ICC ਨੇ ਖ਼ਲੀਲ ਅਹਿਮਦ ਦੀ ਕੀਤੀ ਝਾੜ-ਝੰਬ

ਨਵੀਂ ਦਿੱਲੀ – ਭਾਰਤ ਦੇ ਖੱਬੇ ਹੱਥ ਦੇ ਗੇਂਦਬਾਜ਼ ਖ਼ਲੀਲ ਅਹਿਮਦ ਨੂੰ ਮੁੰਬਈ ਵਿੱਚ ਖੇਡੇ ਗਏ ਚੌਥੇ ਇੱਕ ਰੋਜ਼ਾ ਮੈਚ ਵਿੱਚ ਵੈੱਸਟ ਇੰਡੀਜ਼ ਦੇ ਖਿਡਾਰੀ ਮੈਰਲਿਨ ਸੈਮੂਅਲਜ਼ ਨੂੰ ਆਊਟ ਕਰਨ ਮਗਰੋਂ ਇਤਰਾਜ਼ਯੋਗ ਪ੍ਰਤੀਕਿਰਿਆ ਦੇਣ ਕਾਰਨ ਅਧਿਕਾਰਿਕ ਤੌਰ ‘ਤੇ ਕੌਮਾਂਤਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਨੇ ਝਾੜ ਪਾਈ ਹੈ। ਉਸ ਨੂੰ ਇੱਕ ਡੀਮੈਰਿਟ ਅੰਕ ਵੀ ਦਿੱਤਾ ਗਿਆ ਹੈ। ਖ਼ਲੀਲ ਨੇ ਵੈੱਸਟ ਇੰਡੀਜ਼ ਦੀ ਪਾਰੀ ਦੇ 14ਵੇਂ ਓਵਰ ਵਿੱਚ ਸੈਮੂਅਲਜ਼ ਨੂੰ ਆਊਟ ਕੀਤਾ ਸੀ। ਜਦੋਂ ਵਿੰਡੀਜ਼ ਖਿਡਾਰੀ ਵਾਪਿਸ ਪਰਤ ਰਿਹਾ ਸੀ ਤਾਂ ਉਹ ਕਈ ਵਾਰ ਉਸ ‘ਤੇ ਚੀਕਿਆ।
ਇਸ ਮੈਚ ਵਿੱਚ ਖ਼ਲੀਲ ਨੇ ਤਿੰਨ ਵਿਕਟਾਂ ਲਈਆਂ ਸਨ ਅਤੇ ਭਾਰਤ ਨੇ 224 ਦੌੜਾਂ ਦੇ ਵੱਡੇ ਫ਼ਰਕ ਨਾਲ ਜਿੱਤ ਦਰਜ ਕੀਤੀ ਸੀ। ਭਾਰਤੀ ਖਿਡਾਰੀ ਨੂੰ ਉਸ ਦੇ ਇਸ ਰਵੱਈਏ ਕਾਰਨ ਆਈ.ਸੀ.ਸੀ. ਦੇ ਜ਼ਾਬਤੇ ਦੇ ਨਿਯਮਾਂ ਤਹਿਤ ਲੈਵਲ 1 ਅਪਰਾਧ ਦਾ ਦੋਸ਼ੀ ਪਾਇਆ ਗਿਆ ਹੈ ਜਿਸ ਵਿੱਚ ਉਸ ਨੇ ਨਿਯਮ 2.5 ਦੀ ਉਲੰਘਣਾ ਕੀਤੀ ਹੈ। ਇਹ ਨਿਯਮ ਇਤਰਾਜ਼ਯੋਗ ਭਾਸ਼ਾ, ਵਿਵਹਾਰ ਜਾਂ ਗ਼ਲਤ ਇਸ਼ਾਰੇ, ਹਮਲਾਵਰ ਪ੍ਰਤੀਕਿਰਿਆ ਨਾਲ ਜੁੜਿਆ ਹੈ।
ਲੈਵਲ ਇੱਕ ਦੇ ਅਪਰਾਧ ਲਈ ਘੱਟ ਤੋਂ ਘੱਟ ਸਜ਼ਾ ਅਧਿਕਾਰਿਕ ਫ਼ਟਕਾਰ ਅਤੇ ਵੱਧ ਤੋਂ ਵੱਧ ਸਜ਼ਾ ਖਿਡਾਰੀ ਦੀ ਮੈਚ ਫ਼ੀਸ ਦਾ 50 ਫ਼ੀਸਦੀ ਜੁਰਮਾਨਾ ਹੈ। ਉਸ ਨੂੰ ਇੱਕ ਜਾਂ ਦੋ ਡੀਮੈਰਿਟ ਅੰਕ ਵੀ ਦਿੱਤੇ ਜਾ ਸਕਦੇ ਹਨ। ਜੇਕਰ 24 ਮਹੀਨੇ ਦੇ ਸਮੇਂ ਦੌਰਾਨ ਖਿਡਾਰੀ ਦੇ ਚਾਰ ਜਾਂ ਇਸ ਤੋਂ ਵੱਧ ਡੀਮੈਰਿਟ ਅੰਕ ਹੁੰਦੇ ਹਨ ਤਾਂ ਇਹ ਅੰਕ ਮੁਅੱਤਲੀ ਵਿੱਚ ਬਦਲ ਜਾਂਦੇ ਹਨ ਅਤੇ ਉਸ ਨੂੰ ਪਾਬੰਦੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।