿਲਮ ‘ਚ ਅਭਿਨੇਤਰੀ ਭੂਮੀ ਪੇਡਨੇਕਰ ਅਤੇ ਅਨਿਆ ਪਾਂਡੇ ਨੂੰ ਵੀ ਲਏ ਜਾਣ ਦੀ ਜਾਣਕਾਰੀ ਹਾਲ ਹੀ ਵਿੱਚ ਸਾਹਮਣੇ ਆਈ ਹੈ।











