ਸੰਜੀਦਾ ਅਦਾਕਾਰੀ ਲਈ ਮਸ਼ਹੂਰ ਅਦਾਕਾਰਾ ਕੰਗਨਾ ਰਨੌਤ ਦੇਸੀ ਗਰਲ ਪ੍ਰਿਅੰਕਾ ਚੋਪੜਾ ਨਾਲ ਸੁਪਰਗਰਲ ਫ਼ਿਲਮ ‘ਚ ਕੰਮ ਕਰਨ ਦੀ ਚਾਹਵਾਨ ਹੈ। ਕੰਗਨਾ ਨੇ ਹਾਲ ਹੀ ‘ਚ ਰਿਲੀਜ਼ ਹੋਈ ਆਪਣੀ ਫ਼ਿਲਮ ਮਣੀਕਰਣਿਕਾ: ਦਾ ਕੁਈਨ ਔਫ਼ ਝਾਂਸੀ ਦੇ ਪ੍ਰਮੋਸ਼ਨ ਦੌਰਾਨ ਇਹ ਗੱਲ ਆਖੀ ਹੈ। ਫ਼ਿਲਮ ਮਣੀਕਰਣਿਕਾ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਦੀ ਜ਼ਿੰਦਗੀ ‘ਤੇ ਆਧਾਰਿਤ ਹੈ ਜਿਸ ਵਿੱਚ ਕੰਗਨਾ ਨੇ ਲਕਸ਼ਮੀ ਬਾਈ ਦਾ ਕਿਰਦਾਰ ਨਿਭਾਇਆ ਹੈ। ਇਸ ਫ਼ਿਲਮ ‘ਚ ਕੰਗਨਾ ਨੇ ਪਹਿਲੀ ਵਾਰ ਨਿਰਦੇਸ਼ਕ ਵਜੋਂ ਵੀ ਜ਼ਿੰਮੇਵਾਰੀ ਨਿਭਾਈ ਹੈ। ਪਹਿਲਾਂ ਇਸ ਫ਼ਿਲਮ ਨੂੰ ਕ੍ਰਿਸ਼ ਡਾਇਰੈਕਟ ਕਰ ਰਿਹਾ ਸੀ, ਪਰ ਕੁੱਝ ਮਤਭੇਦਾਂ ਕਾਰਨ ਕ੍ਰਿਸ਼ ਨੇ ਇਹ ਫ਼ਿਲਮ ਵਿਚਾਲੇ ਹੀ ਛੱਡ ਦਿੱਤੀ ਜਿਸ ਕਾਰਨ ਬਾਕੀ ਰਹਿੰਦੀ ਫ਼ਿਲਮ ਦੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਕੰਗਨਾ ਨੇ ਖ਼ੁਦ ਨਿਭਾਈ।
ਕੰਗਨਾ ਨੇ ਕਿਹਾ, ”ਮੈਂ ਪ੍ਰਿਅੰਕਾ ਚੋਪੜਾ ਨਾਲ ਫ਼ਿਲਮ ਕ੍ਰਿਸ਼ 3 ‘ਚ ਕੰਮ ਕੀਤਾ ਸੀ ਜਿਸ ‘ਚ ਅਸੀਂ ਬਰਾਬਰ ਦੀ ਭੂਮਿਕਾ ਨਿਭਾਈ ਸੀ, ਪਰ ਮੈਨੂੰ ਲਗਦਾ ਹੈ ਕਿ ਅਸੀਂ ਦੋਹੇਂ ਹੀ ਸੁਪਰਗਰਲਜ਼ ਵਾਂਗ ਹਾਂ ਅਤੇ ਮੈਂ ਉਸ ਨਾਲ ਅਜਿਹੇ ਹੀ ਥੀਮ ‘ਤੇ ਆਧਾਰਿਤ ਇੱਕ ਫ਼ਿਲਮ ਕਰਨੀ ਚਾਹੁੰਦੀ ਹਾਂ। ਪ੍ਰਿਅੰਕਾ ਆਪਣੀ ਜ਼ਿੰਦਗੀ ‘ਚ ਇੱਕ ਟਫ਼ ਮਹਿਲਾ ਹੈ।”
ਜ਼ਿਕਰਯੋਗ ਹੈ ਕਿ ਕੰਗਨਾ ਦੀ ਮਣੀਕਰਣਿਕਾ ਦੇ ਨਾਲ-ਨਾਲ ਫ਼ਿਲਮ ਠਾਕਰੇ ਵੀ ਰਿਲੀਜ਼ ਹੋਈ ਹੈ। ਇਹ ਬਾਲਾ ਸਾਹਿਬ ਠਾਕਰੇ ‘ਤੇ ਇੱਕ ਬਾਇਓਪਿਕ ਹੈ ਜਿਸ ਵਿੱਚ ਬਾਲਾ ਸਾਹਿਬ ਠਾਕਰੇ ਦਾ ਕਿਰਦਾਰ ਨਵਾਜ਼ਉਦੀਨ ਸਿੱਦੀਕੀ ਨੇ ਨਿਭਾਇਆ ਹੈ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਫ਼ਿਲਮ ਠਾਕਰੇ ਕਾਰਨ ਕੰਗਨਾ ਆਪਣੀ ਫ਼ਿਲਮ ਦੀ ਤਰੀਕ ਅੱਗੇ ਪਾ ਦੇਵੇ, ਪਰ ਉਸ ਨੇ ਕਿਹਾ ਕਿ ਉਹ ਦੋਹਾਂ ਫ਼ਿਲਮਾਂ ਦੇ ਇਕੱਠਿਆਂ ਰਿਲੀਜ਼ ਹੋਣ ਨੂੰ ਲੈ ਕੇ ਕੋਈ ਦਬਾਅ ਮਹਿਸੂਸ ਨਹੀਂ ਕਰ ਰਹੀ। 26 ਜਨਵਰੀ ਦੇ ਮੌਕੇ ਰਿਲੀਜ਼ ਹੋਣ ਕਾਰਨ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਇਹ ਦੋਹੇਂ ਫ਼ਿਲਮਾਂ ਪਰਦੇ ‘ਤੇ ਚੰਗੀ ਕਮਾਈ ਕਰਨਗੀਆਂ ਜੋ ਕਿ ਉਹ ਕਰ ਵੀ ਰਹੀਆਂ ਹਨ। ਵੈਸੇ ਵੀ, ਮਣੀਕਰਣਿਕਾ ਦਾ ਟ੍ਰੇਲਰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਸੀ। ਦੂਜੇ ਪਾਸੇ, ਠਾਕਰੇ ਵਿੱਚ ਨਵਾਜ਼ਉਦੀਨ ਸਿੱਦੀਕੀ ਦੀ ਅਦਾਕਾਰੀ ਵੀ ਦੇਖਣ ਵਾਲੀ ਹੈ।











