ਨਵੀਂ ਦਿੱਲੀ – ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ T-20 ਟੀਮ ‘ਚ ਵਾਪਸੀ ਹੋ ਗਈ ਹੈ ਅਤੇ ਉਸ ਨੂੰ ਨਿਊ ਜ਼ੀਲੈਂਡ ਖ਼ਿਲਾਫ਼ ਐਲਾਨੀ ਗਈ T-20 ਟੀਮ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ। ਧੋਨੀ ਨੂੰ ਵਿੰਡੀਜ਼ ਖ਼ਿਲਾਫ਼ ਘਰੇਲੂ T-20 ਸੀਰੀਜ਼ ਤੋਂ ਬਾਹਰ ਰੱਖਿਆ ਗਿਆ ਸੀ ਜਿਸ ਤੋਂ ਬਾਅਦ ਇਸ ਫ਼ੌਰਮੈੱਟ ਵਿੱਚ ਉਸ ਦੇ ਭਵਿੱਖ ਨੂੰ ਲੈ ਕੇ ਸਵਾਲ ਖੜ੍ਹੇ ਹੋਣ ਲੱਗੇ ਸਨ।
ਰਾਸ਼ਟਰੀ ਚੋਣ ਕਰਤਾਵਾਂ ਨੇ ਧੋਨੀ ਨੂੰ ਆਸਟਰੇਲੀਆ ਅਤੇ ਨਿਊ ਜ਼ੀਲੈਂਡ ਖ਼ਿਲਾਫ਼ ਵਨ ਡੇ ਸੀਰੀਜ਼ ਵਿੱਚ ਬਰਕਰਾਰ ਰੱਖਿਆ ਹੈ ਅਤੇ ਨਿਊ ਜ਼ੀਲੈਂਡ ਖ਼ਿਲਾਫ਼ T-20 ਸੀਰੀਜ਼ ਵਿੱਚ ਵੀ ਵਾਪਿਸ ਬੁਲਾਇਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੀ ਸੀਨੀਅਰ ਚੋਣ ਕਮੇਟੀ ਆਸਟਰੇਲੀਆ ਖ਼ਿਲਾਫ਼ ਵਨ ਡੇ ਸੀਰੀਜ਼ ਅਤੇ ਨਿਊ ਜ਼ੀਲੈਂਡ ਖ਼ਿਲਾਫ਼ ਵਨ ਡੇ ਅਤੇ T-20 ਸੀਰੀਜ਼ ਲਈ ਟੀਮਾਂ ਦਾ ਐਲਾਨ ਕੀਤਾ ਹੈ।
ਭਾਰਤ ਨੂੰ T-20 ਅਤੇ ਵਨ ਡੇ ਵਿੱਚ ਵਿਸ਼ਵ ਕੱਪ ਜਿਤਾਉਣ ਵਾਲੇ ਧੋਨੀ ਨੇ ਆਪਣਾ ਆਖ਼ਰੀ T-20 ਇਸ ਸਾਲ 8 ਜੁਲਾਈ ਨੂੰ ਬ੍ਰਿਸਟਲ ਵਿੱਚ ਇੰਗਲੈਂਡ ਖ਼ਿਲਾਫ਼ ਖੇਡਿਆ ਸੀ, ਪਰ ਵਿੰਡੀਜ਼ ਖ਼ਿਲਾਫ਼ ਘਰੇਲੂ ਸੀਰੀਜ਼ ਵਿੱਚ ਧੋਨੀ ਵਨ ਡੇ ਵਿੱਚ ਤਾਂ ਖੇਡਿਆ ਪਰ T-20 ਸੀਰੀਜ਼ ‘ਚੋਂ ਉਸ ਨੂੰ ਬਾਹਰ ਕਰ ਦਿੱਤਾ ਗਿਆ ਸੀ। ਧੋਨੀ ਇਸ ਤੋਂ ਬਾਅਦ ਆਸਟਰੇਲੀਆ ਵਿੱਚ ਖੇਡੀ T-20 ਸੀਰੀਜ਼ ਦਾ ਵੀ ਹਿੱਸਾ ਨਹੀਂ ਸੀ। ਇਹ ਸੀਰੀਜ਼ 1-1 ਦੀ ਬਰਾਬਰੀ ‘ਤੇ ਖ਼ਤਮ ਹੋ ਗਈ ਸੀ। ਇਨ੍ਹਾਂ ਦੋਵਾਂ ਲੜੀਆਂ ਵਿੱਚ ਧੋਨੀ ਦੀ ਜਗ੍ਹਾ ਰਿਸ਼ਭ ਪੰਤ ਅਤੇ ਦਿਨੇਸ਼ ਕਾਰਤਿਕ ਨੂੰ ਮੌਕਾ ਦਿੱਤਾ ਗਿਆ ਸੀ। ਇਨ੍ਹਾਂ ਲੜੀਆਂ ਤੋਂ ਬਾਹਰ ਰਹਿਣ ਤੋਂ ਬਾਅਦ ਧੋਨੀ ਦੇ ਭਵਿੱਖ ‘ਤੇ ਸਵਾਲੀਆ ਨਿਸ਼ਾਨ ਲੱਗ ਰਹੇ ਸਨ ਪਰ ਚੋਣ ਕਰਤਾਵਾਂ ਨੇ ਵਿਦੇਸ਼ੀ ਜ਼ਮੀਨ ‘ਤੇ ਇੱਕ ਵਾਰ ਫ਼ਿਰ ਧੋਨੀ ਦੇ ਤਜਰਬੇ ‘ਤੇ ਭਰੋਸਾ ਕੀਤਾ ਹੈ।
ਭਾਰਤ ਨੂੰ ਆਸਟਰੇਲੀਆ ਖ਼ਿਲਾਫ਼ 12 ਜਨਵਰੀ ਨੂੰ ਸਿਡਨੀ, 15 ਜਨਵਰੀ ਐਡੀਲੇਡ ਅਤੇ 18 ਜਨਵਰੀ ਨੂੰ ਮੈਲਬਰਨ ਵਿੱਚ ਤਿੰਨ ਵਨ ਡੇ ਖੇਡਣੇ ਹਨ। ਇਸ ਤੋਂ ਬਾਅਦ ਨਿਊ ਜ਼ੀਲੈਂਡ ਖ਼ਿਲਾਫ਼ 23,26, 28, 31 ਜਨਵਰੀ ਅਤੇ 12 ਫ਼ਰਵਰੀ ਤਕ ਪੰਜ ਵਨ ਡੇ ਖੇਡੇ ਜਾਣੇ ਹਨ। ਵਨ ਡੇ ਸੀਰੀਜ਼ ਤੋਂ ਬਾਅਦ ਭਾਰਤ ਨੇ ਨਿਊ ਜ਼ੀਲੈਂਡ ਖ਼ਿਲਾਫ਼ 6, 8 ਅਤੇ 10 ਫ਼ਰਵਰੀ ਨੂੰ T-20 ਸੀਰੀਜ਼ ਖੇਡਣੀ ਹੈ।
ਆਸਟਰੇਲੀਆ ਅਤੇ ਨਿਊ ਜ਼ੀਲੈਂਡ ਖ਼ਿਲਾਫ਼ ਵਨ ਡੇ ਟੀਮਾਂ ਵਿੱਚ ਦੂਜਾ ਵਿਕਟ ਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਹੈ ਜਦਕਿ T-20 ਟੀਮ ਵਿੱਚ ਕਾਰਤਿਕ ਦੇ ਨਾਲ ਨਾਲ ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਨੂੰ ਵੀ ਰੱਖਿਆ ਗਿਆ ਹੈ, ਪਰ ਦੋਹਾਂ ਹੀ ਟੀਮਾਂ ਵਿੱਚ ਵਿਕਟਕੀਪਰ ਦੀ ਜ਼ਿੰਮੇਵਾਰੀ ਧੋਨੀ ਦੇ ਮੋਢਿਆਂ ‘ਤੇ ਹੋਵੇਗੀ। ਆਸਟਰੇਲੀਆ ਖ਼ਿਲਾਫ਼ ਟੈੱਸਟ ਸੀਰੀਜ਼ ਖੇਡ ਰਿਹਾ ਰਿਸ਼ਭ ਪੰਤ ਇਸ ਸੀਰੀਜ਼ ਦੇ ਖ਼ਤਮ ਹੋਣ ਤੋਂ ਬਾਅਦ ਵਤਨ ਪਰਤੇਗਾ ਅਤੇ ਇੰਗਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਘਰੇਲੂ ਵਨ ਡੇ ਸੀਰੀਜ਼ ਵਿੱਚ ਭਾਰਤ-ਏ ਵਲੋਂ ਖੇਡੇਗਾ।












