ਸਰਫ਼ਰਾਜ਼ ਦੀ ਕਪਤਾਨੀ ‘ਤੇ ਪੂਰਾ ਭਰੋਸਾ: ਇੰਜ਼ਮਾਮ

ਨਵੀਂ ਦਿੱਲੀ – ਏਸ਼ੀਆ ਕੱਪ ਵਿੱਚ ਪਾਕਿਸਤਾਨ ਦੇ ਲੱਚਰ ਪ੍ਰਦਰਸ਼ਨ ਤੋਂ ਬਾਅਦ ਸਰਫ਼ਰਾਜ਼ ਅਹਿਮਦ ਦੀ ਕਪਤਾਨੀ ਨੂੰ ਲੈ ਕੇ ਪੈਦਾ ਹੋਈ ਅਨਿਸ਼ਚਿਤਤਾ ਵਿਚਾਲੇ ਟੀਮ ਦੇ ਮੁੱਖ ਚੋਣਕਰਤਾ ਇੰਜ਼ਮਾਮ ਉਲ ਹੱਕ ਨੇ ਸਾਫ਼ ਕੀਤਾ ਹੈ ਕਿ ਉਸ ਨੂੰ ਸਰਫ਼ਰਾਜ ਦੀ ਕਪਤਾਨੀ ‘ਤੇ ਪੂਰਾ ਭਰੋਸਾ ਹੈ। ਇੱਕ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਇੰਜ਼ਮਾਮ ਨੇ ਕਿਹਾ, ”ਸਰਫ਼ਰਾਜ਼ ਅਤੇ ਪਾਕਿਸਤਾਨ ਨੇ ਸਾਡੀ ਉਮੀਦ ਮੁਤਾਬਿਕ ਪ੍ਰਦਰਸ਼ਨ ਨਹੀਂ ਕੀਤਾ, ਪਰ ਉਸ ਦੀ ਕਪਤਾਨੀ ਨੂੰ ਲੈ ਕੇ ਕੋਈ ਸਵਾਲ ਹੀ ਨਹੀਂ।”
ਜ਼ਿਕਰਯੋਗ ਹੈ ਕਿ 31 ਸਾਲਾ ਸਰਫ਼ਰਾਜ਼ ਇਸ ਸਮੇਂ ਤਿੰਨੋਂ ਫ਼ੌਰਮੈਟਸ ਵਿੱਚ ਪਾਕਿਸਤਾਨ ਦੀ ਅਗਵਾਈ ਕਰ ਰਿਹਾ ਹੈ। ਮੁੱਖ ਚੋਣ ਕਰਤਾ ਇੰਜ਼ਮਾਮ ਨੇ ਟੀਮ ਦੇ ਪ੍ਰਦਰਸ਼ਨ ਨੂੰ ਲੈ ਕੇ ਕਿਹਾ, ”ਮੈਂ ਉਮੀਦ ਕਰਦਾ ਹਾਂ ਕਿ ਆਉਣ ਵਾਲੀ ਸੀਰੀਜ਼ ਵਿੱਚ ਟੀਮ ਸਕਿਲਜ਼ ਦਾ ਬਿਹਤਰ ਪ੍ਰਦਰਸ਼ਨ ਕਰੇਗੀ। ਇਸ ਵਿਚਾਲੇ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਅਤੇ ਤੇਜ਼ ਗੇਂਦਬਾਜ਼ ਸ਼ੋਇਬ ਅਖ਼ਤਰ ਨੇ ਕਿਹਾ, ”ਸਰਫ਼ਰਾਜ਼ ਜੇਕਰ ਪਾਕਿਸਤਾਨੀ ਟੀਮ ਦੀ ਅਗਵਾਈ ਕਰਨਾ ਜਾਰੀ ਰੱਖਣਾ ਚਾਹੁੰਦਾ ਹੈ ਤਾਂ ਉਸ ਨੂੰ ਹਿੰਮਤ ਵਾਲੇ ਫ਼ੈਸਲੇ ਲੈਣੇ ਹੋਣਗੇ, ਖ਼ਾਸਕਰ ਜਦੋਂ ਆਖ਼ਰੀ 11 ਖਿਡਾਰੀ ਚੁਣਨ ਦੀ ਗੱਲ ਹੋਵੇ।”
ਪਾਕਿਸਤਾਨ ਨੂੰ ਹੁਣ ਆਸਟਰੇਲੀਆ ਨਾਲ ਦੋ ਮੈਚਾਂ ਦੀ ਟੈੱਸਟ ਸੀਰੀਜ਼ ਖੇਡਣੀ ਹੈ। ਇਸ ਸੀਰੀਜ਼ ਦਾ ਪਹਿਲਾ ਮੈਚ 7 ਅਕਤੂਬਰ ਅਤੇ ਦੂਜਾ ਮੈਚ 16 ਅਕਤੂਬਰ ਨੂੰ ਖੇਡਿਆ ਜਾਣਾ ਹੈ। ਟੈੱਸਟ ਸੀਰੀਜ਼ ਤੋਂ ਬਾਅਦ ਪਾਕਿਸਤਾਨ ਆਸਟਰੇਲੀਆ ਨਾਲ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਵੀ ਖੇਡੇਗਾ। ਇਸ ਤੋਂ ਬਾਅਦ ਪਾਕਿਸਤਾਨ ਨੂੰ ਨਿਊ ਜ਼ੀਲੈਂਡ ਨਾਲ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਵੀ ਖੇਡਣੀ ਹੈ।