ਨਵੀਂ ਦਿੱਲੀ – ਬੰਗਲਾਦੇਸ਼ ਕ੍ਰਿਕਟ ਕਪਤਾਨ ਸ਼ੁਕਿਬ ਅਲ ਹਸਨ ਜ਼ਖ਼ਮੀ ਹੋਣ ਕਾਰਨ ਤਿੰਨ ਮਹੀਨੇ ਲਈ ਕ੍ਰਿਕਟ ਮੈਦਾਨ ਤੋਂ ਬਾਹਰ ਹੋ ਗਿਆ ਹੈ। ਵੈੱਬਸਾਈਟ ਈ.ਐੱਸ.ਪੀ.ਐੱਨ ਦੀ ਇੱਕ ਰਿਪੋਰਟ ਅਨੁਸਾਰ, ਖੱਬੇ ਹੱਥ ਦੀ ਉਂਗਲੀ ‘ਚ ਲੱਗੀ ਸੱਟ ਦਾ ਦਰਦ ਵੱਧ ਗਿਆ ਅਤੇ ਇਸ ਕਾਰਨ ਉਸ ਦੀ ਸਰਜਰੀ ਕਰਨੀ ਪਈ। ਡਾਕਟਰਾਂ ਦਾ ਕਹਿਣਾ ਹੈ ਕਿ ਸ਼ਾਕਿਬ ਨੂੰ ਸਰਜਰੀ ਲਈ ਤਿੰਨ ਮਹੀਨੇ ਤਕ ਰੁਕਣਾ ਪਵੇਗਾ ਜਿਸ ਕਾਰਨ ਤਿੰਨ ਮਹੀਨਿਆਂ ਤਕ ਉਹ ਕ੍ਰਿਕਟ ਜਗਤ ਤੋਂ ਬਾਹਰ ਰਹੇਗਾ। ਪ੍ਰੋਥਮ ਆਲੋ ਦੇ ਦਿੱਤੇ ਬਿਆਨ ‘ਚ ਸ਼ਾਕਿਬ ਨੇ ਕਿਹਾ, ”ਮੈਂ ਜਿਵੇਂ ਹੀ ਹਸਪਤਾਲ ਪਹੁੰਚਿਆ ਮੈਨੂੰ ਡਾਕਟਰਾਂ ਨੇ ਕਿਹਾ ਕਿ ਉਂਗਲੀ ਦੀ ਪਸ ਛੇਤੀ ਤੋਂ ਛੇਤੀ ਕੱਢਣੀ ਪਵੇਗੀ ਕਿਉਂਕਿ ਉਹ ਮੇਰੇ ਗੁੱਟ ਤਕ ਪਹੁੰਚ ਗਈ ਸੀ। ਜੇਕਰ ਮੈਂ ਕੁੱਝ ਹੋਰ ਦਿਨ ਇੰਤਜ਼ਾਰ ਕਰਦਾ ਤਾਂ ਮੇਰਾ ਗੁੱਟ ਖ਼ਰਾਬ ਹੋ ਸਕਦਾ ਸੀ।”
ਸ਼ਾਕਿਬ ਨੇ ਕਿਹਾ, ”ਪਸ ਨਿਕਲਣ ਤੋਂ ਬਾਅਦ ਮੈਨੂੰ ਵਧੀਆ ਮਹਿਸੂਸ ਹੋਇਆ, ਪਰ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਪਸ ਪੂਰੀ ਤਰ੍ਹਾਂ ਨਾਲ ਖ਼ਤਮ ਹੋਏ ਬਗ਼ੈਰ ਉਂਗਲੀ ਦੀ ਸਰਜਰੀ ਨਹੀਂ ਹੋ ਸਕਦੀ, ਅਤੇ ਇਸ ‘ਚ ਦੋ ਤੋਂ ਤਿੰਨ ਮਹੀਨੇ ਦਾ ਸਮਾਂ ਲੱਗੇਗਾ। ਸਰਜਰੀ ਤੋਂ ਬਾਅਦ ਮੈਨੂੰ ਠੀਕ ਹੋਣ ਲਈ ਅੱਠ ਮਹੀਨੇ ਦਾ ਸਮਾਂ ਲੱਗੇਗਾ। ਇਸ ਦਾ ਸਾਫ਼ ਮਤਲਬ ਇਹ ਹੈ ਕਿ ਮੈਂ ਲੱਗਭਗ ਤਿੰਨ ਮਹੀਨੇ ਲਈ ਕ੍ਰਿਕਟ ਮੈਦਾਨ ਤੋਂ ਬਾਹਰ ਹੋ ਗਿਆ ਹਾਂ।” ਵਰਣਨਯੋਗ ਹੈ ਕਿ ਏਸ਼ੀਆ ਕੱਪ ਦੌਰਾਨ ਸ਼ਾਕਿਬ ਦੀ ਉਂਗਲੀ ਜ਼ਖ਼ਮੀ ਹੋਈ ਸੀ, ਅਤੇ ਉਸ ਨੂੰ ਤੁਰੰਤ ਸਵਦੇਸ਼ ਭੇਜ ਦਿੱਤਾ ਗਿਆ ਸੀ।











