ਕਰਨ ਜੌਹਰ ਨੇ ਜਾਨ੍ਹਵੀ ਨੂੰ ਫ਼ਿਲਮ ਤਖ਼ਤ ਸਾਈਨ ਕੀਤਾ ਹੈ। ਇਸ ਫ਼ਿਲਮ ‘ਚ ਆਪਣੇ ਕਿਰਦਾਰ ਨੂੰ ਬਾਖ਼ੂਬੀ ਨਿਭਾਉਣ ਲਈ ਜਾਨ੍ਹਵੀ ਇਨ੍ਹੀਂ ਦਿਨੀਂ ਠੇਠ ਉਰਦੂ ਬੋਲਣਾ ਸਿੱਖ ਰਹੀ ਹੈ …
ਮਸ਼ਹੂਰ ਫ਼ਿਲਮਸਾਜ਼ ਬੋਨੀ ਕਪੂਰ ਅਤੇ ਮਰਹੂਮ ਅਭਿਨੇਤਰੀ ਸ੍ਰੀਦੇਵੀ ਦੀ ਬੇਟੀ ਜਾਨ੍ਹਵੀ ਕਪੂਰ ਇਨ੍ਹੀਂ ਦਿਨੀਂ ਉਰਦੂ ਸਿੱਖ ਰਹੀ ਹੈ। ਜਾਨ੍ਹਵੀ ਨੇ ਇਸ ਸਾਲ ਰਿਲੀਜ਼ ਹੋਈ ਫ਼ਿਲਮ ਧੜਕ ਨਾਲ ਬੌਲੀਵੁਡ ‘ਚ ਡੈਬਿਊ ਕੀਤਾ ਹੈ। ਅਸਲ ‘ਚ ਫ਼ਿਲਮਸਾਜ਼ ਕਰਨ ਜੌਹਰ ਜਲਦ ਹੀ ਫ਼ਿਲਮ ਤਖ਼ਤ ਬਣਾਉਣ ਜਾ ਰਿਹਾ ਹੈ। ਇਸ ਮਲਟੀਸਟਾਰ ਫ਼ਿਲਮ ‘ਚ ਜਾਨ੍ਹਵੀ ਵੀ ਅਹਿਮ ਕਿਰਦਾਰ ਨਿਭਾ ਰਹੀ ਹੈ।
ਤਖ਼ਤ ਮੁਗ਼ਲ ਸਲਤਨਤ ਦੀ ਕਹਾਣੀ ‘ਤੇ ਬਣਨ ਵਾਲੀ ਫ਼ਿਲਮ ਹੈ ਜਿਸ ‘ਚ ਲੀਡ ਰੋਲ ਰਣਵੀਰ ਸਿੰਘ ਦਾ ਹੋਵੇਗਾ। ਉਸ ਤੋਂ ਇਲਾਵਾ ਇਸ ਫ਼ਿਲਮ ‘ਚ ਕਰੀਨਾ ਕਪੂਰ, ਆਲੀਆ ਭੱਟ ਅਤੇ ਭੂਮੀ ਪੇਡਨੇਕਰ ਵਰਗੀਆਂ ਅਭਿਨੇਤਰੀਆਂ ਵੀ ਨਜ਼ਰ ਆਉਣਗੀਆਂ। ਫ਼ਿਲਮ ‘ਚ ਆਪਣੇ ਕਿਰਦਾਰ ਨੂੰ ਚੰਗੀ ਤਰ੍ਹਾਂ ਨਿਭਾਉਣ ਲਈ ਜਾਨ੍ਹਵੀ ਨੂੰ ਠੇਠ ਉਰਦੂ ਸਿੱਖਣ ਲਈ ਕਿਹਾ ਗਿਆ ਹੈ ਜਿਸ ਦੀ ਤਿਆਰੀ ‘ਚ ਉਹ ਜੁੱਟ ਚੁੱਕੀ ਹੈ।
ਤਖ਼ਤ ‘ਚ ਜਾਨ੍ਹਵੀ ਦਾ ਰੋਲ ਜ਼ੈਨਬਦੀ ਮਹਲ ਉਰਫ਼ ਹੀਰਾ ਬਾਈ ਦਾ ਹੋਵੇਗਾ ਜੋ ਪਹਿਲਾਂ ਹੋਰ ਧਰਮ ਨਾਲ ਸੰਬੰਧ ਰੱਖਦੀ ਹੈ ਅਤੇ ਬਾਅਦ ‘ਚ ਔਰੰਗਜ਼ੇਬ ਦੀ ਦਾਸੀ ਬਣ ਜਾਂਦੀ ਹੈ। ਉਰਦੂ ਦੇ ਉਸਤਾਦ ਕੋਲੋਂ ਜਾਨ੍ਹਵੀ ਅੱਜਕੱਲ੍ਹ ਇਸ ਭਾਸ਼ਾ ਦੀਆਂ ਬਾਰੀਕੀਆਂ ਅਤੇ ਉਸ ਨੂੰ ਡਾਇਲੌਗ ਡਲਿਵਰੀ ਦੀ ਟ੍ਰੇਨਿੰਗ ਲੈ ਰਹੀ ਹੈ। ਫ਼ਿਲਮ ‘ਚ ਰਣਵੀਰ ਸਿੰਘ ਦਾਰਾ ਸ਼ਿਕੋਹ ਅਤੇ ਵਿਕੀ ਕੌਸ਼ਲ ਔਰੰਗਜ਼ੇਬ ਦਾ ਰੋਲ ਨਿਭਾ ਰਹੇ ਹਨ। ਅਨਿਲ ਕਪੂਰ ਸ਼ਾਹਜਹਾਂ ਦਾ ਰੋਲ ਨਿਭਾਏਗਾ। ਇਸ ਇਤਿਹਾਸਕ ਫ਼ਿਲਮ ਨੂੰ ਕਰਨ ਜੌਹਰ ਖ਼ੁਦ ਡਾਇਰੈਕਟ ਕਰੇਗਾ। ਇਸ ‘ਚ ਪਹਿਲੀ ਵਾਰ ਦਰਸ਼ਕਾਂ ਨੂੰ ਰਣਵੀਰ ਅਤੇ ਕਰੀਨਾ ਦੀ ਜੋੜੀ ਦੇਖਣ ਨੂੰ ਮਿਲੇਗੀ।











