ਭਾਜਪਾ ਸਰਕਾਰ ਦੇ ਸ਼ਾਸਨ ‘ਚ ਨਹੀਂ ਤਾਂ ਕਦੋਂ ਬਣੇਗਾ ਰਾਮ ਮੰਦਰ : ਸ਼ਿਵ ਸੈਨਾ

ਮੁੰਬਈ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਿੱਖਾ ਹਮਲਾ ਬੋਲਦੇ ਹੋਏ ਸ਼ਿਵ ਸੈਨਾ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੂੰ ਇਸ ਗੱਲ ‘ਤੇ ਹੈਰਾਨੀ ਹੈ ਕਿ ਜੇਕਰ ਭਾਜਪਾ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਦੇ ਕਾਰਜਕਾਲ ‘ਚ ਅਯੁੱਧਿਆ ‘ਚ ਰਾਮ ਮੰਦਰ ਦਾ ਨਿਰਮਾਣ ਨਹੀਂ ਹੋਵੇਗਾ ਤਾਂ ਕਦੋਂ ਹੋਵੇਗਾ। ਪਾਰਟੀ ਨੇ ਕਿਹਾ ਕਿ ਜੇਕਰ ਰਾਮ ਮੰਦਰ ਦਾ ਨਿਰਮਾਣ 2019 ਚੋਣਾਂ ਤੋਂ ਪਹਿਲਾਂ ਨਹੀਂ ਹੋਇਆ ਤਾਂ ਇਹ ਦੇਸ਼ ਦੇ ਲੋਕਾਂ ਨੂੰ ਧੋਖਾ ਦੇਣ ਵਰਗਾ ਹੋਵੇਗਾ, ਜਿਸ ਲਈ ਭਾਜਪਾ ਅਤੇ ਆਰ. ਐੱਸ. ਐੱਸ. ਨੂੰ ਉਨ੍ਹਾਂ ਤੋਂ ਮੁਆਫ਼ੀ ਮੰਗਣੀ ਹੋਵੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਸਾਲ ਮੌਕੇ ਇਕ ਨਿਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਮੰਦਰ ਨਿਰਮਾਣ ‘ਤੇ ਸਰਕਾਰ ਕੋਈ ਵੀ ਕਦਮ ਨਿਆਇਕ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਹੀ ਚੁੱਕੇਗੀ। ਸ਼ਿਵ ਸੈਨਾ ਨੇ ਕਿਹਾ ਕਿ ਮੋਦੀ ਰਾਮ ਦੇ ਨਾਂ ‘ਤੇ ਸੱਤਾ ਵਿਚ ਆਏ ਸਨ। ਹੁਣ ਸਵਾਲ ਇਹ ਹੈ ਕਿ ਜੇਕਰ ਬਹੁਮਤ ਵਾਲੀ ਸਰਕਾਰ ਵਿਚ ਮੰਦਰ ਦਾ ਨਿਰਮਾਣ ਨਹੀਂ ਹੋਵੇਗਾ ਤਾਂ ਕਦੋਂ ਹੋਵੇਗਾ। ਮੋਦੀ ਸਰਕਾਰ ਨੇ ਗੁਜਰਾਤ ਵਿਚ ਸਰਦਾਰ ਵਲੱਭ ਭਾਈ ਪਟੇਲ ਦੀ ਮੂਰਤੀ ਬਣਾਈ ਹੈ ਪਰ ਰਾਮ ਮੰਦਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਦਾਰ ਵਾਲਾ ਸਾਹਸ ਨਹੀਂ ਦਿਖਾਇਆ।