ਵਿਹਲੇ ਵਕਤ ਕਿਤਾਬਾਂ ਪੜ੍ਹਦੀ ਹੈ ਯਾਮੀ ਗੌਤਮ

ਅਦਾਕਾਰ ਯਾਮੀ ਗੌਤਮ ਦਾ ਕਹਿਣਾ ਹੈ ਕਿ ਉਸ ਨੇ ਕਦੇ ਕਾਸਟਿੰਗ ਕਾਊਚ ਦਾ ਸਾਹਮਣਾ ਨਹੀਂ ਕੀਤਾ। ਬੌਲੀਵੁਡ ਦੀਆਂ ਕਈ ਅਭਿਨੇਤਰੀਆਂ ਨੇ ਕਾਸਟਿੰਗ ਕਾਊਚ ਨੂੰ ਲੈ ਕੇ ਆਪਣੀ ਰਾਏ ਰੱਖੀ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਵੀ ਕਾਸਟਿੰਗ ਕਾਊਚ ਦਾ ਸਾਹਮਣਾ ਕਰਨਾ ਪਿਆ ਹੈ। ਜਦੋਂ ਯਾਮੀ ਗੌਤਮ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ”ਮੈਂ ਅਜਿਹੀਆਂ ਚੀਜ਼ਾਂ ਬਾਰੇ ਸੁਣਿਆ ਹੈ ਪਰ ਕਦੇ ਸਾਹਮਣਾ ਨਹੀਂ ਕੀਤਾ। ਮੇਰੇ ਨਾਲ ਅਜਿਹਾ ਕਦੀ ਨਹੀਂ ਹੋਇਆ। ਜਦੋਂ ਮੈਂ ਇੰਡਸਟਰੀ ‘ਚ ਆਈ ਸੀ ਤਾਂ ਮੇਰਾ ਕੋਈ ਆਪਣਾ ਇੱਥੇ ਨਹੀਂ ਸੀ। ਮੈਂ ਸ਼ੂਟਿੰਗ ਸੈੱਟ ‘ਤੇ ਕਿਤਾਬ ਲੈ ਕੇ ਜਾਂਦੀ ਸੀ। ਜਦੋਂ ਵੀ ਵਿਹਲ ਮਿਲਦੀ ਸੀ ਤਾਂ ਮੈਂ ਆਪਣੀ ਕਿਤਾਬ ਲੈ ਕੇ ਸੈੱਟ ‘ਤੇ ਪੜ੍ਹਨ ਬੈਠ ਜਾਂਦੀ ਸੀ। ਇਹ ਮੇਰੀ ਸਾਰਿਆਂ ਲਈ ਸਲਾਹ ਵੀ ਹੈ।”
”ਯਾਮੀ ਨੇ ਕਿਹਾ ਦੂਜਾ ਇਨਸਾਨ ਕਿਸ ਤਰ੍ਹਾਂ ਦਾ ਹੈ ਅਸੀਂ ਕਿਵੇਂ ਅੰਦਾਜ਼ਾ ਲਗਾ ਸਕਦੇ ਹਾਂ ਪਰ ਦੂਰੀ ਬਣਾ ਕੇ ਚੱਲਣ ‘ਚ ਕੋਈ ਬੁਰਾਈ ਨਹੀਂ। ਮੈਂ ਇਹੀ ਕਹਾਂਗੀ ਕਿ ਹਮੇਸ਼ਾ ਸਾਰਿਆਂ ਨਾਲ ਪ੍ਰੋਫ਼ੈਸ਼ਨਲ ਸੁਭਾਅ ਨਾਲ ਗੱਲਬਾਤ ਕਰੋ। ਲੋਕਾਂ ਨਾਲ ਘੁਲਣਾ-ਮਿਲਣਾ ਠੀਕ ਹੈ ਪਰ ਹਮੇਸ਼ਾ ਸੁਚੇਤ ਰਹੋ। ਅਜਿਹਾ ਕਰਨ ਨਾਲ ਤੁਸੀਂ ਉਨ੍ਹਾਂ ਲੋਕਾਂ ਤੋਂ ਦੂਰ ਰਹਿ ਸਕਦੇ ਹੋ ਜੋ ਤੁਹਾਨੂੰ ਗ਼ਲਤ ਨਜ਼ਰ ਨਾਲ ਦੇਖਦੇ ਹਨ।” ਯਾਮੀ ਨੇ ਇਹ ਵੀ ਕਿਹਾ ਕਿ ਜੇ ਉਹ ਸਖ਼ਤ ਸੁਭਾਅ ਦੀ ਨਾ ਹੁੰਦੀ ਤਾਂ ਕਦੇ ਯਾਮੀ ਗੌਤਮ ਨਾ ਬਣ ਪਾਉਂਦੀ। ”ਮੈਨੂੰ ਆਪਣੇ ਪਰਿਵਾਰ ਨਾਲ ਪਿਆਰ ਹੈ। ਮੈਂ ਜੋ ਵੀ ਹਾਂ ਉਹ ਆਪਣੇ ਮਾਤਾ-ਪਿਤਾ ਦੀ ਵਜ੍ਹਾ ਤੋਂ ਹਾਂ।” ਹਾਲ ਹੀ ‘ਚ ਯਾਮੀ ਦੀ ਫ਼ਿਲਮ ਬੱਤੀ ਗੁੱਲ ਮੀਟਰ ਚਾਲੂ ਰਿਲੀਜ਼ ਹੋਈ ਹੈ।