ਅਦਾਕਾਰ ਆਯੁਸ਼ਮਾਨ ਖੁਰਾਣਾ ਫ਼ਿਲਮ ਦੀ ਸਫ਼ਲਤਾ ਲਈ ਸਕ੍ਰਿਪਟ ਨੂੰ ਮਹੱਤਵਪੂਰਨ ਮੰਨਦਾ ਹੈ। ਆਯੁਸ਼ਮਾਨ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਫ਼ਿਲਮ ਵਿਕੀ ਡੋਨਰ ਤੋਂ ਕੀਤੀ ਸੀ। ਆਯੁਸ਼ਮਾਨ ਦੀ ਹਾਲ ਹੀ ‘ਚ ਅੰਧਾਧੁਨ ਫ਼ਿਲਮ ਰਿਲੀਜ਼ ਹੋਈ ਹੈ। ਇਸ ‘ਚ ਉਸ ਦੇ ਅਭਿਨੈ ਨੂੰ ਲੋਕਾਂ ਨੇ ਬੇਹੱਦ ਪਸੰਦ ਕੀਤਾ ਹੈ। ਇਸ ਬਾਰੇ ਆਯੁਸ਼ਮਾਨ ਦਾ ਕਹਿਣਾ ਹੈ ਕਿ ਉਸ ਨੂੰ ਬਹੁਤ ਖ਼ੁਸ਼ੀ ਹੈ ਕਿ ਦਰਸ਼ਕਾਂ ਨੇ ਉਸ ਨੂੰ ਇੰਨਾ ਪਸੰਦ ਕੀਤਾ। ਪਿਛਲੇ ਸਾਲ ਬਰੇਲੀ ਕੀ ਬਰਫ਼ੀ ਅਤੇ ਸ਼ੁਭ ਮੰਗਲ ਸਾਵਧਾਨ ਅਤੇ ਕੁੱਝ ਦਿਨ ਪਹਿਲਾਂ ਰਿਲੀਜ਼ ਹੋਈ ਫ਼ਿਲਮ ਬਧਾਈ ਹੋ ਨੂੰ ਵੀ ਲੋਕ ਖ਼ੂਬ ਪਸੰਦ ਕਰ ਰਹੇ ਹਨ।
ਆਯੁਸ਼ਮਾਨ ਨੇ ਕਿਹਾ, ”ਮੈਂ ਆਪਣੇ ਛੇ ਸਾਲ ਦੇ ਕਰੀਅਰ ‘ਚ ਕਾਫ਼ੀ ਕੁੱਝ ਸਿੱਖਿਆ ਹੈ। ਮੈਂ ਇਹ ਵੀ ਜਾਣ ਗਿਆ ਹਾਂ ਕਿ ਫ਼ਿਲਮ ਦੀ ਸਫ਼ਲਤਾ ਪਿੱਛੇ ਸਕ੍ਰਿਪਟ ਦਾ ਸਭ ਤੋਂ ਵੱਡਾ ਹੱਥ ਹੁੰਦਾ ਹੈ। ਮੈਂ ਜਦੋਂ ਵੀ ਕਿਸੇ ਨਵੀਂ ਫ਼ਿਲਮ ਦੀ ਸਕ੍ਰਿਪਟ ਸੁਣਦਾ ਹਾਂ ਤਾਂ ਬਤੌਰ ਅਦਾਕਾਰ ਨਹੀਂ ਸਗੋਂ ਬਤੌਰ ਦਰਸ਼ਕ ਉਸ ਨੂੰ ਸੁਣਦਾ ਹਾਂ। ਜੇ ਮੈਨੂੰ ਬਤੌਰ ਦਰਸ਼ਕ ਇਹ ਸਕ੍ਰਿਪਟ ਸੁਣ ਕੇ ਮਜ਼ਾ ਆਉਂਦਾ ਹੋਵੇ ਤਾਂ ਹੀ ਮੈਂ ਉਸ ਫ਼ਿਲਮ ਨੂੰ ਸਾਈਨ ਕਰਦਾ ਹਾਂ।”
ਆਯੁਸ਼ਮਾਨ ਨੇ ਕਿਹਾ, ”ਮੈਂ ਇਹ ਨਹੀਂ ਦੇਖਦਾ ਕਿ ਫ਼ਿਲਮ ‘ਚ ਮੇਰਾ ਕਿੰਨਾ ਰੋਲ ਹੈ, ਮੈਂ ਕੀ ਕਰਨਾ ਹੈ? ਮੈਂ ਇਹ ਦੇਖਦਾ ਹਾਂ ਕਿ ਪੂਰੀ ਸਕ੍ਰਿਪਟ ਕਿੰਨੀ ਕੁ ਚੰਗੀ ਹੈ। ਜੇ ਸਕ੍ਰਿਪਟ ਚੰਗੀ ਹੋਵੇਗੀ ਤਾਂ ਹੀ ਉਸ ਦਾ ਮੈਨੂੰ ਲਾਭ ਹੋਵੇਗਾ। ਹਰੇਕ ਐਕਟਰ ਆਪਣੇ ਕਰੀਅਰ ਦੇ ਸ਼ੁਰੂ ਤੋਂ ਹੀ ਇੱਕ ਖ਼ਾਸ ਰਸਤੇ ‘ਤੇ ਤੁਰਨਾ ਸ਼ੁਰੂ ਕਰਦਾ ਹੈ। ਜਿਵੇਂ ਮੈਂ ਆਪਣੇ ਲਈ ਇੱਕ ਅਲੱਗ ਰਸਤਾ ਬਣਾਇਆ। ਵਿੱਕੀ ਡੋਨਰ ਤੋਂ ਲੈ ਕੇ ਹੁਣ ਮੈਂ ਅੰਧਾਧੁਨ ਤਕ ਆਪਣੇ ਸੁਰੱਖਿਅਤ ਜ਼ੋਨ ਤੋਂ ਬਾਹਰ ਆ ਗਿਆ ਹਾਂ। ਇਸੇ ਤਰ੍ਹਾਂ ਦੂਜੇ ਲੋਕ ਵੀ ਆਪਣੇ ਸੁਰੱਖਿਅਤ ਜ਼ੋਨ ‘ਚੋਂ ਬਾਹਰ ਆਉਣ ਦੀ ਕੋਸ਼ਿਸ਼ ਕਰਦੇ ਹਨ।”
ਆਯੁਸ਼ਮਾਨ ਖੁਰਾਣਾ ਦੀ ਫ਼ਿਲਮ ਅੰਧਾਧੁਨ ਹੁਣ ਤਕ ਪਰਦੇ ‘ਤੇ 100 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ, ਅਤੇ ਫ਼ਿਲਮ ਬਧਾਈ ਹੋ ਵੀ ਪਰਦੇ ‘ਤੇ ਚੰਗੀ ਸਫ਼ਲਤਾ ਹਾਸਿਲ ਕਰ ਰਹੀ ਹੈ। ਇਹ ਇੱਕ ਫ਼ੈਮਿਲੀ ਡਰਾਮਾ ਹੈ।











