ਨਵੀਂ ਦਿੱਲੀ – ਧਾਕੜ ਔਫ਼ ਸਪਿਨਰ ਹਰਭਜਨ ਸਿੰਘ ਨੇ ਕਿਹਾ ਕਿ ਐੱਮ. ਐੱਸ. ਕੇ. ਪ੍ਰਸਾਦ ਦੀ ਅਗਵਾਈ ਵਾਲੀ ਚੋਣ ਕਮੇਟੀ ਦੇ ਰਾਸ਼ਟਰੀ ਟੀਮ ਚੋਣ ਦੇ ਮਾਪਦੰਡ ਉਸ ਦੀ ਸਮਝ ਤੋਂ ਪਰੇ ਹਨ। ਚੋਣਕਾਰਾਂ ਨੇ ਅਫ਼ਗ਼ਾਨਿਸਤਾਨ ਅਤੇ ਇੰਗਲੈਂਡ ਵਿਰੁੱਧ ਟੀਮ ਦਾ ਹਿੱਸਾ ਰਹੇ ਕਰੁਣ ਨਾਇਰ ਨੂੰ ਲਗਾਤਾਰ 6 ਮੈਚਾਂ ਵਿੱਚ ਆਖ਼ਰੀ 11 ਵਿੱਚ ਮੌਕਾ ਦਿੱਤੇ ਬਿਨਾਂ ਵੈੱਸਟ ਇੰਡੀਜ਼ ਖ਼ਿਲਾਫ਼ ਟੈੱਸਟ ਲੜੀ ਲਈ ਚੁਣੀ ਗਈ ਟੀਮ ਵਿੱਚੋਂ ਬਾਹਰ ਕਰ ਦਿੱਤਾ ਹੈ।
ਹਰਭਜਨ ਨੇ ਕਿਹਾ, ”ਇਹ ਅਜਿਹਾ ਭੇਦ ਹੈ ਜਿਸ ਨੂੰ ਹੱਲ ਕਰਨ ਦੀ ਲੋੜ ਹੈ। ਤਿੰਨ ਮਹੀਨੇ ਤਕ ਬੈਂਚ ‘ਤੇ ਬੈਠਾ ਖਿਡਾਰੀ ਇੰਨਾ ਬੁਰਾ ਕਿਵੇਂ ਹੋ ਸਕਦਾ ਹੈ ਕਿ ਉਹ ਟੀਮ ਵਿੱਚ ਬਣੇ ਰਹਿਣ ਦੇ ਯੋਗ ਵੀ ਨਹੀਂ ਰਹਿ ਗਿਆ?”
ਭੱਜੀ ਨੇ ਕਿਹਾ, ”ਯਕੀਨ ਮੰਨੋ, ਰਾਸ਼ਟਰੀ ਟੀਮ ਦੀ ਚੋਣ ਲਈ ਇਹ ਚੋਣ ਕਮੇਟੀ ਜਿਸ ਤਰ੍ਹਾਂ ਦਾ ਮਾਪਦੰਡ ਅਪਨਾ ਰਹੀ ਹੈ, ਉਸ ਤੋਂ ਮੈਨੂੰ ਉਸ ਦੀ ਸੋਚ ‘ਤੇ ਤਰਸ ਆਉਂਦਾ ਹੈ। ਉਸ ਨੇ ਕਿਹਾ, ”ਮੈਨੂੰ ਲੱਗਦਾ ਹੈ ਕਿ ਵੱਖ-ਵੱਖ ਖਿਡਾਰੀਆਂ ਦੀ ਚੋਣ ਲਈ ਵੱਖ-ਵੱਖ ਪੈਮਾਨਾ ਅਪਨਾਇਆ ਜਾ ਰਿਹਾ ਹੈ। ਕੁੱਝ ਖਿਡਾਰੀ ਅਜਿਹੇ ਹਨ ਜਿਨ੍ਹਾਂ ਨੂੰ ਸਫ਼ਲ ਹੋਣ ਲਈ ਕਈ ਮੌਕੇ ਦਿੱਤੇ ਜਾਂਦੇ ਹਨ ਜਦਕਿ ਦੂਜਿਆਂ ਨੂੰ ਅਸਫ਼ਲ ਹੋਣ ਲਈ ਵੀ ਮੌਕਾ ਨਹੀਂ ਮਿਲ ਰਿਹਾ। ਇਹ ਸਹੀ ਨਹੀਂ।”











