ਫ਼ਿਲਮ ਤਾਨਾਜੀ ‘ਚ ਸੈਫ਼ ਅਲੀ ਖ਼ਾਨ ਇੱਕ ਇਤਿਹਾਸਕ ਯੋਧੇ ਦਾ ਨੈਗੇਟਿਵ ਕਿਰਦਾਰ ਨਿਭਾ ਰਿਹਾ ਹੈ। ਇਸ ਕਿਰਦਾਰ ਨੂੰ ਬਾਖ਼ੂਬੀ ਨਿਭਾਉਣ ਲਈ ਉਹ ਅੱਜਕੱਲ੍ਹ ਘੋੜਸਵਾਰੀ ਸਿੱਖ ਰਿਹੈ …
ਅਦਾਕਾਰ ਸੈਫ਼ ਅਲੀ ਖ਼ਾਨ ਇਨ੍ਹੀਂ ਦਿਨੀਂ ਘੋੜਸਵਾਰੀ ਸਿੱਖ ਰਿਹਾ ਹੈ। ਅਸਲ ‘ਚ ਸੈਫ਼ ਫ਼ਿਲਮ ਤਾਨਾਜੀ ‘ਚ ਊਦੈਭਾਨ ਰਾਠੌਰ ਦਾ ਕਿਰਦਾਰ ਨਿਭਾਉਣ ਜਾ ਰਿਹਾ ਹੈ। ਇਸ ਫ਼ਿਲਮ ਵਿੱਚ ਅਜੇ ਦੇਵਗਨ ਅਤੇ ਸੈਫ਼ ਅਲੀ ਖ਼ਾਨ ਕਾਫ਼ੀ ਲੰਬੇ ਸਮੇਂ ਬਾਅਦ ਇਕੱਠੇ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਇਨ੍ਹਾਂ ਦੀ ਜੋੜੀ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ ਜਿਨ੍ਹਾਂ ਵਿੱਚੋਂ ਓਮਕਾਰਾ ਇੱਕ ਹੈ ਜੋ ਸੁਪਰਹਿੱਟ ਰਹੀ ਸੀ। ਤਾਨਾਜੀ ਇੱਕ ਇਤਿਹਾਸਕ ਫ਼ਿਲਮ ਹੈ ਜਿਸ ਵਿੱਚ ਅਜੇ ਦੇਵਗਨ ਇਤਿਹਾਸਕ ਯੋਧਾ ਤਾਨਾਜੀ ਮਾਲਸੁਰੇ ਦਾ ਕਿਰਦਾਰ ਨਿਭਾਏਗਾ, ਅਤੇ ਉਸ ਦੇ ਉਲਟ ਸੈਫ਼ ਅਲੀ ਖ਼ਾਨ ਊਦੈਭਾਨ ਰਾਠੌਰ ਦਾ ਕਿਰਦਾਰ ਨਿਭਾਏਗਾ। ਫ਼ਿਲਮ ‘ਚ ਦੋਹਾਂ ਦਾ ਯੁੱਧ ਹੁੰਦਾ ਦਿਖਾਇਆ ਜਾਵੇਗਾ।
ਇਸ ਕਿਰਦਾਰ ਨੂੰ ਚੰਗੀ ਤਰ੍ਹਾਂ ਨਿਭਾਉਣ ਲਈ ਸੈਫ਼ ਨੇ ਫ਼ਿਲਮ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਅਤੇ ਉਹ ਘੋੜਸਵਾਰੀ ਵੀ ਸਿੱਖ ਰਿਹਾ ਹੈ। ਸੈਫ਼ ਨੇ ਕਿਹਾ, ”ਮੈਂ ਅਜੇ ਦੇਵਗਨ ਦਾ ਮਾਣ ਕਰਦਾ ਹਾਂ। ਮੈਨੂੰ ਜ਼ਿੰਦਗੀ ਪ੍ਰਤੀ ਉਸ ਦਾ ਦ੍ਰਿਸ਼ਟੀਕੋਣ ਵੀ ਕਾਫ਼ੀ ਪ੍ਰਭਾਵਿਤ ਕਰਦਾ ਹੈ। ਮੈਂ ਇਸ ਇਤਿਹਾਸਕ ਫ਼ਿਲਮ ਦਾ ਹਿੱਸਾ ਬਣ ਕੇ ਖ਼ੁਸ਼ੀ ਮਹਿਸੂਸ ਕਰ ਰਿਹਾ ਹਾਂ।” ਜ਼ਿਕਰਯੋਗ ਹੈ ਕਿ ਇਸ ਫ਼ਿਲਮ ਨੂੰ ਅਜੇ ਦੇਵਗਨ ਪ੍ਰੋਡਿਊਸ ਵੀ ਕਰ ਰਿਹਾ ਹੈ। ਫ਼ਿਲਮ ਕਾਫ਼ੀ ਵੱਡੇ ਬਜਟ ਨਾਲ ਬਣਾਈ ਜਾ ਰਹੀ ਹੈ। ਫ਼ਿਲਮ ‘ਚ ਸੈਫ਼ ਅਲੀ ਖ਼ਾਨ ਨੈਗੇਟਿਵ ਕਿਰਦਾਰ ‘ਚ ਨਜ਼ਰ
ਆਵੇਗਾ।
ਇਸ ਰੋਲ ਦੀ ਪੇਸ਼ਕਸ਼ ਖ਼ੁਦ ਅਜੇ ਨੇ ਸੈਫ਼ ਨੂੰ ਕੀਤੀ ਹੈ। ਖ਼ਾਸ ਗੱਲ ਇਹ ਵੀ ਹੈ ਕਿ ਤਾਨਾਜੀ ‘ਚ ਕਾਫ਼ੀ ਅਰਸੇ ਬਾਅਦ ਅਜੇ ਤੇ ਕਾਜੋਲ ਦੀ ਜੋੜੀ ਵੀ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗੀ। ਸੂਤਰਾਂ ਦਾ ਕਹਿਣਾ ਹੈ ਕਿ ਇਸ ਫ਼ਿਲਮ ‘ਚ ਮੁੱਖ ਅਭਿਨੇਤਰੀ ਦੀ ਭੂਮਿਕਾ ਕਾਜੋਲ ਹੀ ਨਿਭਾ ਰਹੀ ਹੈ। ਦੂਜੇ ਪਾਸੇ, ਸੈਫ਼ ਦੀ ਫ਼ਿਲਮ ਬਾਜ਼ਾਰ ਵੀ ਰਿਲੀਜ਼ ਹੋ ਗਈ ਹੈ। ਵੈਸੇ ਕੁੱਝ ਸਮੇਂ ਤੋਂ ਸੈਫ਼ ਦੀਆਂ ਨਵੀਆਂ ਆ ਰਹੀਆਂ ਫ਼ਿਲਮਾਂ ਪਰਦੇ ‘ਤੇ ਲਗਤਾਰ ਅਸਫ਼ਲ ਹੋ ਰਹੀਆਂ ਹਨ। ਸੈਫ਼ ਨੂੰ ਇਸ ਫ਼ਿਲਮ ਤੋਂ ਵੀ ਕਾਫ਼ੀ ਉਮੀਦਾਂ ਹਨ। ਫ਼ਿਲਮ ਬਾਜ਼ਾਰ ‘ਚ ਰਾਧਿਕਾ ਆਪਟੇ ਅਤੇ ਚਿਤਰਾਂਗਦਾ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਹੈ।











