ਇਸ ਸਾਲ ਰਿਲੀਜ਼ ਹੋਈ ਫ਼ਿਲਮ ਸੋਨੂੰ ਕੇ ਟੀਟੂ ਕੀ ਸਵੀਟੀ ‘ਚ ਚੰਗੀ ਅਦਾਕਾਰੀ ਲਈ ਕਾਰਤਿਕ ਆਰਿਅਨ ਨੂੰ 2018 ਦਾ ਬੈੱਸਟ ਐਕਟਰ ਐਵਾਰਡ ਮਿਲਿਆ ਹੈ। ਇਸ ਫ਼ਿਲਮ ਨੇ ਪਰਦੇ ‘ਤੇ 100 ਕਰੋੜ ਰੁਪਏ ਤੋਂ ਜ਼ਿਆਦਾ ਕਮਾਈ ਕੀਤੀ ਹੈ …
ਫ਼ਿਲਮੀ ਦੁਨੀਆ ‘ਚ ਅੱਜਕੱਲ੍ਹ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਰਹੇ ਕਾਰਤਿਕ ਆਰਿਅਨ ਨੂੰ ਇਸ ਸਾਲ ਬੈੱਸਟ ਐਕਟਰ ਦਾ ਐਵਾਰਡ ਮਿਲਿਆ ਹੈ। ਇਸ ਸਾਲ ਦੇ ਸ਼ੁਰੂ ‘ਚ ਰਿਲੀਜ਼ ਹੋਈ ਉਸ ਦੀ ਫ਼ਿਲਮ ਸੋਨੂੰ ਕੇ ਟੀਟੂ ਕੀ ਸਵੀਟੀ ਨੇ ਬਾਕਸ ਔਫ਼ਿਸ ‘ਤੇ ਚੰਗਾ ਪ੍ਰਦਰਸ਼ਨ ਕਰਦੇ ਹੋਏ 100 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ। ਇਸ ਫ਼ਿਲਮ ਤੋਂ ਕਾਰਤਿਕ ਨੂੰ ਬੌਲੀਵੁਡ ‘ਚ ਇੱਕ ਵੱਖਰੀ ਪਛਾਣ ਮਿਲੀ ਹੈ।
ਫ਼ਿਲਮ ‘ਚ ਚੰਗੀ ਅਦਾਕਾਰੀ ਲਈ ਹਾਲ ਹੀ ‘ਚ ਉਸ ਨੂੰ ਮਸਾਲਾ UAE ਐਵਾਰਡ 2018 ਵਲੋਂ ਬੈੱਸਟ ਐਕਟਰ ਔਫ਼ ਦਾ ਯੀਅਰ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਰਿਲੀਜ਼ ਹੋਈ ਕਾਰਤਿਕ ਦੀ ਫ਼ਿਲਮ ਪਿਆਰ ਕਾ ਪੰਚਨਾਮਾ ‘ਚ ਆਪਣੀ ਅਦਾਕਾਰੀ ਲਈ ਉਸ ਨੇ ਨੌਜਵਾਨਾਂ ਤੋਂ ਖ਼ੂਬ ਪ੍ਰਸ਼ੰਸਾਂ ਹਾਸਿਲ ਕੀਤੀ ਸੀ। ਇਸ ਫ਼ਿਲਮ ਤੋਂ ਬਾਅਦ ਉਹ ਨੌਜਵਾਨ ਪੀੜ੍ਹੀ ਦੀ ਪਹਿਲੀ ਪਸੰਦ ਬਣਿਆ।
ਸਾਲ 2018 ਦੇ ਬੈੱਸਟ ਐਕਟਰ ਦਾ ਐਵਾਰਡ ਜਿੱਤਣ ਮਗਰੋਂ ਭਾਵੁਕ ਹੋਏ ਕਾਰਤਿਕ ਨੇ ਟਵਿਟਰ ‘ਤੇ ਟਵੀਟ ਕਰਦੇ ਹੋਏ ਕਿਹਾ, ”ਮੈਂ ਮਾਣ ਮਹਿਸੂਸ ਕਰ ਰਿਹਾ ਹਾਂ। ਮਸਾਲਾ ਐਵਾਰਡ ਵਲੋਂ ਮੈਨੂੰ 2018 ਦੇ ਬੈੱਸਟ ਐਕਟਰ ਦਾ ਐਵਾਰਡ ਮਿਲਣਾ ਸਹੀ ਅਰਥਾਂ ‘ਚ ਮੇਰੇ ਲਈ ਖ਼ੁਸ਼ੀ ਦੀ ਗੱਲ ਹੈ। ਮੈਂ ਮਸਾਲਾ ਐਵਾਰਡ ਦਾ ਇਸ ਪੁਰਸਕਾਰ ਨੂੰ ਦੇਣ ਲਈ ਧੰਨਵਾਦ ਕਰਦਾ ਹਾਂ।”
ਕਾਰਤਿਕ ਨੇ ਕਿਹਾ ਕਿ ਸੋਨੂੰ ਦਾ ਕਿਰਦਾਰ ਹਮੇਸ਼ਾ ਉਸ ਦੇ ਦਿਲ ਦੇ ਕਰੀਬ ਰਿਹਾ ਹੈ। ਜ਼ਿਕਰਯੋਗ ਹੈ ਕਿ ਕਾਰਤਿਕ ਆਰਿਅਨ ਆਉਣ ਵਾਲੇ ਸਮੇਂ ‘ਚ ਕਰਨ ਜੌਹਰ ਤੇ ਸੰਜੈ ਲੀਲਾ ਭੰਸਾਲੀ ਵਰਗੇ ਵੱਡੇ ਫ਼ਿਲਮਸਾਜ਼ਾਂ ਦੀਆਂ ਫ਼ਿਲਮਾਂ ‘ਚ ਕੰਮ ਕਰਦਾ ਨਜ਼ਰ ਆ ਸਕਦਾ ਹੈ। ਕੁੱਝ ਸਮਾਂ ਪਹਿਲਾਂ ਜਾਣਕਾਰੀ ਮਿਲੀ ਸੀ ਕਿ ਭੰਸਾਲੀ ਨਾਲ ਕਾਰਤਿਕ ਨੇ ਅਗਲੀ ਫ਼ਿਲਮ ਬਾਰੇ ਗੱਲਬਾਤ ਵੀ ਕੀਤੀ ਹੈ।











